H1B ਵੀਜ਼ਾ ਮੁਅੱਤਲ ਹੋਣ ‘ਤੇ ਹਾਰਵਰਡ ਯੂਨੀਵਰਸਿਟੀ ਨੇ ਡੂੰਘੀ ਚਿੰਤਾ ਕੀਤੀ ਪ੍ਰਗਟ, ਕਿਹਾ ਇਸ ਨਾਲ ਅਧਿਐਨ ਦੇ ਕੰਮ ਹੋਣਗੇ ਪ੍ਰਭਾਵਿਤ

TeamGlobalPunjab
2 Min Read

ਵਾਸ਼ਿੰਗਟਨ : ਯੂਐਸ ਦੀ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਹਾਲ ਹੀ ‘ਚ H1B ਮੁਅੱਤਲ ਕਰਨ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਹਾਰਵਰਡ ਯੂਨੀਵਰਸਿਟੀ ਨੇ ਕਿਹਾ ਕਿ ਵਿਦੇਸ਼ੀਆਂ ਲਈ ਆਰਜ਼ੀ ਤੌਰ ‘ਤੇ ਵਰਕ ਵੀਜ਼ਾ ਮੁਅੱਤਲ ਕਰਨ ਨਾਲ ਕਾਫੀ ਹੱਦ ਤੱਕ ਅਧਿਐਨ ਦਾ ਕੰਮ ਵੀ ਪ੍ਰਭਾਵਿਤ ਹੋਵੇਗਾ। ਇਸ ‘ਚ ਸਭ ਤੋਂ ਵੱਧ ਮੰਗ ਵਾਲਾ ਐਚ -1 ਬੀ ਵੀਜ਼ਾ ਵੀ ਸ਼ਾਮਲ ਹੈ। ਜਿਸ ਦੇ ਚੱਲਦਿਆਂ ਯੂਨੀਵਰਸਿਟੀ ਨੇ ਰਾਸ਼ਟਰਪਤੀ ਟਰੰਪ ਦੇ ਫੈਸਲੇ ਨੂੰ ਅਣਉਚਿਤ ਠਹਿਰਾਇਆ ਹੈ।

ਹਾਰਵਰਡ ਯੂਨੀਵਰਸਿਟੀ ਦੇ ਬੁਲਾਰੇ ਜੋਨਾਥਨ ਐਲ ਸਵੈਨ ਨੇ ਕਿਹਾ ਕਿ ਹਾਲਾਂਕਿ ਇਸ ਫੈਸਲੇ ਨਾਲ ਵਿਦਿਆਰਥੀ ਵੀਜ਼ਾ ਜਾਂ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ (ਓਪੀਟੀ) ‘ਤੇ ਕੋਈ ਅਸਰ ਨਹੀਂ ਪਵੇਗਾ। ਜੋਨਾਥਨ ਨੇ ਕਿਹਾ ਕਿ ਇਹ ਬਹੁਤ ਨਿਰਾਸ਼ਾਜਨਕ ਹੈ ਕਿ ਇਕ ਸਰਕਾਰੀ ਆਦੇਸ਼ ਦੇ ਜ਼ਰੀਏ ਐੱਚ -1 ਬੀ ਸਮੇਤ ਕੁਝ ਗੈਰ-ਪ੍ਰਵਾਸੀ ਵੀਜ਼ਾ ਧਾਰਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਉਚਿਤ ਨੀਤੀ ਨਹੀਂ ਸੀ।

ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਸੋਮਵਾਰ ਨੂੰ ਇਕ ਆਦੇਸ਼ ਜਾਰੀ ਕਰ ਐੱਚ-1 ਬੀ ਸਮੇਤ ਹੋਰ ਕਈ ਕਿਸਮ ਦੇ ਵਿਦੇਸ਼ੀ ਵਰਕ ਵੀਜ਼ਾ ਨੂੰ 2020 ਦੇ ਅੰਤ ਤੱਕ ਮੁਅੱਤਲ ਕਰ ਦਿੱਤਾ ਸੀ। ਟਰੰਪ ਨੇ ਇਹ ਕਦਮ ਇਸ ਮਹੱਤਵਪੂਰਨ ਚੋਣ ਸਾਲ ‘ਚ ਅਮਰੀਕੀਆਂ ਦੇ ਰੁਜ਼ਗਾਰ ਨੂੰ ਸੁਰੱਖਿਅਤ ਰੱਖਣ ਲਈ ਚੁੱਕਿਆ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਮੌਜੂਦਾ ਆਰਥਿਕ ਸੰਕਟ ਕਾਰਨ ਇਹ ਕਦਮ ਚੁੱਕਣਾ ਬਹੁਤ ਜ਼ਰੂਰੀ ਸੀ।

ਜ਼ਿਕਰਯੋਗ ਹੈ ਕਿ ਭਾਰਤੀ ਆਈ.ਟੀ. ਪੇਸ਼ੇਵਰਾਂ ਨੂੰ ਇਸ ਫੈਸਲੇ ਨਾਲ ਬਹੁਤ ਵੱਡਾ ਝਟਕਾ ਲੱਗਿਆ ਹੈ। ਕਿਉਂਕਿ ਭਾਰਤੀ ਆਈ.ਟੀ. ਪੇਸ਼ੇਵਰ ਇਸ ਵੀਜ਼ਾ ਦਾ ਸਭ ਤੋਂ ਜ਼ਿਆਦਾ ਲਾਭ ਲੈ ਰਹੇ ਹਨ।

- Advertisement -

Share this Article
Leave a comment