ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੁੜ ਕਿਸਾਨਾਂ ਨੂੰ ਲੈਕੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਪੰਜਾਬ ਦੇ ਕਿਸਾਨਾਂ ਵਿੱਚ ਜ਼ਿਆਦਾ ਹੀ ਉਤਾਵਲਾਪਨ ਹੈ, ਨਹੀਂ ਤਾਂ ਰਸਤਾ ਕਦੋਂ ਦਾ ਖੁੱਲ੍ਹ ਜਾਂਦਾ। ਖੱਟਰ ਨੇ ਕਿਹਾ ਪ੍ਰਦਰਸ਼ਨ ਦਾ ਅਧਿਕਾਰ ਸਾਰਿਆਂ ਨੂੰ ਹੈ ਪਰ ਸ਼ਰਾਰਤ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਪਿਛਲੀ ਵਾਰ ਕਿਸਾਨ ਟਰੈਕਟਰ ਲੈ ਕੇ ਦਿੱਲੀ ਦੀਆਂ ਸਰਹੱਦਾਂ ‘ਤੇ ਪਹੁੰਚ ਗਏ ਸਨ। ਕਿਸਾਨਾਂ ਨੇ ਲਾਲ ਕਿਲ੍ਹੇ ਚੜ੍ਹਾਈ ਕੀਤੀ ਸੀ ਅਜਿਹੇ ਕੰਮ ਤਾਂ ਦੁਸ਼ਮਣ ਵੀ ਨਹੀਂ ਕਰਦੇ ਹਨ। ਖੱਟਰ ਨੇ ਕਿਹਾ ਕਿ ਪਿਛਲੀ ਵਾਰ ਕਿਸਾਨ ਸਰਹੱਦਾਂ ‘ਤੇ ਬੈਠੇ ਰਹੇ ਜਿਸ ਦੀ ਵਜ੍ਹਾ ਕਰਕੇ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਾਂਗਰਸ ਦੇ ਆਗੂ ਭੁਪਿੰਦਰ ਸਿੰਘ ਹੁੱਡਾ (BHUPINDER SINGH HOODA) ਕਹਿੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਸ਼ੰਭੂ ਬਾਰਡਰ ਖੋਲ੍ਹ ਦੇਣਗੇ ਜਦਕਿ ਹੁਣ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਹੈ ਉਹ ਵੀ ਕੁਝ ਨਹੀਂ ਕਰ ਸਕਦੇ ਹਨ। ਉਨ੍ਹਾਂ ਕਿਹਾ ਅਸੀਂ ਵੀ ਸ਼ੰਭੂ ਬਾਰਡਰ ਖੋਲਣਾ ਚਾਹੁੰਦੇ ਸੀ ਪਰ CID ਦੀ ਮਿਲੀ ਜਾਣਕਾਰੀ ਤੋਂ ਅਸੀਂ ਰੁੱਕ ਗਏ। ਫਿਰ ਜਦੋਂ ਹਾਈਕੋਰਟ ਨੇ ਰਸਤਾ ਖੋਲਣ ਦੇ ਆਰਡਰ ਕੀਤੇ ਤਾਂ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੀਤੇ ਦਿਨੀ ਵੀ ਕਿਸਾਨਾਂ ਨੂੰ ਲੈਕੇ ਤਿੱਖਾ ਬਿਆਨ ਦਿੰਦੇ ਹੋਏ ਕਿਹਾ ਜੋ ਲੋਕ ਸ਼ੰਭੂ ਬਾਰਡਰ ‘ਤੇ ਬੇਠੇ ਹਨ ਉਹ ਅਸਲੀ ਕਿਸਾਨ ਨਹੀਂ ਹਨ, ਉਹ ਲੋਕ ਕਿਸਾਨਾਂ ਦਾ ਮਖੌਟਾ ਪਾ ਕੇ ਸਿਸਟਮ ਖਰਾਬ ਕਰਨ ਵਾਲੇ ਲੋਕ ਹਨ। ਇਹ ਲੋਕ ਮੌਜੂਦਾ ਸਰਕਾਰਾਂ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਖੱਟਰ ਨੇ ਕਿਹਾ ਕਿ ਸੰਭੂ ਬਾਰਡਰ ਬੰਦ ਹੋ ਜਾਣ ਕਾਰਨ ਸੂਬੇ ਦੇ ਕਾਰੋਬਾਰ ਅਤੇ ਲੋਕ ਪ੍ਰਭਾਵਿਤ ਹੋਏ ਹਨ। ਅਸੀਂ ਸਰਹੱਦ ਖੋਲ੍ਹਣ ਦੀ ਯੋਜਨਾ ਬਣਾਈ ਸੀ ਪਰ ਦੂਜੇ ਪਾਸੇ ਬੈਠੇ ਲੋਕ ਕਿਸਾਨ ਨਹੀਂ ਹਨ। ਅੰਬਾਲਾ ਇਸ ਦਾ ਨਤੀਜਾ ਭੁਗਤ ਰਿਹਾ ਹੈ ਪਰ ਹਰਿਆਣਾ ਦੇ ਲੋਕ ਖੁਸ਼ ਹਨ ਕਿ ਅਸੀਂ ਅਜਿਹੇ ਲੋਕਾਂ ਨੂੰ ਆਪਣੀ ਧਰਤੀ ‘ਤੇ ਪੈਰ ਨਹੀਂ ਰੱਖਣ ਦਿੱਤਾ।