ਲੁਧਿਆਣਾ : ਸੱਤਾਧਾਰੀ ਕੈਪਟਨ ਸਰਕਾਰ ਵਿਰੁੱਧ ਅਕਾਲੀ ਆਗੂਆਂ ਵੱਲੋਂ ਲਗਾਤਾਰ ਬਿਆਨਬਾਜੀਆਂ ਕੀਤੀਆਂ ਜਾਂਦੀਆਂ ਹਨ। ਇਸ ਦੇ ਚਲਦਿਆਂ ਬੀਤੀ ਹਰਸਿਮਰਤ ਕੌਰ ਬਾਦਲ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਬੀਬੀ ਬਾਦਲ ਦਾ ਕਹਿਣਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕਹੀ ਪਰ ਇਹ ਕਿਧਰੇ ਵੀ ਦਿਖਾਈ ਨਹੀਂ ਦਿੰਦਾ ਕਿ ਕਿਸ ਨੌਜਵਾਨ ਨੂੰ ਨੌਕਰੀ ਮਿਲੀ ਹੈ।
ਇੱਥੇ ਫੂਡ ਪਾਰਕ ਦਾ ਉਦਘਾਟਨ ਕਰਨ ਪਹੁੰਚੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਧਰੇ ਵੀ ਇੱਕ ਵੀ ਨੌਜਵਾਨ ਅਜਿਹਾ ਉਨ੍ਹਾਂ ਨੂੰ ਦਿਖਾਓ ਜਿਸ ਨੂੰ ਨੌਕਰੀ ਮਿਲੀ ਹੋਵੇ। ਇੱਥੇ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਬੀਤੇ ਦਿਨੀਂ ਮਿਲੇ ਆਇਡਲ ਚੀਫ ਮਨਿਸਟਰ ਅਵਾਰਡ ‘ਤੇ ਵੀ ਸਵਾਲ ਖੜ੍ਹੇ ਕਰਦਿਆਂ ਲੇਜ਼ੀ ਚੀਫ ਮਨਿਸਟਰ ਅਵਾਰਡ ਘੋਸ਼ਿਤ ਕਰ ਦਿੱਤਾ। ਬੀਬੀ ਬਾਦਲ ਨੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਨਾਨ ਸੀਰੀਅਸ ਮੁੱਖ ਮੰਤਰੀ ਘੋਸ਼ਿਤ ਕਰ ਦਿੱਤਾ। ਇੱਥੇ ਹੀ ਉਨ੍ਹਾਂ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਹੋ ਸਕਦੀ। ਇੱਥੇ ਹੀ ਬੀਤੀ ਕੱਲ੍ਹ ਢੀਂਡਸਿਆਂ ਦੀ ਰੈਲੀ ਵਿੱਚ ਸੁਖਬੀਰ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਪੇਸ਼ ਕੀਤੇ ਗਏ ਮਤੇ ਬਾਰੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਉਹ ਜਿਹੜੇ ਲੋਕਾਂ ਨੇ ਮਤਾ ਪਾਸ ਕੀਤਾ ਹੈ ਉਹ ਸਾਰੇ ਨਕਾਰੇ ਹੋਏ ਹਨ।

