ਚੰਡੀਗੜ੍ਹ: ਆਮ ਤੌਰ ‘ਤੇ ਲੋਕ ਦਸੰਬਰ ਅਤੇ ਜਨਵਰੀ ਦੀ ਕੜਾਕੇ ਦੀ ਠੰਡ ਤੋਂ ਬਚਣ ਲਈ ਗਰਮ ਕੱਪੜੇ ਪਹਿਨਦੇ ਹਨ, ਪਰ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਡੇਰੋਲੀ ਅਹੀਰ ਪਿੰਡ ਦੇ ਰਹਿਣ ਵਾਲੇ 60 ਸਾਲਾ ਸੰਤਲਾਲ ਦੀ ਜ਼ਿੰਦਗੀ ਇਸ ਤੋਂ ਬਿਲਕੁਲ ਉਲਟ ਹੈ।
ਸੰਤਲਾਲ ਸਰਦੀਆਂ ਦੇ ਦਿਨਾਂ ਵਿੱਚ ਸਿਰਫ਼ ਕੁੜਤਾ-ਪਜਾਮਾ ਪਹਿਨਦੇ ਹਨ ਅਤੇ ਬਰਫ਼ ਵਰਗੇ ਠੰਡੇ ਪਾਣੀ ਨਾਲ ਨਹਾਉਂਦੇ ਹਨ। ਠੰਡ ਦੇ ਮੌਸਮ ਖੁਦ ਨੂੰ ਆਰਾਮ ਦੇਣ ਲਈ ਉਹ ਕਈ ਘੰਟਿਆਂ ਤੱਕ ਬਰਫ਼ ਦੀਆਂ ਸਿਲਾਂ ‘ਤੇ ਲੇਟ ਜਾਂਦੇ ਹਨ।
ਗਰਮੀਆਂ ਵਿੱਚ ਗਰਮ ਕੱਪੜੇ ਅਤੇ ਕੰਬਲ ਦਾ ਸਹਾਰਾ
ਦੂਜੇ ਪਾਸੇ, ਮਈ, ਜੂਨ ਅਤੇ ਜੁਲਾਈ ਵਰਗੀ ਗਰਮੀ ਵਿੱਚ ਸੰਤਲਾਲ ਗਰਮ ਕੱਪੜੇ ਪਹਨਿਦੇ ਹਨ ਅਤੇ ਮੋਟਾ ਕੰਬਲ ਲੈਂਦੇ ਹਨ। ਸਰੀਰ ਨੂੰ ਗਰਮ ਰੱਖਣ ਲਈ ਉਹ ਅੱਗ ਕੋਲ ਬੈਠਦੇ ਹਨ। ਉਹ ਦੱਸਦੇ ਹਨ ਕਿ ਇਹ ਹਾਲਤ ਉਨ੍ਹਾਂ ਨਾਲ ਬਚਪਨ ਤੋਂ ਹੀ ਹੈ, ਪਰ ਇਸ ਦੇ ਬਾਵਜੂਦ ਉਹ ਕਦੇ ਬਿਮਾਰ ਨਹੀਂ ਹੋਏ।
ਡਾਕਟਰਾਂ ਨੇ ਦੱਸਿਆ ਦੁਰਲੱਭ ਸਿਹਤ ਸਮੱਸਿਆ ਦਾ ਮਾਮਲਾ
ਨਾਰਨੌਲ ਦੇ ਡਿਪਟੀ ਸਿਵਲ ਸਰਜਨ ਡਾ. ਅਸ਼ੋਕ ਕੁਮਾਰ ਮੁਤਾਬਕ ਸੰਤਲਾਲ ਕੁਝ ਸਾਲ ਪਹਿਲਾਂ ਇਲਾਜ ਲਈ ਹਸਪਤਾਲ ਆਏ ਸਨ। ਉਨ੍ਹਾਂ ਨੂੰ ਅੱਗੇ ਜਾਂਚ ਲਈ ਰੋਹਤਕ ਦੇ PGIMS ਭੇਜਿਆ ਗਿਆ ਸੀ।
ਡਾਕਟਰਾਂ ਦਾ ਮੰਨਣਾ ਹੈ ਕਿ ਇਹ ਦਿਮਾਗ ਦੇ ਉਸ ਹਿੱਸੇ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ ਜੋ ਸਰੀਰ ਦਾ ਤਾਪਮਾਨ ਨਿਯੰਤਰਿਤ ਕਰਦੀ ਹੈ।
ਬਚਪਨ ਤੋਂ ਸ਼ੁਰੂ ਹੋਈ ਇਹ ਹਾਲਤ
