ਚੰਡੀਗੜ੍ਹ : ਹਰਿਆਣਾ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਣੂ ਭਾਟੀਆ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਦਰਅਸਲ, ਉਨ੍ਹਾਂ ਦੇ ਇੱਕ ਬਿਆਨ ‘ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ, ਜਿਸ ਤੋਂ ਬਾਅਦ ਪੂਰੇ ਸੂਬੇ ਦੀਆਂ ਨਰਸਾਂ ਹੜਤਾਲ ‘ਤੇ ਚਲੀਆਂ ਗਈਆਂ ਸਨ। ਇਸ ਦੌਰਾਨ ਉਨ੍ਹਾਂ ਨੇ ਰੇਣੂ ਭਾਟੀਆ ਦੇ ਅਸਤੀਫ਼ੇ ਦੀ ਮੰਗ ਵੀ ਚੁੱਕੀ ਸੀ।
ਰੇਣੂ ਭਾਟੀਆ ਨੇ ਭਾਵੇਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੋਵੇ, ਪਰ ਉਨ੍ਹਾਂ ਨੇ ਕਿਹਾ ਕਿ ‘ਮੈਂ ਮਾਫ਼ੀ ਨਹੀਂ ਮੰਗਾਂਗੀ’। ਉਨ੍ਹਾਂ ਕਿਹਾ ਕਿ ਮੈਂ ਭਰੋਸਾ ਦਿਵਾਉਂਦੀ ਹਾਂ ਕਿ ਮੈਂ ਔਰਤਾਂ ਦੇ ਅਧਿਕਾਰਾਂ ਅਤੇ ਸਨਮਾਨ ਦੀ ਲੜਾਈ ਹਮੇਸ਼ਾ ਲੜਦੀ ਰਹਾਂਗੀ।
ਦੱਸ ਦੇਈਏ ਕਿ ਬੀਤੇ ਦਿਨੀਂ ਕੁਰੂਕਸ਼ੇਤਰ ਦੇ ਐੱਲ.ਐੱਨ.ਜੀ.ਪੀ. (LNGP) ਸਰਕਾਰੀ ਹਸਪਤਾਲ ਵਿੱਚ ਇੱਕ ਬੱਚੀ ਨਾਲ ਗਲਤ ਹਰਕਤ ਹੋਈ ਸੀ। ਹਸਪਤਾਲ ਦੇ ਇੱਕ ਡਾਕਟਰ ‘ਤੇ ਇਸ ਦੇ ਦੋਸ਼ ਲੱਗੇ ਸਨ। ਪੁਲਿਸ ਨੇ ਮੁਲਜ਼ਮ ਡਾਕਟਰ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਇਸੇ ਮਾਮਲੇ ਵਿੱਚ ਰੇਣੂ ਭਾਟੀਆ ਬੀਤੇ ਦਿਨੀਂ ਹਸਪਤਾਲ ਪਹੁੰਚੀ ਸੀ ਅਤੇ ਉਨ੍ਹਾਂ ਨੇ ਉੱਥੇ ਮੌਜੂਦ ਨਰਸਾਂ ਨੂੰ ਫਿਟਕਾਰ ਲਗਾਈ ਸੀ। ਰੇਣੂ ਭਾਟੀਆ ਨੇ ਨਰਸਾਂ ਨੂੰ ਸਵਾਲ ਕੀਤਾ ਸੀ ਕਿ ਉਹ ਘਟਨਾ ਦੌਰਾਨ ਮੌਕੇ ‘ਤੇ ਕਿਉਂ ਨਹੀਂ ਸਨ ਅਤੇ ਉਨ੍ਹਾਂ ਨੇ ਬੇਟੀ ਨੂੰ ਇਕੱਲਿਆਂ ਡਾਕਟਰ ਕੋਲ ਕਿਉਂ ਰਹਿਣ ਦਿੱਤਾ? ਰੇਣੂ ਭਾਟੀਆ ਦੇ ‘ਤੁਹਾਡੀ ਬੇਟੀ ਨੂੰ ਕਿਸੇ ਦੇ ਨਾਲ ਕਮਰੇ ਵਿੱਚ ਛੱਡ ਦਵਾਂ’ ਵਾਲੇ ਬਿਆਨ ਨਾਲ ਵਿਵਾਦ ਹੋਰ ਵਧ ਗਿਆ ਸੀ।
