ਨਵੀਂ ਦਿੱਲੀ/ਚੰਡੀਗੜ੍ਹ : ਸੰਸਦ ਦੇ ਇਜਲਾਸ ਦੌਰਾਨ ਖੇਤੀ ਕਾਨੂੰਨਾਂ ਖ਼ਿਲਾਫ਼ ਪਾਰਲੀਮੈਂਟ ਦੇ ਬਾਹਰ ਵਿਰੋਧ ਕਰ ਰਹੀ ਹਰਸਿਮਰਤ ਕੌਰ ਬਾਦਲ ਅਤੇ ਰਵਨੀਤ ਬਿੱਟੂ ਵਿਚਾਲੇ ਤਿੱਖੀ ਬਿਹਸ ਹੋ ਗਈ। ਦੋਵਾਂ ਨੇ ਇਕ ਦੂਜੇ ‘ਤੇ ਦੋਸ਼ ਲਗਾਉਂਦੇ ਹੋਏ ਖੂਬ ਬਹਿਸ ਕੀਤੀ।
ਹਰਸਿਮਰਤ ਬਾਦਲ ਲੀਡਰਾਂ ਨੂੰ ਕਣਕ ਦੀਆਂ ਬੱਲੀਆਂ ਦੇ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਸੀ ਅਤੇ ਇਸ ਦੌਰਾਨ ਜਦੋਂ ਰਵਨੀਤ ਬਿੱਟੂ ਪਾਰਲੀਮੈਂਟ ‘ਚ ਦਾਖਲ ਹੋਣ ਲੱਗੇ ਤਾਂ ਬਿੱਟੂ ਨੇ ਹਰਸਿਮਰਤ ‘ਤੇ ਖੇਤੀ ਕਾਨੂੰਨਾਂ ਨੂੰ ਲੈ ਕਿਹਾ ਕਿ ਉਹ ਵੀ ਕਾਨੂੰਨ ਬਣਨ ਵੇਲੇ ਮੋਦੀ ਸਰਕਾਰ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ, ‘ਸੰਸਦ ਵਿਚ ਕਾਨੂੰਨ ਪਾਸ ਕਰਵਾਉਣ ਵਾਲੇ ਇਹੀ ਨੇ ਤੇ ਹੁਣ ਨਾਟਕ ਕਰ ਰਹੇ ਹਨ।’ ਜਿਸ ਤੋਂ ਬਾਅਦ ਦੋਵਾਂ ‘ਚ ਵਿਚਕਾਰ ਤਿੱਖੀ ਬਹਿਸ ਹੋ ਗਈ।
ਇਸ ਤੋਂ ਇਲਾਵਾ ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘ਹਰਸਿਮਰਤ ਬਾਦਲ ਬਿੱਲ ਪਾਸ ਹੋਣ ਤੋਂ ਬਾਅਦ ਪਾਰਲੀਮੈਂਟ ਦੇ ਬਾਹਰ ਡਰਾਮਾ ਕਰਦੇ ਨਜ਼ਰ ਆਉਂਦੇ ਨੇ ਪਰ ਬਿੱਲ ਪਾਸ ਹੋਣ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਦੇ ਅੰਦਰ ਬੋਲਣ ਦਾ ਮੌਕਾ ਸੀ ਓਦੋਂ ਇਨ੍ਹਾਂ ਨੇ ਮੋਦੀ ਸਰਕਾਰ ਦੀ ਕੈਬਿਨੇਟ ਵਿੱਚ ਬੈਠ ਕੇ ਕਾਲੇ ਕਾਨੂੰਨਾਂ ਨੂੰ ਪਾਸ ਕਰਾਇਆ।’ ਇਸ ਦੇ ਨਾਲ ਹੀ ਬਿੱਟੂ ਨੇ ਲਿਖਿਆ, ‘ਇਨ੍ਹਾਂ ਨੂੰ ਠੋਕਵਾਂ ਜਵਾਬ ਦੇ ਕੇ ਇਨ੍ਹਾਂ ਨੂੰ ਅੱਜ ਸ਼ੀਸ਼ੇ ਵਿੱਚ ਇਨ੍ਹਾਂ ਦਾ ਸੱਚ ਦਿਖਾਇਆ, ਤੇ ਇੱਕ ਗੱਲ ਹੋਰ ਇਹ ਅਸਤੀਫਾ-ਅਸਤੀਫਾ ਕਰਦੇ ਨੇ ਬਿੱਲ ਪਾਸ ਹੋਣ ਮਗਰੋਂ ਅਸਤੀਫਾ ਦੇ ਕੇ ਆਪਣੀ ਕੁਰਬਾਨੀ ਦੱਸਦੇ, ਜੇ ਅਸਤੀਫਾ ਦੇਣਾ ਹੁੰਦਾ ਤੇ ਨਿਯਤ ਸਾਫ ਹੁੰਦੀ ਤਾਂ ਬਿੱਲ ਪਾਸ ਹੋਣ ਤੋਂ ਪਹਿਲਾਂ ਅਸਤੀਫਾ ਦਿੰਦੇ।’