ਹਰਿਆਣਾ: ਯਮੁਨਾਨਗਰ ਜ਼ਿਲ੍ਹੇ ਦੇ ਸਲੇਮਪੁਰ ਪਿੰਡ ਦਾ ਪੂਰਾ ਇਲਾਕਾ ਅੱਜ ਸਿਲੰਡਰ ਧਮਾਕੇ ਨਾਲ ਦਹਿਲ ਗਿਆ । ਸਿਲੰਡਰ ਫਟਣ ਨਾਲ ਘੱਟੋ ਘਟ 10 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸਾਰਿਆਂ ਦਾ ਸਰੀਰ 50 ਤੋਂ 60 ਫੀਸਦੀ ਤੱਕ ਝੁਲਸ ਗਿਆ ਹੈ। ਇੱਕ ਗਰਭਵਤੀ ਮਹਿਲਾ ਵੀ ਝੁਲਸੀ ਹੈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਧਮਾਕੇ ਕਾਰਨ ਘਰ ਦੀਆਂ ਕੰਧਾਂ ਢਹਿ ਗਈਆਂ ਅਤੇ ਲੈਂਟਰ ਤੱਕ ਵਿੱਚ ਤਰੇੜਾਂ ਆ ਗਈਆਂ। ਘਟਨਾ ਸਵੇਰੇ ਕਰੀਬ 8 ਵਜੇ ਦੀ ਹੈ, ਜਦੋਂ ਘਰ ਦੇ ਅੰਦਰ ਵੱਡੇ ਸਿਲੰਡਰ ਵਿੱਚੋਂ ਛੋਟੇ ਸਿਲੰਡਰ ਵਿੱਚ ਗੈਸ ਭਰੀ ਜਾ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਗੈਸ ਟਰਾਂਸਫਰ ਦੇ ਦੌਰਾਨ ਅਚਾਨਕ ਤੇਜ਼ ਧਮਾਕਾ ਹੋਇਆ, ਜਿਸ ਨਾਲ ਪੂਰੇ ਘਰ ਵਿੱਚ ਅੱਗ ਫੈਲ ਗਈ ਅਤੇ ਉੱਥੇ ਮੌਜੂਦ ਲੋਕ ਉਸ ਦੀ ਲਪੇਟ ਵਿੱਚ ਆ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਇਲਾਕੇ ਵਿੱਚ ਅਫਰਾ-ਤਫਰੀ ਮਚ ਗਈ ਅਤੇ ਲੋਕ ਮਦਦ ਲਈ ਮੌਕੇ ਵੱਲ ਦੌੜ ਪਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ, ਜਿਸ ਕਮਰੇ ਦੇ ਅੰਦਰ ਬਲਾਸਟ ਹੋਇਆ, ਉੱਥੇ ਭਰੇ ਹੋਏ 2 ਹੋਰ ਸਿਲੰਡਰ ਵੀ ਰੱਖੇ ਹੋਏ ਸਨ। ਖੁਸ਼ਕਿਸਮਤੀ ਰਹੀ ਕਿ ਉਹ ਅੱਗ ਦੀ ਲਪੇਟ ਵਿੱਚ ਨਹੀਂ ਆਏ। ਉੱਥੇ ਹੀ, ਇਸ ਤੋਂ ਪਹਿਲਾਂ ਕਈ ਹੋਰ ਲੋਕ ਵੀ ਕਮਰੇ ਵਿੱਚ ਮੌਜੂਦ ਸਨ, ਜੋ ਧਮਾਕੇ ਤੋਂ ਕੁਝ ਦੇਰ ਪਹਿਲਾਂ ਹੀ ਫੈਕਟਰੀ ਵਿੱਚ ਕੰਮ ਕਰਨ ਲਈ ਚਲੇ ਗਏ ਸਨ।
ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ । ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ । ਜਗਾਧਰੀ ਸਦਰ ਥਾਣਾ ਮੁਖੀ ਤਰਸੇਮ ਕੁਮਾਰ ਨੇ ਕਿਹਾ ਕਿ ਫਿਲਹਾਲ ਸੂਚਨਾ ਇਹ ਮਿਲੀ ਹੈ ਕਿ ਕਮਰੇ ਦੇ ਅੰਦਰ ਇੱਕ ਸਿਲੰਡਰ ਤੋਂ ਦੂਜੇ ਸਿਲੰਡਰ ਵਿੱਚ ਗੈਸ ਬਦਲੀ ਜਾ ਰਹੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸੇ ਦੇ ਅਸਲੀ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ। ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਇਸ ਹਾਦਸੇ ਵਿੱਚ ਦੋ ਪਰਿਵਾਰਾਂ ਦੇ ਮੈਂਬਰ ਜ਼ਖਮੀ ਹੋਏ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

