ਬੰਗਲਾਦੇਸ਼ ‘ਚ ਨਿਪਾਹ ਵਾਇਰਸ ਕਾਰਨ ਔਰਤ ਦੀ ਮੌਤ

Global Team
2 Min Read

ਬੰਗਲਾਦੇਸ਼: ਨਿਪਾਹ ਵਾਇਰਸ ਕਾਰਨ ਬੰਗਲਾਦੇਸ਼ ‘ਚ ਇੱਕ ਔਰਤ ਦੀ ਮੌਤ ਹੋ ਗਈ ਹੈ। WHO ਨੇ ਔਰਤ ਦੀ ਮੌਤ ਦੀ ਪੁਸ਼ਟੀ ਕੀਤੀ ਹੈ। WHO ਨੇ ਦੱਸਿਆ ਕਿ ਬੰਗਲਾਦੇਸ਼ ਵਿੱਚ 40 ਤੋਂ 50 ਸਾਲ ਦੀ ਇੱਕ ਮਰੀਜ਼ ਵਿੱਚ 21 ਜਨਵਰੀ ਨੂੰ ਨਿਪਾਹ ਵਾਇਰਸ ਦੇ ਲੱਛਣ ਦਿਖਾਈ ਦਿੱਤੇ, ਜਿਸ ਵਿੱਚ ਬੁਖਾਰ ਅਤੇ ਸਿਰਦਰਦ ਤੋਂ ਬਾਅਦ ਮੂੰਹ ਵਿੱਚੋਂ ਜ਼ਿਆਦਾ ਲਾਰ ਆਉਣਾ ਅਤੇ ਦੌਰੇ ਪੈਣਾ ਸ਼ਾਮਲ ਸਨ। ਇੱਕ ਹਫ਼ਤੇ ਬਾਅਦ ਉਸਦੀ ਮੌਤ ਹੋ ਗਈ। ਔਰਤ ਦਾ ਕੋਈ ਯਾਤਰਾ ਇਤਿਹਾਸ ਨਹੀਂ ਸੀ, ਪਰ ਟੈਸਟਾਂ ਤੋਂ ਪਤਾ ਲੱਗਾ ਕਿ ਉਸਨੇ ਕੱਚੀ ਖਜੂਰ ਦਾ ਰਸ ਪੀਤਾ ਸੀ।

WHO ਨੇ ਕਿਹਾ ਕਿ ਮਰੀਜ਼ ਦੇ ਸੰਪਰਕ ਵਿੱਚ ਆਏ ਸਾਰੇ 35 ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਵਾਇਰਸ ਲਈ ਟੈਸਟ ਨੈਗੇਟਿਵ ਆਏ ਹਨ, ਅਤੇ ਹੁਣ ਤੱਕ ਕੋਈ ਵਾਧੂ ਕੇਸ ਸਾਹਮਣੇ ਨਹੀਂ ਆਇਆ ਹੈ।

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਏਸ਼ੀਆ ਵਿੱਚ ਹਵਾਈ ਅੱਡਿਆਂ ‘ਤੇ ਸਕ੍ਰੀਨਿੰਗ ਵਧਾ ਦਿੱਤੀ ਗਈ ਹੈ। ਦੋ ਹਫ਼ਤੇ ਪਹਿਲਾਂ ਹੀ ਭਾਰਤ ਵਿੱਚ ਅਜਿਹੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਦੋਵੇਂ ਹੀ ਪੱਛਮੀ ਬੰਗਾਲ ਦੇ 24 ਪਰਗਨਾ ਦੇ ਰਹਿਣ ਵਾਲੇ ਸਿਹਤ ਕਰਮਚਾਰੀ ਸਨ। ਨਿਪਾਹ ਸੰਕਰਮਿਤ ਚਮਗਿੱਦੜਾਂ ਦੁਆਰਾ ਦੂਸ਼ਿਤ ਚੀਜ਼ਾਂ, ਜਿਵੇਂ ਕਿ ਫਲ, ਰਾਹੀਂ ਫੈਲਦਾ ਹੈ। ਇਹ 75 ਪ੍ਰਤੀਸ਼ਤ ਮਾਮਲਿਆਂ ਵਿੱਚ ਘਾਤਕ ਹੋ ਸਕਦਾ ਹੈ, ਪਰ ਇਹ ਲੋਕਾਂ ਵਿੱਚ ਆਸਾਨੀ ਨਾਲ ਨਹੀਂ ਫੈਲਦਾ।

ਭਾਰਤ ਵਿੱਚ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੀ ਮਲੇਸ਼ੀਆ, ਥਾਈਲੈਂਡ, ਇੰਡੋਨੇਸ਼ੀਆ ਸਮੇਤ ਕਈ ਦੇਸ਼ਾਂ ਨੇ ਹਵਾਈ ਅੱਡਿਆਂ ‘ਤੇ ਸਕ੍ਰੀਨਿੰਗ ਲਾਗੂ ਕਰ ਦਿੱਤੀ ਸੀ। WHO ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਬਿਮਾਰੀ ਫੈਲਣ ਦਾ ਖਤਰਾ ਘੱਟ ਮੰਨਿਆ ਜਾਂਦਾ ਹੈ ਅਤੇ ਉਹ ਮੌਜੂਦਾ ਜਾਣਕਾਰੀ ਦੇ ਆਧਾਰ ‘ਤੇ ਕਿਸੇ ਵੀ ਯਾਤਰਾ ਜਾਂ ਵਪਾਰਕ ਪਾਬੰਦੀ ਦੀ ਸਿਫਾਰਸ਼ ਨਹੀਂ ਕਰਦਾ ਹੈ। 2025 ਵਿੱਚ, ਬੰਗਲਾਦੇਸ਼ ਵਿੱਚ ਲੈਬ ਵਿੱਚ ਪੁਸ਼ਟੀ ਕੀਤੇ ਗਏ ਚਾਰ ਜਾਨਲੇਵਾ ਮਾਮਲੇ ਸਾਹਮਣੇ ਆਏ ਸਨ।

WHO ਅਨੁਸਾਰ ਹੱਥਾਂ ਨੂੰ ਨਿਯਮਿਤ ਰੂਪ ਵਿੱਚ ਸਾਬਣ ਅਤੇ ਪਾਣੀ ਨਾਲ ਧੋਣ, ਫਲਾਇੰਗ ਫਾਕਸ ਚਮਗਿੱਦੜਾਂ ਜਾਂ ਬਿਮਾਰ ਸੂਰਾਂ ਤੋਂ ਦੂਰੀ ਬਣਾ ਕੇ ਰੱਖਣ, ਚਮਗਿੱਦੜਾਂ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚਣ ਅਤੇ ਚਮਗਿੱਦੜਾਂ ਦੇ ਜੂਠੇ ਫਲ ਜਾਂ ਹੋਰ ਚੀਜ਼ਾਂ ਨੂੰ ਛੂਹਣ ਅਤੇ ਖਾਣ ਤੋਂ ਪਰਹੇਜ਼ ਕਰਕੇ ਇਸ ਇਨਫੈਕਸ਼ਨ (ਸੰਕਰਮਣ) ਤੋਂ ਬਚਿਆ ਜਾ ਸਕਦਾ ਹੈ।

 

Share This Article
Leave a Comment