ਚੰਡੀਗੜ੍ਹ: ਪਾਕਿਸਤਾਨ ਨਾਲ ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਮੁੜ ਖੋਲ੍ਹਣ ਦੀ ਅਪੀਲ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੁੰ ਅਪੀਲ ਕੀਤੀ ਕਿ ਉਹ ਨਿੱਜੀ ਦਖਲ ਦੇ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਜ਼ਮੀਨ ਦੀ ਅਦਲਾ ਬਦਲੀ ਕਰਵਾ ਕੇ ਕਰਤਾਰਪੁਰ ਸਾਹਿਬ ਵਿਖੇ ਪਵਿੱਤਰ ਗੁਰਧਾਮ ਭਾਰਤ ਵਿਚ ਸ਼ਾਮਲ ਕਰਵਾਉਣ ਅਤੇ ਉਸ ਬਦਲੇ ਹੁਸੈਨੀਵਾਲਾ ਬਾਰਡਰ ਦੇ ਪਿੰਡ ਦੀ ਕੁਝ ਜ਼ਮੀਨ ਪਾਕਿਸਤਾਨ ਨੁੰ ਦੇਣ ਦੀ ਤਜਵੀਜ਼ ਨੂੰ ਅਮਲਾ ਜਾਮਾ ਪਹਿਨਾਉਣ।
ਬਾਦਲ ਨੇ ਪ੍ਰਧਾਨ ਮੰਤਰੀ ਨੁੰ ਇਹ ਵੀ ਅਪੀਲ ਕੀਤੀ ਕਿ ਉਹ ਡਿਪਲੋਮੈਟਿਕ ਪਹਿਲਕਦਮੀ ਕਰਦਿਆਂ ਸਥਾਈ ਸ਼ਾਂਤੀ ਲਾਂਘੇ ਦੀ ਸਿਰਜਣਾ ਕਰਵਾਉਣ ਜਿਸ ਰਾਹੀਂ ਭਾਰਤ-ਪਾਕਿਸਤਾਨ ਰਾਹੀਂ ਪਾਕਿਸਤਾਨ ਵਿਚ ਵੱਖ ਵੱਖ ਧਰਮਾਂ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਹੋ ਸਕਣ। ਉਹਨਾਂ ਕਿਹਾ ਕਿ ਇਸ ਨਾਲ ਹੋਰ ਗੱਲਾਂ ਤੋਂ ਇਲਾਵਾ ਸਿੱਖਾਂ ਨੁੰ ਰੋਜ਼ ਕੀਤੀ ਜਾਂਦੀ ਅਰਦਾਸ ਵੀ ਪੂਰੀ ਹੋ ਸਕੇਗੀ ਕਿ ਜਿਹਨਾਂ ਗੁਰਧਾਮਾਂ ਨੁੰ 1947 ਵਿਚ ਪੰਥ ਤੋਂ ਵਿਛੋੜਿਆ ਗਿਆ ਸੀ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋ ਸਕਣਗੇ।
ਪ੍ਰਧਾਨ ਮੰਤਰੀ ਨੁੰ ਲਿਖੇ ਦੋ ਸਫਿਆਂ ਦੇ ਪੱਤਰ ਵਿਚ ਬਾਦਲ ਨੇ ਉਹਨਾਂ ਨੂੰ ਚੇਤੇ ਕਰਵਾਇਆ ਕਿ ਕਰਤਾਰਪੁਰ ਸਾਹਿਬ ਨੁੰ ਭਾਰਤ ਵਿਚ ਸ਼ਾਮਲ ਕਰਵਾਉਣ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਜ਼ਮੀਨ ਦੀ ਅਦਲਾ ਬਦਲੀ ਦੀ ਤਜਵੀਜ਼ 1948 ਵਿਚ ਅਕਾਲੀ ਦਲ ਦੇ ਨੇ ਪੇਸ਼ ਕੀਤੀ ਸੀ। ਉਹਨਾਂ ਕਿਹਾ ਕਿ ਅਸਲ ਵਿਚ 1969 ਵਿਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਨੇ ਇਸ ਲਈ ਸਹਿਮਤੀ ਦਿੱਤੀ ਸੀ ਕਿ ਉਹ ਦੋਹਾਂ ਦੇਸ਼ਾਂ ਵਿਚਾਲੇ ਇਸ ਅਦਲਾ ਬਦਲੀ ਲਈ ਪਾਕਿਸਤਾਨ ਸਰਕਾਰ ਕੋਲ ਪਹੁੰਚ ਕਰਨਗੇ। ਪਹਿਲਾਂ ਵੀ ਦੋਹਾਂ ਦੇਸ਼ਾਂ ਵਿਚਾਲੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਸਥਾਨ ਦੀ ਫਿਰੋਜ਼ਪੁਰ ਸੈਕਟਰ ਦੀ ਜ਼ਮੀਨ ਦੀ ਅਦਲਾ ਬਦਲੀ ਹੋ ਚੁੱਕੀ ਹੈ ਤੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਫਰਾਕੱਾ ਡੈਮ ਲਈ ਜ਼ਮੀਨ ਦੀ ਅਦਲਾ ਬਦਲੀ ਹੋ ਚੁੱਕੀ ਹੈ।
