ਪੰਜਾਬੀ ਫਿਲਮ ‘ਸ਼ੂਟਰ’ ਦੀ ਰਿਲੀਜ਼ਿੰਗ ‘ਤੇ ਹੁਣ ਹਰਿਆਣਾ ਸਰਕਾਰ ਨੇ ਵੀ ਲਾਈ ਰੋਕ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਦੇ ਨਾਮੀ ਗੈਂਗਸਟਰ ਸੁੱਖਾ ਕਾਹਲਵਾ ਦੀ ਜ਼ਿੰਦਗੀ ‘ਤੇ ਆਧਾਰਿਤ ਪੰਜਾਬੀ ਫਿਲਮ ‘ਸ਼ੂਟਰ’ ਹੁਣ ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਸਿਨੇਮਾ ਘਰਾਂ ‘ਚ ਵੀ ਨਜ਼ਰ ਨਹੀਂ ਆਵੇਗੀ। ਪੰਜਾਬ ਸਰਕਾਰ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਵੀ ਪੰਜਾਬੀ ਫਿਲਮ ‘ਸ਼ੂਟਰ’ ਦੀ ਰਿਲੀਜ਼ਿੰਗ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫਿਲਮ 21 ਫਰਵਰੀ ਯਾਨੀ ਕੱਲ ਰਿਲੀਜ਼ ਹੋਣੀ ਸੀ।

ਹਰਿਆਣਾ ਦੇ ਗ੍ਰਹਿ ਵਿਭਾਗ ਨੇ ਸੂਬੇ ਦੇ ਸਾਰੇ ਡੀਸੀ ਨੂੰ ਪੰਜਾਬੀ ਫਿਲਮ ‘ਸ਼ੂਟਰ’ ਬਾਰੇ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਤੋਂ ਬਾਅਦ ਸਾਰੇ ਡੀਸੀ ਨੇ ਆਪਣੇ ਸਬੰਧਤ ਅਧਿਕਾਰੀਆਂ ਨੂੰ ਹਰਿਆਣਾ ਦੇ ਸਾਰੇ ਸਿਨੇਮਾ ਘਰਾਂ ‘ਚ ਫਿਲਮ ਨਾ ਵਿਖਾਉਣ ਦੇ ਹੁਕਮ ਜਾਰੀ ਕੀਤੇ ਹਨ।

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 9 ਫਰਵਰੀ ਨੂੰ ਪੰਜਾਬੀ ਫਿਲਮ ‘ਸ਼ੂਟਰ’ ‘ਤੇ ਇਹ ਕਹਿ ਕੇ ਪਾਬੰਦੀ ਲਗਾਈ ਸੀ ਕਿ ਇਹ ਫਿਲਮ ਘਿਨਾਉਣੇ ਅਪਰਾਧਾਂ, ਹਿੰਸਾ, ਫਿਰੌਤੀ ਆਦਿ ਦੀਆਂ ਘਟਨਾਵਾਂ ਨੂੰ ਹੁਲਾਰਾ ਦਿੰਦੀ ਹੈ।

ਕਾਬਲੇਗੌਰ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਿਵਲ ਰਿੱਟ ਪਟੀਸ਼ਨ 6213/2016 ਵਿੱਚ ਪੰਜਾਬ, ਹਰਿਆਣਾ ਤੇ ਯੂ.ਟੀ ਚੰਡੀਗੜ੍ਹ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਸਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਅਜਿਹਾ ਗਾਣਾ ਕਿਸੇ ਲਾਈਵ ਸ਼ੋਅ ਦੌਰਾਨ ਚੱਲਣ ਨਾ ਦਿੱਤਾ ਜਾਵੇ ਜੋ ਸ਼ਰਾਬ, ਨਸ਼ੇ ਅਤੇ ਹਿੰਸਾ ਦੀ ਮਹਿਮਾ ਕਰਦਾ ਹੋਵੇ। ਅਦਾਲਤ ਨੇ ਅੱਗੇ ਹਰ ਜਿਲ੍ਹੇ ਦੇ ਜਿਲ੍ਹਾ ਮੈਜਿਸਟ੍ਰੇਟ/ਐਸਐਸਪੀ ਨੂੰ ਨਿਰਦੇਸ਼ ਦਿੱਤੇ ਸਨ ਕਿ ਇਨ੍ਹਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਉਨ੍ਹਾਂ ਦੀ ਨਿੱਜੀ ਜ਼ਿੰਮੇਵਾਰੀ ਹੈ।

- Advertisement -

Share this Article
Leave a comment