ਉਨ੍ਹਾਂ ਦੇ ਇਸੇ ਬਿਆਨ ਨੂੰ ਲੈ ਕੇ ਨਰਸਿੰਗ ਸਟਾਫ਼ ਵਿੱਚ ਨਾਰਾਜ਼ਗੀ ਸੀ ਅਤੇ ਮੰਗਲਵਾਰ ਨੂੰ ਪੂਰੇ ਰਾਜ ਵਿੱਚ ਨਰਸਿੰਗ ਸਟਾਫ਼ ਦੋ ਘੰਟੇ ਲਈ ਹੜਤਾਲ ‘ਤੇ ਰਿਹਾ। ਨਰਸਿੰਗ ਸਟਾਫ਼ ਦੀ ਮੰਗ ਸੀ ਕਿ ਰੇਣੂ ਭਾਟੀਆ ਆਪਣੇ ਬਿਆਨ ‘ਤੇ ਮਾਫ਼ੀ ਮੰਗਣ ਅਤੇ ਅਹੁਦੇ ਤੋਂ ਅਸਤੀਫ਼ਾ ਦੇਣ।
ਰੇਣੂ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਕਰੀਬ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਪ੍ਰਧਾਨ ਵਜੋਂ ਕੰਮ ਕੀਤਾ। ਉਨ੍ਹਾਂ ਨੇ ਇਸ ਮੌਕੇ ਲਈ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਅਤੇ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਪ੍ਰਗਟਾਇਆ। ਪੱਤਰ ਵਿੱਚ ਉਨ੍ਹਾਂ ਨੇ ਕਿਹਾ ਕਿ ਔਰਤਾਂ ਦੇ ਅਧਿਕਾਰਾਂ ਅਤੇ ਸਨਮਾਨ ਦੀ ਲੜਾਈ ਉਹ ਭਵਿੱਖ ਵਿੱਚ ਵੀ ਨਿਰੰਤਰ ਲੜਦੀ ਰਹੇਗੀ।
ਉਨ੍ਹਾਂ ਇਹ ਵੀ ਲਿਖਿਆ ਕਿ ਜੇਕਰ ਭਵਿੱਖ ਵਿੱਚ ਉਨ੍ਹਾਂ ਨੂੰ ਕਿਸੇ ਹੋਰ ਅਹੁਦੇ ‘ਤੇ ਨਿਯੁਕਤ ਕੀਤਾ ਜਾਂਦਾ ਹੈ, ਤਾਂ ਉਹ ਉਸ ਦੀ ਜ਼ਿੰਮੇਵਾਰੀ ਵੀ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਰੇਣੂ ਭਾਟੀਆ ਨੇ ਆਪਣੇ ਪੱਤਰ ਵਿੱਚ ਸਪੱਸ਼ਟ ਕੀਤਾ ਕਿ ਉਹ ਮੌਜੂਦਾ ਸਮੇਂ ਵਿੱਚ ਮਹਿਲਾ ਕਮਿਸ਼ਨ ਦੇ ਪ੍ਰਧਾਨ ਅਹੁਦੇ ਤੋਂ ਤਿਆਗ ਪੱਤਰ ਦੇ ਰਹੇ ਹਨ ਅਤੇ ਮੁੱਖ ਮੰਤਰੀ ਨੂੰ ਇਸ ਨੂੰ ਸਵੀਕਾਰ ਕਰਨ ਦੀ ਬੇਨਤੀ ਕੀਤੀ ਹੈ।

