‘ਹਰਿਆਣਾ ਸਰਕਾਰ ਨੂੰ 1925 ਦਾ ਗੁਰਦੁਆਰਾ ਐਕਟ ਤੋੜ ਕੇ ਆਪਣਾ ਵੱਖਰਾ ਕਾਨੂੰਨ ਬਣਾਉਣ ਦਾ ਹੱਕ ਨਹੀਂ’

Rajneet Kaur
4 Min Read

ਚੰਡੀਗੜ੍ਹ : ਹਰਿਆਣਾ ਸਰਕਾਰ ਨੂੰ 1925 ਦਾ ਗੁਰਦੁਆਰਾ ਐਕਟ ਤੋੜ ਕੇ ਆਪਣਾ ਵੱਖਰਾ ਕਾਨੂੰਨ ਬਣਾਉਣ ਦਾ ਕੋਈ ਹੱਕ ਨਹੀਂ ਹੈ, ਜੋ ਕਿ ਚੁਣੇ ਹੋਏ ਸੰਗਤਾਂ ਵੱਲੋਂ ਚੁਣੇ ਹੋਏ ਮੈਂਬਰਾਂ ਨੂੰ ਹਟਾ ਕੇ ਧੱਕੇ ਨਾਲ ਗੁਰਦੁਆਰਾ ਸਾਹਿਬਾਨ ‘ਤੇ ਆਪਣੇ ਹੱਥਠੋਕਿਆਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ।  ਜਦੋਂ ਤੋਂ ਦੇਸ਼ ਅੰਦਰ ਭਾਜਪਾ ਦੀਆਂ ਸਰਕਾਰਾਂ ਦੀ ਸਥਾਪਤੀ ਹੋਈ ਹੈ, ਉਦੋਂ ਤੋਂ ਲੈ ਕੇ ਆਰ.ਐਸ.ਐਸ. ਦੇ ਇਸ਼ਾਰੇ ਤੇ ਘੱਟ ਗਿਣਤੀ ਦੀ ਆਵਾਜ਼ ਨੂੰ ਦਬਾਉਣ ਲਈ ਕੋਝੇ ਹੱਥਕੰਡੇ ਵਰਤੇ ਜਾ ਰਹੇ ਹਨ।ਉਹਨਾਂ ਦੀ ਭਾਸ਼ਾ, ਪਹਿਰਾਵਾ, ਸੰਸਕਾਰ, ਇਤਿਹਾਸ ਇਥੋਂ ਤੱਕ ਕਿ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਵੱਧ ਰਿਹਾ ਹੈ।ਉਹਨਾਂ ਦੇ ਧਾਰਮਿਕ ਅਸਥਾਨਾਂ ਤੇ ਆਰ.ਐਸ.ਐਸ. ਦੇ ਪ੍ਰਭਾਵ ਵਾਲੇ ਪ੍ਰਬੰਧਕਾਂ ਨੂੰ ਧੱਕੇ ਨਾਲ ਬੈਠਾਉਣ ਦੀ ਮੁਹਿਮ ਚਲ ਰਹੀ ਹੈ, ਜਿਸ ਤਹਿਤ ਧਾਰਮਿਕ ਤੌਰ ‘ਤੇ ਘੌਰ ਬੇਅਦਬੀਆਂ ਦਾ ਵਰਤਾਰਾ ਵਰਤ ਰਿਹਾ ਹੈ ਜਿਵੇਂ ਕਿ ਪਿਛਲੇ ਦਿਨੀਂ ਅਦਾਲਤਾਂ ਨੂੰ ਪ੍ਰਭਾਵਤ ਕਰਕੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਕਮੇਟੀ ਨੂੰ ਕਮਜ਼ੋਰ ਕਰਨ ਲਈ ਹਰਿਆਣਾ ਵਿੱਚ ਵੱਖਰੀ ਕਮੇਟੀ ਦਾ ਗਠਨ ਅਤੇ ਉਸ ਤੋਂ ਬਾਅਦ ਜਬਰੀ ਗੁਰਦੁਆਰਿਆਂ ਤੇ ਕਬਜੇ ਅਤੇ ਬੇਅਦਬੀ ਦੀਆਂ ਘਟਨਾਵਾਂ, ਸਿੱਖਾਂ ਦੀਆਂ ਭਾਵਨਾਵਾਂ ਦਾ ਵੱਡਾ ਖਿਲਵਾੜ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸੂਬੇ ਦੀਆਂ ਸਿੱਖ ਸੰਸਥਾਵਾਂ ਅਤੇ ਸੰਗਤ ਦੇ ਨੁਮਾਇੰਦਿਆਂ ਵੱਲੋਂ ਅੱਜ ਇਥੇ ਪ੍ਰੈੱਸ ਕਲੱਬ ਵਿੱਚ ਇੱਕ ਪ੍ਰੈੱਸ ਮਿਲਣੀ ਦੌਰਾਨ ਕੀਤਾ ਗਿਆ।

