ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਵਰਕਰਾਂ ਨੂੰ ਡੱਟਣ ਦਾ ਸੱਦਾ

TeamGlobalPunjab
3 Min Read

ਅਬੋਹਰ, 2 ਅਪ੍ਰੈਲ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ ਪਾਰਟੀ ਵਰਕਰਾਂ ਨਾਲ ਬੈਠਕ ਦੌਰਾਨ ਉਨਾਂ ਨੂੰ ਮੋਦੀ ਸਰਕਾਰ ਦੀਆਂ ਗਰੀਬ, ਕਿਸਾਨ ਅਤੇ ਵਪਾਰੀ ਵਿਰੋਧੀ ਦਮਨਕਾਰੀ ਨੀਤੀਆਂ ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ।

ਇਸ ਮੌਕੇ ਵਰਕਰਾਂ ਨਾਲ ਬੈਠਕ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬੀਆਂ ਵੱਲੋਂ ਕਾਲੇ ਕਾਨੂੰਨਾਂ ਖਿਲਾਫ ਲੜੇ ਜਾ ਰਹੇ ਸਾਂਝੇ ਸੰਘਰਸ਼ ਦਾ ਬਦਲਾ ਲੈਣ ਲਈ ਰਾਜ ਵਿਚ ਕਣਕ ਦੀ ਸਰਕਾਰੀ ਖਰੀਦ ਵਿਚ ਅੜਿੱਕੇ ਡਾਹ ਰਹੀ ਹੈ। ਉਨਾਂ ਨੇ ਕਿਹਾ ਕਿ ਇਕ ਪਾਸੇ ਹਾਲੇ ਤੱਕ ਰਾਜ ਲਈ ਸੀਸੀਐਲ ਲਿਮਟ ਜਾਰੀ ਨਹੀਂ ਕੀਤੀ ਗਈ ਹੈ ਜਦ ਕਿ ਫਸਲ ਦੀ ਸਿੱਧੀ ਅਦਾਇਗੀ ਦਾ ਰੇੜਕਾ ਪਾ ਕੇ ਮੋਦੀ ਸਰਕਾਰ ਕਿਸਾਨਾਂ ਦਾ ਸਾਥ ਦੇਣ ਲਈ ਆੜਤੀਆਂ ਨੂੰ ਵੀ ਨਿਸ਼ਾਨਾਂ ਬਣਾ ਰਹੀ ਹੈ ਜਦ ਕਿ ਰਾਜ ਦੇ ਮੰਡੀਕਰਨ ਢਾਂਚੇ ਨੂੰ ਅਜਿਹਾ ਕਰਕੇ ਤਬਾਹ ਕਰਨਾ ਚਾਹੁੰਦੀ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਵਰਿਆਂ ਤੋਂ ਸਫਲਤਾ ਨਾਲ ਚੱਲ ਰਹੇ ਮੰਡੀਕਰਨ ਦੀ ਪ੍ਰਿਆ ਵਿਚ ਤਬਦੀਲੀਆਂ ਦਾ ਉਦੇਸ਼ ਕੇਵਲ ਕਿਸਾਨਾਂ ਨੂੰ ਪ੍ਰੇਸ਼ਾਨ ਕਰਨਾ ਹੈ ਅਤੇ ਭਾਜਪਾ ਸਰਕਾਰ ਅਜਿਹਾ ਜਾਣਬੁਝ ਕੇ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਆਉਂਦੇ ਝੋਨੇ ਦੇ ਮੰਡੀਕਰਨ ਸੀਜਨ ਦੌਰਾਨ ਤਾਂ ਭਾਜਪਾ ਦੀ ਕੇਂਦਰ ਸਰਕਾਰ ਦਾ ਜਬਰ ਇਸਤੋਂ ਵੀ ਵਧੇਰੇ ਹੋਵੇਗਾ ਕਿਉਂਕਿ ਉਸਤੋਂ ਤੁੰਰਤ ਬਾਅਦ ਰਾਜ ਵਿਚ ਚੋਣਾਂ ਹੋਣਗੀਆਂ।

- Advertisement -

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਗਰੀਬ ਦੇ ਨਾਂਅ ਤੇ ਵੋਟਾਂ ਲੈ ਕੇ ਪ੍ਰਧਾਨ ਮੰਤਰੀ ਬਣੇ ਸਨ ਅੱਜ ਉਸੇ ਗਰੀਬ ਨੂੰ ਭੁੱਲ ਗਏ ਹਨ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੀ ਤਰਾਂ ਕਾਰਪੋਰੇਟਾਂ ਦੇ ਹਿੱਤ ਸਾਧਣ ਵਿਚ ਲੱਗੀ ਹੋਈ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਆਪਣੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਦੀਆਂ ਵਧੀਕੀਆਂ ਖਿਲਾਫ ਵੀ ਹਰ ਕਾਨੂੰਨੀ ਤਰੀਕੇ ਨਾਲ ਲੜ ਰਹੀ ਹੈ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ  ਆਪਣੇ ਸੀਮਤ ਸਾਧਨਾ ਰਾਹੀਂ ਕਿਸਾਨਾਂ ਦੇ ਕਰਜੇ ਮਾਫੀ, ਬੱਸਾਂ ਵਿਚ ਔਰਤਾਂ ਦਾ ਕਿਰਾਇਆ ਮਾਫੀ, ਬੇਜਮੀਨੇ ਲੋਕਾਂ ਦੇ ਕਰਜ ਦੀ ਮਾਫੀ, 46 ਲੱਖ ਪਰਿਵਾਰਾਂ  ਦਾ ਸਿਹਤ ਬੀਮਾ, ਆਸੀਰਵਾਦ ਸਕੀਮ ਵਿਚ ਵਾਧਾ , ਪੈਨਸ਼ਨ ਦੁੱਗਣੀ ਕਰਨ, ਵਿਦਿਆਰਥੀਆਂ ਨੂੰ ਸਮਾਰਟ ਫੋਨ ਵਰਗੀਆਂ ਅਨੇਕਾਂ ਲੋਕਭਲਾਈ ਦੀਆਂ ਸਕੀਮਾਂ ਬਣਾ ਕੇ ਲਾਗੂ ਕੀਤੀਆਂ ਹਨ। ਉਨਾਂ ਨੇ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਘਰ ਘਰ ਤੱਕ ਪੁੱਜਦੀ ਕਰਨ ਲਈ ਵਰਕਰਾਂ ਨੂੰ ਕਿਹਾ।

ਅਬੋਹਰ ਸ਼ਹਿਰ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਲਈ ਵੱਡੀ ਰਕਮ ਦਾ ਪ੍ਰਬੰਧ ਕਰਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਸ ਦੇ ਸਾਰਥਕ ਨਤੀਜੇ ਜਲਦ ਸਭ ਦੇ ਸਾਹਮਣੇ ਹੋਣਗੇ ਅਤੇ ਸ਼ਹਿਰ ਦੀ ਪੂਰਾਣੀ ਆਭਾ ਮੁੜ ਬਹਾਲ ਹੋਵੇਗੀ।

Share this Article
Leave a comment