ਬਠਿੰਡਾ : ਦੇਸ਼ ਅੰਦਰ ਵੱਧ ਰਹੇ ਕੋਰੋਨਾ ਵਾਇਰਸ ਦੌਰਾਨ ਗਰੀਬ ਪਰਿਵਾਰਾਂ ਅਤੇ ਮਜ਼ਦੂਰਾਂ ਲਈ ਹਜ਼ਾਰਾਂ ਹੀ ਸਮਾਜਸੇਵੀ ਸੰਸਥਾਵਾਂ ਭੋਜਨ ਮੁਹਈਆ ਕਰਵਾ ਰਹੀਆਂ ਹਨ । ਉਥੇ ਹੀ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਦਿੱਲ੍ਹੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਵੀ ਵੱਡੀ ਗਿਣਤੀ ਵਿਚ ਲੰਗਰ ਲਗਾਏ ਜਾ ਰਹੇ ਹਨ । ਇਨ੍ਹਾਂ ਲੰਗਰਾਂ ਸਬੰਧੀ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਕ ਵਿਸ਼ੇਸ਼ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋ ਤੋਂ ਕੋਰੋਨਾ ਵਾਇਰਸ ਕਾਰਨ ਲੌਕ ਡਾਊਨ ਕੀਤਾ ਗਿਆ ਹੈ ਤਾਂ ਉਦੋਂ ਤੋਂ ਹੀ ਜੋ ਲੋਕ ਸਵੇਰੇ ਕਮਾ ਕੇ ਸ਼ਾਮ ਨੂੰ ਖਾਂਦੇ ਸਨ ਉਨ੍ਹਾਂ ਲੋਕਾਂ ਤੇ ਵੱਡੀ ਮੁਸੀਬਤ ਆਈ ਹੈ ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਐਸਜੀਪੀਸੀ ਅਤੇ ਦਿੱਲੀ ਵਿਚ ਡੀਐਸਜੀਐਮਸੀ ਵਲੋਂ ਇਨ੍ਹਾਂ ਗਰੀਬਾਂ ਨੂੰ ਵਡੇ ਪੱਧਰ ਤੇ ਖਾਣਾ ਮੁਹਈਆ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਐਸਜੀਪੀਸੀ ਹਰ ਦਿਨ 5 ਲੱਖ ਗਰੀਬਾਂ ਨੂੰ ਖਾਣਾ ਮੁਹਈਆ ਕਰਵਾ ਰਹੀ ਹੈ ਅਤੇ ਡੀਐਸਜੀਐਮਸੀ ਹਰ ਦਿਨ 1 ਲੱਖ ਲੋਕਾਂ ਨੂੰ ਲੰਗਰ ਛਕਾ ਰਹੀ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਕੋਲ ਵੀ ਭੰਡਾਰ ਘਟਣ ਲੱਗ ਗਏ ਹਨ ਕਿਓਂਕਿ ਪਿੱਛੇ ਤੋਂ ਇਨ੍ਹਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ । ਬੀਬੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਮੰਗ ਰਹੀ ਸੀ ਕਿ ਜਿਸ ਤਰ੍ਹਾਂ ਪੀਡੀਐਸ ਨਾਲ ਰਾਜਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਇਨ੍ਹਾਂ ਦੋਵਾਂ ਸੰਸਥਾਵਾਂ ਨੂੰ ਦਿੱਤਾ ਜਾਵੇ । ਬੀਬੀ ਬਾਦਲ ਨੇ ਕਿਹਾ ਕਿ ਇਸ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਸਹਿਮਤੀ ਮਿਲ ਗਈ ਹੈ ।