ਰੋਹਤਕ: ਹਰਿਆਣਾ ਦੇ ਰੋਹਤਕ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 20 ਸਾਲਾ ਨੌਜਵਾਨ ਨੇ ਕਥਿਤ ਤੌਰ ’ਤੇ ਆਪਣੀ 40 ਸਾਲਾ ਮਾਂ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਹ ਮਾਂ ਦੀ ਮ੍ਰਿਤਕ ਦੇਹ ਘਰ ਦੇ ਵਿਹੜੇ ਵਿੱਚ ਛੱਡ ਕੇ ਖੁਦ ਸਦਰ ਥਾਣੇ ਪਹੁੰਚ ਗਿਆ। ਪੁਲਿਸ ਮੁਤਾਬਕ ਨੌਜਵਾਨ ਨੇ ਥਾਣੇ ਜਾ ਕੇ ਕਿਹਾ ਕਿ ਉਸ ਨੇ ਆਪਣੀ ਮਾਂ ਨੂੰ ਮਾਰ ਦਿੱਤਾ ਹੈ ਅਤੇ ਪੁਲਿਸ ਜਾ ਕੇ ਲਾਸ਼ ਦੇਖ ਲਵੇ।
ਘਰ ਦੇ ਵਿਹੜੇ ’ਚ ਮਿਲੀ ਔਰਤ ਦੀ ਲਾਸ਼
ਸੂਚਨਾ ਮਿਲਦੇ ਹੀ ਪੁਲਿਸ ਟੀਮ ਬ੍ਰਾਹਮਣਵਾਸ ਪਿੰਡ ਪਹੁੰਚੀ। ਇੱਥੇ ਘਰ ਦੇ ਵਿਹੜੇ ਵਿੱਚ ਔਰਤ ਦੀ ਲਾਸ਼ ਪਈ ਹੋਈ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਵਿੱਚ ਰਖਵਾ ਦਿੱਤਾ।
ਮ੍ਰਿਤਕ ਔਰਤ ਦੀ ਪਛਾਣ 40 ਸਾਲਾ ਪਿੰਕੀ ਵਜੋਂ ਹੋਈ ਹੈ। ਉਸ ਦਾ ਪੇਕਾ ਪਾਣੀਪਤ ਦੇ ਬਾਂਧ ਪਿੰਡ ਵਿੱਚ ਹੈ।
2002 ਵਿੱਚ ਹੋਇਆ ਸੀ ਵਿਆਹ
ਪਿੰਕੀ ਦਾ ਵਿਆਹ ਸਾਲ 2002 ਵਿੱਚ ਰੋਹਤਕ ਦੇ ਬ੍ਰਾਹਮਣਵਾਸ ਪਿੰਡ ਦੇ ਰਹਿਣ ਵਾਲੇ ਦੇਵੇਂਦਰ ਸਿੰਘ ਨਾਲ ਹੋਇਆ ਸੀ। ਦੇਵੇਂਦਰ ਗੁਜਰਾਤ ਦੀ ਇੱਕ ਨਿੱਜੀ ਕੰਪਨੀ ਵਿੱਚ ਇੰਜੀਨੀਅਰ ਵਜੋਂ ਕੰਮ ਕਰਦਾ ਹੈ।
ਵਿਆਹ ਤੋਂ ਬਾਅਦ ਦੋਵਾਂ ਦੇ ਤਿੰਨ ਬੱਚੇ ਹੋਏ। ਸਭ ਤੋਂ ਵੱਡਾ ਪੁੱਤਰ ਪ੍ਰਿੰਸ ਹੈ, ਜਦਕਿ ਦੋ ਧੀਆਂ ਵੀ ਹਨ। ਤਿੰਨੇ ਬੱਚੇ ਸੋਨੀਪਤ ਵਿੱਚ ਆਪਣੇ ਦਾਦਾ-ਦਾਦੀ ਨਾਲ ਰਹਿੰਦੇ ਹਨ।
ਮਾਂ ਦੇ ਵੱਖ ਰਹਿਣ ਨੂੰ ਲੈ ਕੇ ਸੀ ਨਾਰਾਜ਼ਗੀ
ਦੱਸਿਆ ਜਾ ਰਿਹਾ ਹੈ ਕਿ ਪਿੰਕੀ ਆਪਣੇ ਸਹੁਰਿਆਂ ਨਾਲ ਨਹੀਂ ਬਣਦੀ ਸੀ, ਜਿਸ ਕਾਰਨ ਉਹ ਆਪਣੇ ਪਤੀ ਦੇ ਪੁਸ਼ਤੈਨੀ ਘਰ ਵਿੱਚ ਵੱਖ ਰਹਿ ਰਹੀ ਸੀ। ਦੂਜੇ ਪਾਸੇ ਉਸ ਦਾ ਪੁੱਤਰ ਪ੍ਰਿੰਸ ਮਾਂ ਦੇ ਇਸ ਤਰ੍ਹਾਂ ਵੱਖ ਰਹਿਣ ਤੋਂ ਨਾਰਾਜ਼ ਸੀ।