ਹਰਿਆਣਾ ਦੀ ਲੀਡਰਸ਼ਿਪ ਨੇ ਕਿਹਾ ਕਿ ਅੱਜ ਜਦੋਂ ਅਸੀਂ ਸਿੱਖ ਕੌਮ ਦੇ ਇਤਿਹਾਸ ਪੰਨੇ ਫਰੋਲਦੇ ਹਾਂ ਤਾਂ ਇਹਨਾਂ ਦਿਨਾਂ ਵਿੱਚ ਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਜਿਸਨੂੰ ਅੰਗ੍ਰੇਜਾਂ ਦੇ ਪਿੱਠੂ ਨਰੈਣੂ ਮਹੰਤ ਤੋਂ ਅਜਾਦ ਕਰਵਾਉਣ ਲਈ ਸਿੱਖਾਂ ਵੱਲੋਂ ਇੱਕ ਸ਼ਾਂਤਮਈ ਮੋਰਚਾ ਲਾਇਆ ਗਿਆ ਸੀ ਜਿਸ ਵਿੱਚ 200 ਦੇ ਕਰੀਬ ਨਿਹੱਥੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ।ਅੱਜ ਜਦ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਖੱਟੜ ਵੱਲੋਂ ਮਹੰਤ ਕਰਮਜੀਤ ਸਿੰਘ ਅਤੇ ਆਰ.ਐਸ.ਐਸ. ਦੇ ਏਜੰਟ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬਾਨ ਤੇ ਧਾੜਵੀ ਬਣਕੇ ਗੋਲਕਾਂ ਤੋੜਨਾ ਅਤੇ ਸਿੱਖ ਸੰਗਤ ‘ਤੇ ਹਮਲਾਵਰ ਹੋ ਕੇ ਉਹਨਾਂ ਨੂੰ ਕੁੱਟਣਾ ਮਾਰਨਾ ਅਤੇ ਪੁਲਿਸ ਦੇ ਹਵਾਲੇ ਕਰਨ ਵਾਲੀ ਘਟਨਾ ਨੇ ਨਰੈਣੂ ਮਹੰਤ ਦੀ ਕਰਤੂਤ ਨੂੰ ਅੱਜ ਤਾਜ਼ਾ ਕੀਤਾ ਹੈ।ਉਹਨਾਂ ਜ਼ਿਕਰ ਕੀਤਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਮਰਯਾਦਾ ਦਾ ਘਾਣ ਚਲਦੇ ਕੀਰਤਨ ਦੌਰਾਨ ਕਟਰਾਂ ਨਾਲ ਜਿੰਦੇ ਤੋੜ ਗੋਲਕ ਤੇ ਕਬਜਾ, ਨਿਹੱਥੇ ਸਿੱਖਾਂ ਤੇ ਤਸ਼ੱਦਤ ਅਤੇ ਖੱਟਰ ਸਰਕਾਰ ਦੀ ਪੁਲਿਸ ਵੱਲੋਂ ਬੂਟਾਂ ਸਮੇਂ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਦੀ ਘਟਨਾ ਨੇ ਸਿੱਖ ਜਗਤ ਅਤੇ ਖ਼ਾਸ ਕਰਕੇ ਹਰਿਆਣਾ ਦੇ ਸਿੱਖਾਂ ਅੰਦਰ ਭਾਰੀ ਰੋਸ ਪੈਦਾ ਕਰ ਦਿੱਤਾ ਹੈ।ਅੱਜ ਹਰਿਆਣਾ ਦੀ ਸਮੁੱਚੀ ਸਿੱਖ ਸੰਗਤ ਅਜਿਹੀ ਕਾਰਵਾਈ ਦਾ ਡੱਟਕੇ ਵਿਰੋਧ ਕਰਦੇ ਹਾਂ।ਉਥੇ ਦੇਸ਼ ਅਤੇ ਵਿਦੇਸ਼ ਅੰਦਰ ਵਸਦੇ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਆਰ.ਐਸ.ਐਸ. ਵੱਲੋਂ ਬਿਠਾਏ ਆਪਣੇ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਨੂੰ ਆਜਾਦ ਕਰਵਾਉਣ ਅਤੇ ਮਰਯਾਦਾ ਦੀ ਘੋਰ ਉਲੰਘਣਾ ਖਿਲਾਫ ਅਰੰਭੀ ਲੜਾਈ ਵਿੱਚ ਸਾਡਾ ਸਾਥ ਦੇਣ। ਸਿੱਖ ਕੌਮ ਦੀ ਮਹਾਨ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵਾਪਰੀਆਂ ਘਟਨਾਵਾਂ ਅਤੇ ਸੰਗਤਾਂ ਦੇ ਮੰਨ ਦੀ ਵੇਦਨਾ ਨੂੰ ਪਹੁੰਚਾਉਣ ਲਈ ਆਉਦੇ ਦਿਨਾਂ ਵਿੱਚ ਹਰਿਆਣਾ ਦੀਆਂ ਸੰਗਤਾਂ, ਸਿੱਖ ਜਥੇਬੰਦੀਆਂ ਅਤੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣਗੇ।ਇਸ ਸਮੇਂ ਉਹਨਾਂ ਸਿੱਖ ਸੰਸਥਾਵਾਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment