ਰੋਹਤਕ : ਹਰਿਆਣਾ ਦੇ ਰੋਹਤਕ ‘ਚ ਅੱਜ ਸਵੇਰੇ 5.37 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 2.3 ਮਾਪੀ ਗਈ। ਹਰਿਆਣਾ ‘ਚ ਪਿਛਲੇ 22 ਦਿਨਾਂ ਵਿਚ 10 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਨ੍ਹਾਂ ‘ਚੋਂ ਅੱਠ ਵਾਰ ਭੂਚਾਲ ਦਾ ਕੇਂਦਰ ਰੋਹਤਕ ਰਿਹਾ ਹੈ। ਨੈਸ਼ਨਲ ਸੈਂਟਰ ਆਫ ਸੀਸਮੋਲੋਜੀ ਦੇ ਅਨੁਸਾਰ ਭੂਚਾਲ ਦਾ ਕੇਂਦਰ ਪੂਰਬ ਅਤੇ ਦੱਖਣ-ਪੂਰਬੀ ਰੋਹਤਕ ਤੋਂ 15 ਕਿਲੋਮੀਟਰ ਦੂਰ ਰਿਹਾ।
ਦੱਸ ਦਈਏ ਕਿ ਬੀਤੇ ਵੀਰਵਾਰ ਵੀ ਰੋਹਤਕ ‘ਚ ਸਵੇਰੇ 4:18 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 2.1 ਮਾਪੀ ਗਈ ਸੀ। ਨੈਸ਼ਨਲ ਸੈਂਟਰ ਆਫ ਸੀਸਮੋਲੋਜੀ ਦੀ ਵੈੱਬਸਾਈਟ ਅਨੁਸਾਰ ਭੂਚਾਲ ਦਾ ਕੇਂਦਰ ਰੋਹਤਕ ਸ਼ਹਿਰ ਤੋਂ 15 ਕਿਲੋਮੀਟਰ ਦੂਰ ਪਿੰਡ ਇਸਮਾਈਲ ਅਤੇ ਗੰਧਰਾ ਦੇ ਵਿਚਕਾਰ ਰਿਹਾ।
ਪਿਛਲੇ ਕੁਝ ਸਮੇਂ ਤੋਂ ਜੰਮੂ-ਕਸ਼ਮੀਰ, ਦਿੱਲੀ, ਗੁਜਰਾਤ, ਝਾਰਖੰਡ, ਓਡੀਸ਼ਾ ਵਿੱਚ ਘੱਟ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਲੱਗ ਚੁੱਕੇ ਹਨ। ਪਿਛਲੇ ਇੱਕ ਹਫ਼ਤੇ ਦੋਰਾਨ ਦੇਸ਼ ਵਿੱਚ ਘੱਟ ਤੀਬਰਤਾ ਵਾਲੇ 25 ਭੂਚਾਲ ਆ ਚੁੱਕੇ ਹਨ।