ਸੰਤਲਾਲ ਮੁਤਾਬਕ ਉਨ੍ਹਾਂ ਦੇ ਪਿਤਾ ਨੂੰ ਪਹਿਲੀ ਵਾਰ ਇਸ ਹਾਲਤ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਸਕੂਲ ਦੌਰਾਨ ਗਰਮੀਆਂ ਵਿੱਚ ਵੀ ਉਨ੍ਹਾਂ ਨੂੰ ਬਹੁਤ ਠੰਡ ਮਹਿਸੂਸ ਹੋਈ। ਉਹ ਇਲਾਜ ਲਈ ਜੈਪੁਰ ਵੀ ਗਏ, ਪਰ ਡਾਕਟਰ ਬਿਮਾਰੀ ਦੀ ਪਛਾਣ ਨਹੀਂ ਕਰ ਸਕੇ।
ਸਮੇਂ ਦੇ ਨਾਲ ਗਰਮੀਆਂ ਵਿੱਚ ਗਰਮ ਕੱਪੜੇ ਪਾਉਣਾ ਅਤੇ ਸਰਦੀਆਂ ਵਿੱਚ ਹਲਕੇ ਕੱਪੜਿਆਂ ਨਾਲ ਰਹਿਣਾ ਉਨ੍ਹਾਂ ਦੀ ਆਮ ਜ਼ਿੰਦਗੀ ਦਾ ਹਿੱਸਾ ਬਣ ਗਿਆ।
ਸੰਤਲਾਲ ਦਾ ਕਹਿਣਾ ਹੈ ਕਿ ਜਦੋਂ ਤਾਪਮਾਨ 5 ਡਿਗਰੀ ਤੋਂ ਹੇਠਾਂ ਜਾਂਦਾ ਹੈ ਤਾਂ ਉਨ੍ਹਾਂ ਨੂੰ ਬਰਫ਼ ਦੀ ਲੋੜ ਪੈਂਦੀ ਹੈ ਅਤੇ 40 ਡਿਗਰੀ ਤੋਂ ਉੱਪਰ ਹੋਣ ‘ਤੇ ਅੱਗ ਕੋਲ ਬੈਠਣਾ ਪੈਂਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਕਾਰਨ ਉਹ ਸਖ਼ਤ ਸਰਦੀਆਂ ਅਤੇ ਗਰਮੀਆਂ ਵਿੱਚ ਕੰਮ ਨਹੀਂ ਕਰ ਸਕਦੇ। ਪਰਿਵਾਰ ਨੂੰ ਸਰਦੀਆਂ ਵਿੱਚ ਬਰਫ਼ ਅਤੇ ਗਰਮੀਆਂ ਵਿੱਚ ਲੱਕੜ ‘ਤੇ ਵਾਧੂ ਖਰਚ ਕਰਨਾ ਪੈਂਦਾ ਹੈ।
ਪਰਿਵਾਰ ਦਾ ਸਾਥ, ਸਰਕਾਰੀ ਮਦਦ ਦੀ ਉਮੀਦ
ਸੰਤਲਾਲ ਦੀ ਪਤਨੀ ਬਿਮਲਾ ਨੇ ਕਿਹਾ ਕਿ ਸ਼ੁਰੂ ਵਿੱਚ ਇਸ ਹਾਲਤ ਨਾਲ ਤਾਲਮੇਲ ਬਿਠਾਉਣਾ ਔਖਾ ਸੀ, ਪਰ ਹੁਣ ਉਹ ਇਸ ਦੀ ਆਦੀ ਹੋ ਗਈ ਹੈ।
ਉਨ੍ਹਾਂ ਦੇ ਛੋਟੇ ਭਰਾ ਸਰਜੀਤ ਨੇ ਕਿਹਾ ਕਿ ਇਸ ਹਾਲਤ ਕਾਰਨ ਸੰਤਲਾਲ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਰਕਾਰ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਸੰਤਲਾਲ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਇਸ ਅਨੋਖੀ ਹਾਲਤ ‘ਤੇ ਡਾਕੂਮੈਂਟਰੀ ਬਣਾਉਣ ਲਈ ਲੰਦਨ ਅਤੇ ਦੱਖਣੀ ਅਫਰੀਕਾ ਤੋਂ ਮੀਡੀਆ ਟੀਮਾਂ ਵੀ ਪਿੰਡ ਆ ਚੁੱਕੀਆਂ ਹਨ।

