ਰੇਵਾੜੀ : ਖੇਤੀ ਕਾਨੂੰਨ ਖਿਲਾਫ਼ ਅੱਜ ਰਾਜਸਥਾਨ ਦੇ ਕਿਸਾਨਾਂ ਵੱਲੋਂ ਦਿੱਲੀ-ਜੈਪੁਰ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਹੈ। ਜਿਸ ਦੇ ਸਮਰਥਨ ਵਿੱਚ ਪੰਜਾਬ, ਹਰਿਆਣਾ ਦੇ ਕਿਸਾਨ ਵੀ ਨਿੱਤਰ ਆਏ ਹਨ। ਇਸ ਚੱਕਾ ਜਾਮ ਨੂੰ ਲੈ ਕੇ ਰਾਜਸਥਾਨ ਦੇ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਪਰ ਰਸਤੇ ਵਿੱਚ ਹਰਿਆਣਾ ਪੁਲਿਸ ਵੱਲੋਂ ਰੇਵਾੜੀ ਨੇੜੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਜੈਸਿੰਘਪੁਰ ਖੇੜਾ ਬੌਰਡਰ ‘ਤੇ ਹਰਿਆਣਾ ਪੁਲਿਸ ਨੇ ਦਿੱਲੀ ਵੱਲ ਵੱਧ ਰਹੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਹਰਿਆਣਾ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਵਾਲਾ ਪਾਣੀ ਦੀਆਂ ਬੌਛਾੜਾਂ ਕਰਨ ਵਾਲੀਆਂ ਗੱਡੀਆਂ ਵੀ ਮੌਜੂਦ ਹਨ।
ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰਾਜਸਥਾਨ-ਹਰਿਆਣਾ ਸਰਹੱਦ ‘ਤੇ ਪੁਲਿਸ ਵੱਲੋਂ ਰੋਕ ਲਿਆ ਗਿਆ। ਖੇਤੀ ਕਾਨੂੰਨ ਖਿਲਾਫ਼ ਦਿੱਲੀ-ਜੈਪੁਰ ਹਾਈਵੇ ਜਾਮ ਕਰਨ ਦਾ ਸੱਦਾ 12 ਦਸੰਬਰ ਨੂੰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਇਸ ਪ੍ਰੋਗਰਾਮ ਵਿੱਚ ਬਦਲਾਅ ਕਰਦੇ ਹੋਏ 13 ਦਸੰਬਰ ਨੂੰ ਸਵੇਰੇ 11 ਵਜੇ ਦਾ ਰੱਖਿਆ ਸੀ। ਇਸ ਸੱਦੇ ਤੋਂ ਬਾਅਦ ਵੱਡੀ ਗਿਣਤੀ ‘ਚ ਬਜ਼ੁਰਗ, ਔਰਤਾਂ, ਨੌਜਵਾਨ ਅਤੇ ਬੱਚੇ ਪ੍ਰਦਰਸ਼ਨ ਕਰਨ ਲਈ ਨਿੱਤਰੇ।