I strongly urge @PMO to open proposal for land swap with Pak for including Kartarpur Sahib in Indian Pb & intervene to expedite re-opening of corridor as well as push for ‘Permanent Peace Corridor’ linking all historical/religious places in Pak with border for access to devotees. pic.twitter.com/00TeDBUbZY
— Harsimrat Kaur Badal (@HarsimratBadal_) November 9, 2021
ਬਾਦਲ ਨੇ ਕਿਹਾ ਕਿ ਮੰਦੇ ਭਾਗਾਂ ਨੂੰ ਪਾਕਿਸਤਾਨ ਸਰਕਾਰ ਤੇ ਉਸ ਵੇਲੇ ਦੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਹ ਤਜਵੀਜ਼ ਰੱਦ ਕਰ ਦਿੱਤੀ ਸੀ। ਉਹਨਾਂ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਪ੍ਰਸਿੱਧ ਲਾਹੌਰ ਬੱਸ ਫੇਰੀ ਦੌਰਾਨ ਅਤੇ ਉਹਨਾਂ ਦੀਆਂ ਪਾਕਿਸਤਾਨ ਹਮਰੁਤਬਾ ਨਵਾਜ਼ ਸ਼ਰੀਫ ਨਾਲ ਮੀਟਿੰਗ ਦੌਰਾਨ ਵੀ ਇਹ ਮਾਮਲਾ ਉਠਿਆ ਸੀ। ਅਜਿਹਾ ਉਸ ਵੇਲੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲਕਦਮੀ ’ਤੇ ਹੋਇਆ ਸੀ।
ਬਾਦਲ ਨੇ ਅਕਾਲੀ ਦਲ ਦੇ ਘਾਗ ਆਗੂ ਮਰਹੂਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਕੁਰਬਾਨੀ ਤੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਥੇਦਾਰ ਵਡਾਲਾ ਨੇ ਹੀ ਦਹਾਕਿਆਂ ਤੱਕ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਭਾਰਤ-ਪਾਕਿਸਤਾਨ ਸਰਹੱਦ ’ਤੇ ਰੋਸ ਅਤੇ ਜਾਗਰੂਕਤਾ ਕੈਂਡਲ ਮਾਰਚਾਂ ਦਾ ਆਯੋਜਨ ਕੀਤਾ। ਸਰਦਾਰ ਵਡਾਲਾ ਨੇ ਹੀ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਕਰਤਾਰਪੁਰ ਸਾਹਿਬ ਇਲਾਕੇ ਦੀ ਸੰਭਾਲ ਨਾ ਕਰਨ ਦਾ ਮਾਮਲਾ ਚੁੱਕਿਆ ਜਿਸਦੇ ਨਤੀਜੇ ਵਜੋਂ ਪਵਿੱਤਰ ਗੁਰਧਾਮ ਖਾਲੀ ਛੱਡ ਦਿੱਤਾ ਗਿਆ ਤੇ ਇਸਦੀ ਜ਼ਮੀਨ ਰੀਅਲ ਅਸਟੇਟ ਦੇ ਕਾਰੋਬਾਰੀਆਂ ਨੇ ਦੱਬ ਲਈ। ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਨਿਰੰਤਰ ਯਤਨਾਂ ਦੀ ਬਦੌਲਤ ਹੀ 1998 ਵਿਚ ਭਾਰਤ ਅਤੇ ਪਾਕਿਸਤਾਨ ਸਰਕਾਰ ਸਿੱਖਾਂ ਦੀ ਇਸ ਸਬੰਧੀ ਮੰਗ ਬਾਰੇ ਉਦੋਂ ਸਹਿਮਤ ਹੋਏ ਜਦੋਂ ਸਰਦਾਰ ਬਾਦਲ ਨੇ ਸਫਲਤਾ ਨਾਲ ਤਕਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੁੰ ਇਹ ਮਾਮਲਾ ਆਪਣੀ ਮਸ਼ਹੂਰ ਲਾਹੌਰ ਬੱਸ ਯਾਤਰਾ ਦੌਰਾਨ ਆਪਣੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ ਕੋਲ ਚੁੱਕਣ ਲਈ ਮਨਾ ਲਿਆ। ਸਰਦਾਰ ਬਾਦਲ ਦੇ ਯਤਨਾਂ ਨੁੰ ਬੂਰ ਪਿਆ ਤੇ ਸ੍ਰੀ ਵਾਜਪਾਈ ਤੇ ਸ੍ਰੀ ਸ਼ਰੀਫ ਵਿਚਾਲੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੱਣ ਲਈ ਆਪਸੀ ਸਹਿਮਤੀ ਹੋਈ।
ਬਾਦਲ ਨੇ ਚੇਤੇ ਕੀਤਾ ਕਿ ਕਿਵੇਂ ਅਖੀਰ ਵਿਚ ਇਤਿਹਾਸਕ ਕਰਤਾਰਪੁਰ ਸਾਹਿਬ ਲਾਂਘਾ ਪੂਰਾ ਕਰਨ ਤੇ ਖੋਲ੍ਹੱਣ ਦੀ ਪਹਿਲਕਦਮੀ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਹਿੱਸੇ ਆਈ। ਉਹਨਾਂ ਕਿਹਾ ਕਿ ਤੁਹਾਡਾ ਇਹ ਯੋਗਦਾਨ ਸ਼ਾਂਤੀ ਤੇ ਸਮਝ ਦੇ ਪ੍ਰਤੀਕ ਵਜੋਂ ਦੁਨੀਆਂ ਵਿਚ ਜਾਣਿਆ ਜਾਵੇਗਾ। ਉਹਨਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੱਣ ਸਮੇਂ ਸ੍ਰੀ ਮੋਦੀ ਦੀ ਤੁਲਨਾ ਬਰਲਿਨ ਦੀ ਕੰਧ ਡੇਗਣ ਨਾਲ ਕਰਨ ਦੀ ਗੱਲ ਵੀ ਚੇਤੇ ਕੀਤੀ। ਉਹਨਾਂ ਕਿਹਾ ਕਿ ਜਰਮਨੀ ਵਿਚ ਭਾਵੇਂ ਬਰਨਿਲ ਦੀ ਕੰਧ ਢਾਹੀ ਜਾ ਚੁੱਕੀ ਹੈ ਪਰ ਭਾਰਤ ਤੇ ਪਾਕਿਸਤਸਾਨ ਬਾਰਡਰ ’ਤੇ ਸਿੱਖਾਂ ਲਈ ਬਰਨਿਲ ਦੀ ਇਹ ਕੰਧ ਹਾਲੇ ਵੀ ਖੜ੍ਹੀ ਹੈ।
ਉਹਨਾਂ ਨੇ ਪ੍ਰਧਾਨ ਮੰਤਰੀ ਨੁੰ ਕਿਹਾ ਕਿ ਇਸ ਲਈ ਮੈਂ ਆਪ ਨੂੰ ਬੇਨਤੀ ਕਰਦੀ ਹਾਂ ਕਿ ਆਪ ਨਿੱਜੀ ਦਖਲ ਦੇ ਕੇ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੁਲ੍ਹਵਾਓ, ਕਰਤਾਰਪੁਰ ਸਾਹਿਬ ਜ਼ਮੀਨ ਦੀ ਅਦਲਾ ਬਦਲੀ ਰਾਹੀਂ ਭਾਰਤ ਵਿਚ ਸ਼ਾਮਲ ਕਰਵਾਉਣ ਦੀ ਤਜਵੀਜ਼ ਪਾਕਿਸਤਾਨ ਨਾਲ ਵਿਚਾਰੋ ਅਤੇ ਨਾਲ ਹੀ ਸਥਾਈ ਸ਼ਾਂਤੀ ਲਾਂਘਾ ਸਥਾਪਿਤ ਕਰਨ ਦੀ ਤਜਵੀਜ਼ ਵੀ ਵਿਚਾਰੋ ਜਿਸ ਨਾਲ ਪਾਕਿਸਤਾਨ ਵਿਚਲੇ ਸਾਰੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੁਨੀਆਂ ਭਰ ਦੇ ਖਾਸ ਤੌਰ ’ਤੇ ਭਾਰਤ ਦੇ ਲੋਕ ਕਰ ਸਕਣ।