ਓਨਟਾਰੀਓ ‘ਚ ਮਸਜਿਦ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕੰਧਾਂ ਕੀਤੀਆਂ ਗਈਆਂ ਕਾਲੀਆਂ

Prabhjot Kaur
2 Min Read

ਟੋਰਾਂਟੋ: ਇਰਾਨ ‘ਚ ਹਿਜਾਬ ਨੂੰ ਲੈ ਕੇ ਹੋ ਰਹੇ ਸੰਘਰਸ਼ ਦਾ ਅਸਰ ਕੈਨੇਡਾ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨੀਂ ਇਕ ਅਣਪਛਾਤੇ ਵਿਅਕਤੀ ਨੇ ਓਨਟਾਰੀਓ ਦੇ ਥੋਰਨਹਿਲ ਸ਼ਹਿਰ ਦੀ ਮਸਜਿਦ ਦੀਆਂ ਕੰਧਾਂ ਕਾਲੀਆਂ ਕਰ ਦਿੱਤੀਆਂ। ਉਸ ਨੇ ਮਸਜਿਦ ਦੀਆਂ ਕੰਧਾਂ ‘ਤੇ ਇਰਾਨ ਵਿਰੋਧੀ ਨਾਅਰੇ ਲਿਖੇ ਅਤੇ ਇਰਾਨ ਸਰਕਾਰ ਦਾ ਏਜੰਟ ਹੋਣ ਦਾ ਦੋਸ਼ ਵੀ ਲਾਇਆ।

ਦੂਜੇ ਪਾਸੇ ਟੋਰਾਂਟੋ ਦੇ ਡਾਊਨ ਟਾਊਨ ਵਿਖੇ ਇਕ ਵਿਅਕਤੀ ਵੱਲੋਂ ਘੱਟੋ-ਘੱਟ 21 ਗੱਡੀਆਂ ‘ਤੇ ਸਵਾਸਤਿਕ ਦੇ ਨਿਸ਼ਾਨ ਬਣਾਏ ਜਾਣ ਦੀ ਰਿਪੋਰਟ ਹੈ। ਮਾਮਲੇ ਦੀ ਜਾਂਚ ਕਰ ਰਹੀ ਯਾਰਕ ਰੀਜਨਲ ਪੁਲਿਸ ਨੇ ਸ਼ੱਕੀ ਦੀਆਂ ਤਸਵੀਰਾਂ ਜਾਰੀ ਕਰਦਿਆਂ ਇਸ ਦੀ ਪਛਾਣ ਲਈ ਮਦਦ ਮੰਗੀ ਹੈ। ਪੁਲਿਸ ਨੇ ਦੱਸਿਆ ਕਿ ਥੋਰਨਹਿਲ ਦੇ ਬੇਅਵਿਊ ਇਲਾਕੇ ਵਿਚ ਸਥਿਤ ਇਮਾਮ ਮਾਹਦੀ ਇਸਲਾਮਿਕ ਸੈਂਟਰ ਦੀਆਂ ਕੰਧਾਂ ‘ਤੇ ਤਿੰਨ ਥਾਂਵਾਂ ‘ਤੇ ਫ਼ਾਰਸੀ ‘ਚ ਨਾਅਰੇ ਲਿਖੇ ਹੋਏ ਸਨ ਜੋ ਸਿੱਧੇ ਤੌਰ ‘ਤੇ ਇਰਾਨ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਾ ਵਿਰੋਧ ਕਰਦੇ ਮਹਿਸੂਸ ਹੋਏ।

ਪੁਲਿਸ ਮੁਤਾਬਕ ਨਾਅਰੇ ਲਿਖਣ ਤੋਂ ਬਾਅਦ ਵਿਅਕਤੀ ਉਥੋਂ ਚਲੇ ਗਿਆ ਪਰ ਉਸ ਦੀਆਂ ਤਸਵੀਰਾਂ ਸੁਰੱਖਿਆ ਕੈਮਰੇ ‘ਚ ਕੈਦ ਹੋ ਗਈਆਂ। ਨਾਅਰੇ ਲਿਖਣ ਵਾਲੇ ਵਿਅਕਤੀ ਦੀ ਪਛਾਣ ਬਿਆਨ ਕਰਦਿਆਂ ਪੁਲਿਸ ਨੇ ਦੱਸਿਆ ਕਿ ਉਸ ਨੇ ਸ਼ਾਰਟ ਜੈਕਟ, ਬੇਸਬਾਲ ਕੈਪ, ਜੀਨਜ਼ ਪਹਿਨੀ ਹੋਈ ਸੀ। ਇਸੇ ਦੌਰਾਨ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਨੇ ਵੀਰਵਾਰ ਨੂੰ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਇਕਵਾਰ ਫਿਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੌਂਸਲ ਦੀ ਮੁੱਖ ਸੰਚਾਲਕ ਨਾਦੀਆ ਹਸਨ ਨੇ ਕਿਹਾ ਕਿ ਲੋਕ ਮਨਘੜਤ ਕਹਾਣੀਆਂ ਰਾਹੀਂ ਥਰਨਹਿਲ ਦੀ ਮਸਜਿਦ ਨੂੰ ਇਰਾਨ ਸਰਕਾਰ ਦੇ ਏਜੰਟ ਦੱਸ ਰਹੇ ਹਨ। ਸਿਰਫ਼ ਐਨਾ ਹੀ ਨਹੀਂ ਮਸਜਿਦ ‘ਤੇ ਬੰਬ ਹਮਲੇ ਦੀ ਧਮਕੀ ਵੀ ਮਿਲ ਚੁੱਕੀ ਹੈ ਅਤੇ ਇਥੋਂ ਦੇ ਸੇਵਾਦਾਰਾਂ ਨੂੰ ਵੀ ਧਮਕਾਇਆ ਜਾ ਰਿਹਾ ਹੈ। ਲੰਮੇ ਸਮੇਂ ਤੋਂ ਇਸਲਾਮਿਕ ਸੈਂਟਰ ਦੀ ਮੈਂਬਰ ਨਾਇਰਾ ਨੇ ਕਿਹਾ ਕਿ ਭਾਵੇਂ ਇਰਾਨੀ ਲੋਕਾਂ ਅਤੇ ਉਥੋਂ ਦੀ ਸਰਕਾਰ ਵਿਚਾਲੇ ਟਕਰਾਅ ਚੱਲ ਰਿਹਾ ਹੈ ਪਰ ਕੈਨੇਡਾ ਵਿਚ ਸ਼ਾਂਤਮਈ ਤਰੀਕੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਮਸਜਿਦਾਂ ਨੂੰ ਨੁਕਸਾਨ ਪਹੁੰਚਾਉਣ ਦੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

Share this Article
Leave a comment