ਕਰਨਾਲ – ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਇੱਕ ਹੋਰ ਦੌਰ ਦੀ ਅਹਿਮ ਮੀਟਿੰਗ ਹੋਵੇਗੀ। ਇਹ ਮੀਟਿੰਗ ਸ਼ਨੀਵਾਰ ਯਾਨੀ ਅੱਜ ਸਵੇਰੇ 9 ਵਜੇ ਮਿੰਨੀ ਸੈਕਟਰੀਏਟ ‘ਚ ਹੋਵੇਗੀ।
ਬੀਤੀ ਸ਼ਾਮ ਚਾਰ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਕਿਸਾਨ ਖਿੜੇ ਚਿਹਰਿਆਂ ਦੇ ਨਾਲ ਬਾਹਰ ਆਏ। ਕਿਸਾਨਾਂ ਨੇ ਦਾਅਵਾ ਕੀਤਾ ਸੀ ਕਿ ਮੀਟਿੰਗ ਸਕਾਰਾਤਮਕ ਰਹੀ ਹੈ, ਜਿਸ ਨੂੰ ਦੇਖਦਿਆਂ ਅੱਜ ਹੱਲ੍ਹ ਨਿਕਲਣ ਦੀ ਉਮੀਦ ਜਤਾਈ ਜਾ ਰਹੀ ਹੈ। ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਵੀ ਗੱਲਬਾਤ ਕਰਨਗੇ ਕਿਉਂਕਿ ਮੀਟਿੰਗ ਵਿੱਚ ਜਿਨ੍ਹਾਂ ਬਿੰਦੂਆਂ ਤੇ ਪ੍ਰਸ਼ਾਸਨ ਅੜਿਆ ਹੋਇਆ ਸੀ ਉਸ ‘ਤੇ ਮੋਰਚਾ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਵੱਡਾ ਫ਼ੈਸਲਾ ਲਵੇਗਾ।
ਦੱਸ ਦਈਏ ਗੁਰਨਾਮ ਸਿੰਘ ਚੜੂਨੀ ਨੇ ਬੀਤੀ ਸ਼ਾਮ ਬੈਠਕ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਪ੍ਰਸ਼ਾਸਨ ਕੁਝ ਮੰਗਾਂ ‘ਤੇ ਹਾਲੇ ਤੱਕ ਅੜਿਆ ਹੋਇਆ ਹੈ ਪਰ ਬਾਕੀ ਮੀਟਿੰਗ ਸਕਾਰਾਤਮਕ ਰਹੀ।
ਜ਼ਿਕਰਯੋਗ ਹੈ ਕਿ 28 ਅਗਸਤ ਨੂੰ ਕਰਨਾਲ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨ ਮੰਗਲਵਾਰ ਨੂੰ ਕਰਨਾਲ ਦੀ ਦਾਣਾ ਮੰਡੀ ਵਿੱਚ ਮਹਾਂਪੰਚਾਇਤ ਲਈ ਇਕੱਠੇ ਹੋਏ ਸਨ ਤੇ ਮਿਨੀ ਸਕੱਤਰੇਤ ਦੇ ਸਾਹਮਣੇ ਧਰਨੇ ‘ਤੇ ਬੈਠੇ ਹਨ। ਜਥੇਬੰਦੀਆਂ ਦੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਕਿਸਾਨਾਂ ‘ਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਧਿਕਾਰੀ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ।