ਚੰਡੀਗੜ੍ਹ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਅਪੀਲ ਕੀਤੀ ਕਿ ਦਸੰਬਰ ਅਤੇ ਮਾਰਚ ਮਹੀਨਿਆਂ ਦਰਮਿਆਨ ਕਿੰਨੂਆਂ ਦੇ ਸੀਜ਼ਨ ਦੌਰਾਨ ਅਬੋਹਰ ਤੋਂ ਬੰਗਲੌਰ ਅਤੇ ਅਬੋਹਰ ਤੋਂ ਕੋਲਾਕਾਤਾ ਲਈ ਫ਼ਰਿੱਜ ਵਾਲੀਆਂ ਬੋਗੀਆਂ ਨਾਲ ਲੈਸ ਇਕ ਕਿਸਾਲ ਰੇਲ ਸ਼ੁਰੂਆਤ ਕੀਤੀ ਜਾਵੇ ਤਾਂ ਜੋ ਪੰਜਾਬ, ਰਾਜਸਥਾਨ ਤੇ ਹਰਿਆਣਾ ਦੇ ਕਿੰਨੂ ਉਤਪਾਦਕ ਕਿਸਾਨਾਂ ਨੂੰ ਲਾਭ ਮਿਲ ਸਕੇ।
ਹਰਸਿਮਰਤ ਕੌਰ ਬਾਦਲ, ਜਿਹਨਾਂ ਨੇ ਇਸ ਸਬੰਧ ਵਿਚ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਪੱਤਰ ਲਿਖਿਆ, ਨੇ ਕਿਸਾਨ ਰੇਲ ਪਹਿਲਦਮੀ ਲਈ ਉਹਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਿੰਨੂ ਪੈਦਾਵਾਰ ਦੇ ਕਲੱਸਟਰ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਵਿਚ ਇਕ ਲੱਖ ਹੈਕਟੇਅਰ ਵਿਚ ਫੈਲੇ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਅਬੋਹਰ ਸ਼ਹਿਰ ਕਿੰਨੂਆਂ ਲਈ ਸਥਾਨਕ ਮੰਡੀ ਵਜੋਂ ਕੰਮ ਕਰਦਾ ਹੈ ਜਿਥੇ ਹਰ ਸਾਲ ਪੱਚੀ ਲੱਖ ਮੀਟਰਿਕ ਟਨ ਕਿੰਨੂ ਦਾ ਮੰਡੀਕਰਣ ਹੁੰਦਾ ਹੈ। ਉਹਨਾਂ ਕਿਹਾ ਕਿ ਅਬੋਹਰ ਤੋਂ ਸ਼ੁਰੂ ਹੋਣ ਵਾਲੀ ਕਿਸਾਨ ਰੇਲ ਦੱਖਣ ਤੇ ਪੂਰਬੀ ਰਾਜਾਂ ਵਿਚ ਕਿੰਨੂ ਲਿਜਾ ਸਕਦੀ ਹੈ ਜਿਥੇ ਫਲਾਂ ਦੀ ਵੱਡੀ ਮੰਡੀ ਹੈ। ਉਹਨਾਂ ਕਿਹਾ ਕਿ ਬੰਗਲੌਰ ਅਤੇ ਕੋਲਕਾਤਾ ਵਿਚ ਫਲਾਂ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਹਨ ਜਿਥੋਂ ਬੰਗਲਾਦੇਸ਼ ਨੂੰ ਵੱਡੀ ਮਾਤਰਾ ਵਿਚ ਬਰਾਮਦ ਹੁੰਦੀ ਹੈ।
Have requested @PiyushGoyal ji to start a #KisanRail with refrigerated bogies from Abohar to Bangalore & Kolkata during kinnow season.This will be a boon for growers of Punjab, Haryana & R’sthan besides improving export potential of kinnow to B’desh & South-East Asian countries. pic.twitter.com/INvhDFySfJ
— Harsimrat Kaur Badal (@HarsimratBadal_) August 10, 2020
ਬਾਦਲ ਨੇ ਕਿਹਾ ਕਿ ਇਸ ਵੇਲੇ ਇਸ ਛੇਤੀ ਖਰਾਬ ਹੋ ਜਾਣ ਵਾਲੀ ਫਸਲ ਦਾ ਸਿਰਫ 35 ਤੋਂ 40 ਫੀਸਦੀ ਹੀ ਖਪਤਕਾਰਾਂ ਤੱਕ ਪੁੱਜ ਪਾਉਂਦਾ ਹੈ। ਬਾਕੀ ਦੀ ਪੈਦਾਵਾਰ ਸੜਕੀ ਆਵਾਜਾਈ ਰਾਹੀਂ ਲੰਬੀ ਦੂਰੀ ਤੱਕ ਮਾਲ ਲਿਜਾਣ ਵੇਲੇ ਤਾਪਮਾਨ ਵੱਧ ਹੋਣ ਕਾਰਨ ਖਰਾਬ ਹੋ ਜਾਂਦਾ ਹੈ ਤੇ ਕਿਸਾਨਾਂ ਨੂੰ ਘਾਟਾ ਪੈਂਦਾ ਹੈ। ਉਹਨਾਂ ਕਿਹਾ ਕਿ ਫਰਵਰੀ ਤੇ ਮਾਰਚ ਦੇ ਮਹੀਨਿਆਂ ਦੌਰਾਨ ਜਦੋਂ ਤੁੜਾਈ ਸਿਖ਼ਰਾਂ ‘ਤੇ ਹੁੰਦੀ ਹੈ, ਉਦੋਂ ਮੁਸ਼ਕਿਲ ਹੋਰ ਵੱਧ ਜਾਂਦੀ ਹੈ ਕਿਉਂਕਿ ਦੱਖਣੀ ਤੇ ਪੂਰਬੀ ਰਾਜਾਂ ਵਿਚ ਤਾਪਮਾਨ ਵਧਣ ਲੱਗ ਜਾਂਦਾ ਹੈ।
ਕੇਂਦਰੀ ਮੰਤਰੀ ਨੇ ਰੇਲ ਮੰਤਰੀ ਨੂੰ ਭਰੋਸਾ ਦੁਆਇਆ ਕਿ ਉਹਨਾਂ ਨੂੰ ਇਲਾਕੇ ਦੇ ਕਿਸਾਨਾਂ ਅਤੇ ਵਪਾਰੀਆਂ ਨੇ ਵਿਸ਼ਵਾਸ ਦੁਆਇਆ ਹੈ ਕਿ ਕਿਸਾਨ ਰੇਲ ਦੀ ਪੂਰੀ ਸਮਰਥਾ ਨਾਲ ਵਰਤੋਂ ਕੀਤੀ ਜਾਵੇਗੀ ਅਤੇ ਇਹ ਰੇਲਵੇ ਲਈ ਚੰਗਾ ਉਦਮ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਤਿੰਨ ਰਾਜਾਂ ਦੇ ਕਿਸਾਨਾਂ ਦੀ ਮਦਦ ਦੇ ਨਾਲ ਨਾਲ ਕਿਸਾਨ ਰੇਲ ਫਲ ਨੂੰ ਬੰਗਲਾਦੇਸ਼ ਅਤੇ ਹੋਰ ਦੱਖਣੀ ਪੂਰਬੀ ਏਸ਼ੀਆਈ ਮੁਲਕਾਂ ਵਿਚ ਬਰਾਮਦ ਕਰਨ ਦੀਆਂ ਸੰਭਾਵਨਾਵਾਂ ਵੀ ਵਧਾਏਗੀ।