ਹਰਿਆਣਾ ’ਚ ਖੇਤਰੀ ਹਵਾਈ ਸੰਪਰਕ ਨੂੰ ਮਿਲੇਗਾ ਨਵਾਂ ਹੁਲਾਰਾ

Global Team
2 Min Read

ਭਿਵਾਨੀ: ਹਰਿਆਣਾ ਸਰਕਾਰ ਨੇ ਸੂਬੇ ਵਿੱਚ ਖੇਤਰੀ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਵੱਲ ਇੱਕ ਹੋਰ ਕਦਮ ਚੁੱਕਦਿਆਂ ਭਿਵਾਨੀ ਸਥਿਤ ਚੌਧਰੀ ਬੰਸੀ ਲਾਲ ਸਿਵਲ ਐਰੋਡ੍ਰੋਮ ’ਤੇ ਤਿਆਰ ਕੀਤੀਆਂ ਨਵੀਆਂ ਹਵਾਬਾਜ਼ੀ ਸਹੂਲਤਾਂ ਲੋਕਾਂ ਨੂੰ ਸਮਰਪਿਤ ਕੀਤੀਆਂ। ਲਗਭਗ 31 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਤਹਿਤ ਆਧੁਨਿਕ ਹੈਂਗਰ, ਏਅਰ ਟ੍ਰੈਫਿਕ ਕੰਟਰੋਲ ਭਵਨ, ਸੁਰੱਖਿਆ ਚੌਕੀ ਅਤੇ ਕੈਂਟੀਨ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਸਿਰਫ਼ ਨਵੀਆਂ ਇਮਾਰਤਾਂ ਦਾ ਉਦਘਾਟਨ ਨਹੀਂ, ਸਗੋਂ ਸੂਬੇ ਵਿੱਚ ਆਧੁਨਿਕ ਹਵਾਬਾਜ਼ੀ ਢਾਂਚੇ ਦੇ ਵਿਸਤਾਰ ਅਤੇ ਖੇਤਰੀ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ‘ਉਡਾਣ’ ਯੋਜਨਾ ਨੇ ਛੋਟੇ ਸ਼ਹਿਰਾਂ ਨੂੰ ਹਵਾਈ ਸੇਵਾਵਾਂ ਨਾਲ ਜੋੜ ਕੇ ਆਮ ਲੋਕਾਂ ਲਈ ਹਵਾਈ ਯਾਤਰਾ ਨੂੰ ਹੋਰ ਸੁਗਮ ਬਣਾਇਆ ਹੈ ਅਤੇ ਹਰਿਆਣਾ ਸਰਕਾਰ ਵੀ ਇਸੇ ਦਿਸ਼ਾ ਵਿੱਚ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਉੱਤਰੀ ਭਾਰਤ ਦੇ ਪ੍ਰਮੁੱਖ ਐਵੀਏਸ਼ਨ ਹੱਬ ਵਜੋਂ ਵਿਕਸਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸੇ ਤਹਿਤ ਹਿਸਾਰ ਹਵਾਈ ਅੱਡੇ ਦਾ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਉੱਥੋਂ ਦਿੱਲੀ, ਅਯੁੱਧਿਆ, ਚੰਡੀਗੜ੍ਹ ਅਤੇ ਜੈਪੁਰ ਲਈ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਜੰਮੂ ਅਤੇ ਅਹਿਮਦਾਬਾਦ ਲਈ ਵੀ ਉਡਾਣ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਹੈ।

ਉਨ੍ਹਾਂ ਕਿਹਾ ਕਿ ਭਿਵਾਨੀ ਐਰੋਡ੍ਰੋਮ ’ਤੇ ਵਿਕਸਤ ਨਵੀਆਂ ਸਹੂਲਤਾਂ ਨਾਲ ਜਹਾਜ਼ਾਂ ਦੇ ਸੰਚਾਲਨ, ਸਿਖਲਾਈ ਅਤੇ ਹਵਾਬਾਜ਼ੀ ਸੇਵਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਅਤੇ ਸਿਖਲਾਈ ਦੇ ਮੌਕੇ ਵੀ ਵਧਣਗੇ।

ਪ੍ਰੋਗਰਾਮ ਦੌਰਾਨ 200 ਘੰਟਿਆਂ ਦੀ ਉਡਾਣ ਪੂਰੀ ਕਰਨ ਵਾਲੇ ਟ੍ਰੇਨੀ ਪਾਇਲਟਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਆਧੁਨਿਕ ਦੋ-ਸੀਟਰ ਜਾਇਰੋਕਾਪਟਰ ਦਾ ਪ੍ਰਦਰਸ਼ਨ ਵੀ ਕੀਤਾ ਗਿਆ, ਜਿਸ ਬਾਰੇ ਮੁੱਖ ਮੰਤਰੀ ਨੇ ਜਾਣਕਾਰੀ ਪ੍ਰਾਪਤ ਕੀਤੀ।

Share This Article
Leave a Comment