ਜਾਣਕਾਰੀ ਮੁਤਾਬਕ ਪ੍ਰਿੰਸ ਹਰ ਐਤਵਾਰ ਆਪਣੀ ਮਾਂ ਨੂੰ ਮਿਲਣ ਲਈ ਬ੍ਰਾਹਮਣਵਾਸ ਆਉਂਦਾ ਸੀ। 6 ਸਤੰਬਰ ਨੂੰ ਵੀ ਉਹ ਮਾਂ ਨੂੰ ਮਿਲਣ ਪਹੁੰਚਿਆ ਸੀ। ਦੋਸ਼ ਹੈ ਕਿ ਇਸ ਦੌਰਾਨ ਦੋਵਾਂ ਵਿਚਾਲੇ ਬਹਿਸ ਹੋ ਗਈ ਅਤੇ ਪ੍ਰਿੰਸ ਨੇ ਪਿੰਕੀ ਦੀ ਛਾਤੀ ’ਤੇ ਬੈਠ ਕੇ ਚੁੰਨੀ ਨਾਲ ਉਸ ਦਾ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਉਹ ਸਿੱਧਾ ਸਦਰ ਥਾਣੇ ਪਹੁੰਚ ਗਿਆ।
ਪਿਤਾ ਨੇ ਜਵਾਈ ’ਤੇ ਲਗਾਏ ਗੰਭੀਰ ਦੋਸ਼
ਪਿੰਕੀ ਦੇ ਪਿਤਾ ਰਾਮਨਿਵਾਸ ਨੇ ਆਪਣੇ ਜਵਾਈ ਦੇਵੇਂਦਰ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਮੁਤਾਬਕ ਦੇਵੇਂਦਰ ਗੁਜਰਾਤ ਵਿੱਚ ਨੌਕਰੀ ਕਰਦਾ ਹੈ ਅਤੇ ਉਸ ਦੀ ਤਨਖਾਹ ਕਰੀਬ ਡੇਢ ਲੱਖ ਰੁਪਏ ਹੈ।
ਰਾਮਨਿਵਾਸ ਦਾ ਦੋਸ਼ ਹੈ ਕਿ ਦੇਵੇਂਦਰ ਜਦੋਂ ਵੀ ਘਰ ਆਉਂਦਾ ਸੀ ਤਾਂ ਪਿੰਕੀ ਨਾਲ ਮਾਰਕੁੱਟ ਕਰਦਾ ਸੀ। ਉਨ੍ਹਾਂ ਕਿਹਾ ਕਿ ਸਹੁਰਿਆਂ ਵੱਲੋਂ ਕਥਿਤ ਤੌਰ ’ਤੇ ਕੀਤੀ ਜਾ ਰਹੀ ਤੰਗ-ਪਰੇਸ਼ਾਨੀ ਕਾਰਨ ਹੀ ਪਿੰਕੀ ਵੱਖ ਰਹਿਣ ਲੱਗੀ ਸੀ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਥਾਣੇ ਵਿੱਚ ਸ਼ਿਕਾਇਤਾਂ ਦਿੱਤੀਆਂ ਗਈਆਂ ਅਤੇ ਪੰਚਾਇਤਾਂ ਵੀ ਹੋਈਆਂ ਸਨ।
ਪਿਤਾ ਨੇ ਦੋਸ਼ ਲਗਾਇਆ ਕਿ ਦੇਵੇਂਦਰ ਨੇ ਹੀ ਪ੍ਰਿੰਸ ਨੂੰ ਭੇਜ ਕੇ ਪਿੰਕੀ ਦੀ ਹੱਤਿਆ ਕਰਵਾਈ ਹੈ।
ਪਤੀ ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ
ਰੋਹਤਕ ਪੁਲਿਸ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਪਿੰਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਅਤੇ ਹੋਰਨਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103(1) ਅਤੇ 3(5) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਪਿੰਕੀ ਦੇ ਪੁੱਤਰ ਪ੍ਰਿੰਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

