Home / News / ਪੰਜਾਬ ‘ਚ ਫੁੱਟ ਪਾਊ ਸਾਜ਼ਿਸ਼ਾਂ ਨੂੰ ਹੱਲਾਸ਼ੇਰੀ ਦੇਣ ਲਈ ਭਾਜਪਾ ਨੇ ਅਮਰਿੰਦਰ ਅਤੇ ਢੀਂਡਸਾ ਵਰਗੇ ਨਵੇਂ ਸਹਿਯੋਗੀ ਲੱਭੇ : ਚੰਨੀ

ਪੰਜਾਬ ‘ਚ ਫੁੱਟ ਪਾਊ ਸਾਜ਼ਿਸ਼ਾਂ ਨੂੰ ਹੱਲਾਸ਼ੇਰੀ ਦੇਣ ਲਈ ਭਾਜਪਾ ਨੇ ਅਮਰਿੰਦਰ ਅਤੇ ਢੀਂਡਸਾ ਵਰਗੇ ਨਵੇਂ ਸਹਿਯੋਗੀ ਲੱਭੇ : ਚੰਨੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਪਣੇ ਵੰਡ-ਪਾਊ ਏਜੰਡੇ ਦੀ ਪੂਰਤੀ ਲਈ ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਖਾਲੀ ਹੋਈ ਜਗ੍ਹਾ ਨੂੰ ਭਰਨ ਲਈ ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵਰਗੇ ਨਵੇਂ ਸਹਿਯੋਗੀ ਲੱਭ ਲਏ ਹਨ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੇ ਖੁਲਾਸੇ ਕਿ ਭਾਜਪਾ ਕੈਪਟਨ ਅਮਰਿੰਦਰ ਸਿੰਘ ਅਤੇ ਵੱਖ ਹੋਏ ਅਕਾਲੀ ਧੜੇ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਗਠਜੋੜ ਨੂੰ ਅੰਤਿਮ ਰੂਪ ਦੇ ਰਹੀ ਹੈ ‘ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸਨੇ ਭਾਰਤੀ ਜਨਤਾ ਪਾਰਟੀ ਦੇ ਵੰਡ-ਪਾਊ ਏਜੰਡੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਭਾਵ ਨੂੰ 2019 ਵਿੱਚ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ।

ਭਾਜਪਾ ਨੇ ਆਪਣੇ ਕਿਸਾਨ ਵਿਰੋਧੀ ਏਜੰਡੇ ਵਿੱਚ ਅਕਾਲੀ ਦਲ ਦੀ ਵਰਤੋਂ ਤਿੰਨ ਕਾਲੇ ਕਾਨੂੰਨ ਲਾਗੂ ਕਰਨ ਲਈ ਕੀਤੀ, ਜਿਨ੍ਹਾਂ ਨੂੰ ਰੱਦ ਕਰਨ ਲਈ ਧਰਮ ਨਿਰਪੱਖ ਕਿਸਾਨ ਸੰਘਰਸ਼ ਨੇ ਮੋਦੀ ਨੂੰ ਮਜਬੂਰ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਕਾਨੂੰਨਾਂ ਦਾ ਜ਼ੋਰਦਾਰ ਸਮਰਥਨ ਕੀਤਾ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਨਾਪਾਕ ਲੋਕ ਵਿਰੋਧੀ ਮਨਸੂਬਿਆਂ ਨੂੰ ਲਾਗੂ ਕਰਨ ਲਈ ਇਸ ਦੇ ਪੱਕੇ ਏਜੰਟ ਵਜੋਂ ਕੰਮ ਕਰ ਰਹੇ ਹਨ।”

ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਭਾਜਪਾ ਦੀ ਮੂਲ ਸੰਸਥਾ ਆਰ.ਐਸ.ਐਸ. ਦੀ ਮਦਦ ਕਰਨ ਅਤੇ ਇਸ ਦੇ ਪੰਜਾਬ ਵਿੱਚ ਪੈਰ ਪਸਾਰਨ ਲਈ ਅਕਾਲੀ ਦਲ ਨੇ ਭਾਜਪਾ ਦੇ ਮੋਹਰੀ ਵਜੋਂ ਕੰਮ ਕਰਦਾ ਰਿਹਾ ਅਤੇ ਆਰ.ਐਸ.ਐਸ. ਵੱਲੋਂ ਸਿੱਖ ਇਤਿਹਾਸ ਅਤੇ ਵਿਚਾਰਧਾਰਾ ਨੂੰ ਵੀ ਵਿਗਾੜਨ ਦੀ ਹੱਦ ਤੱਕ ਕੋਸ਼ਿਸ਼ ਕੀਤੀ ਗਈ ਅਤੇ ਇਸ ਸੰਸਥਾ ਵੱਲੋਂ ਇੱਕ ਦਹਾਕਾ ਪਹਿਲਾਂ ਛਾਪਿਆ ਗਿਆ ਸਾਹਿਤ ਇਸ ਦੇ ਉਸੇ ਏਜੰਡੇ ਦਾ ਸਬੂਤ ਹੈ। ਅਕਾਲੀ ਦਲ ਨੇ ਕਦੇ ਵੀ ਇਸ ਦਾ ਵਿਰੋਧ ਨਹੀਂ ਕੀਤਾ।

ਚੰਨੀ ਨੇ ਕਿਹਾ ਕਿ ਅਕਾਲੀ ਦਲ ਨੇ ਦਹਾਕਿਆਂ ਤੋਂ ਸੰਘੀ ਢਾਂਚੇ ਦੇ ਹਮਾਇਤੀ ਹੋਣ ਦੇ ਬਾਵਜੂਦ ਭਾਜਪਾ ਦੀਆਂ ਕੇਂਦਰੀਕਰਨ ਅਤੇ ਸੱਭਿਆਚਾਰਕ ਸਮਰੂਪਤਾ ਦੀਆਂ ਨੀਤੀਆਂ ਨੂੰ ਪੂਰਾ ਸਮਰਥਨ ਦਿੱਤਾ।

ਪੰਜਾਬ ਦੇ ਹਿੱਤ ਪਹਿਲਾਂ ਅਕਾਲੀ ਦਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਭਾਜਪਾ ਕੋਲ ਗਿਰਵੀ ਰੱਖੇ ਗਏ, ਜਿਨ੍ਹਾਂ 1996 ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ, ਜੋ ਸਿਰਫ 13 ਦਿਨ ਚੱਲੀ ਸੀ, ਬਣਾਉਣ ਵਾਸਤੇ ਅਟਲ ਬਿਹਾਰੀ ਵਾਜਪਾਈ ਨੂੰ ਬਿਨਾਂ ਸ਼ਰਤ ਸਮਰਥਨ ਦੇ ਕੇ ਇਸ ਗਠਜੋੜ ਲਈ ਰਾਹ ਪੱਧਰਾ ਕੀਤਾ ਸੀ। ਬਾਦਲ ਨੇ ਬਿਨਾਂ ਸ਼ਰਤ ਸਮਰਥਨ ਦੇ ਕੇ ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਕੀਤਾ ਸੀ। ਇਸ ਤਰ੍ਹਾਂ ਕਰਕੇ ਬਾਦਲ ਨੇ ਪੰਜਾਬ ਦਾ ਸੌਦਾ ਹੀ ਕੀਤਾ ਸੀ।

ਉਨ੍ਹਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ, ਜੋ ਮੁੱਖ ਮੰਤਰੀ ਹੁੰਦਿਆਂ ਅਹਿਮ ਮੁੱਦਿਆਂ ‘ਤੇ ਮੋਦੀ ਸਰਕਾਰ ਦਾ ਬਚਾਅ ਕਰਨ ਅਤੇ ਲੋਕ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਸਰਗਰਮ ਰਹੇ, ਹੁਣ ਇਸ ਖਤਰਨਾਕ ਭੂਮਿਕਾ ਨੂੰ ਨਿਭਾਉਣ ਲਈ ਤਿਆਰ-ਬਰ-ਤਿਆਰ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਤੱਕ ਭਾਜਪਾ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਨਿਭਾਈ ਗਈ ਭੂਮਿਕਾ ਨੂੰ ਦੇਖਦੇ ਹੋਏ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਹ ਭਾਜਪਾ ਦੇ ਸਹਿਯੋਗੀ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਬਦਲ ਬਨਣਗੇ।

Check Also

ਬਹੁਜਨ ਸਮਾਜ ਪਾਰਟੀ ਨੇ ਐਲਾਨੇ 14 ਸੀਟਾਂ ਤੋਂ  ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ …

Leave a Reply

Your email address will not be published. Required fields are marked *