ਚੰਨੀ ਕੋਲ ਕੋਈ ਨੈਤਿਕਤਾ ਨਹੀਂ, ਉਸਨੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ‘ਚ ਆਪਣੇ ਭਰਾ ਦਾ ਨਾਂ ਕੱਢਵਾਉਣ ਲਈ ਮੇਰੇ ਕੋਲ ਪਹੁੰਚ ਕੀਤੀ ਸੀ: ਸੁਖਬੀਰ ਬਾਦਲ

TeamGlobalPunjab
4 Min Read

ਦਸੂਹਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਕੋਈ ਨੈਤਿਕਤਾ ਨਹੀਂ ਹੈ ਤੇ ਉਹਨਾਂ ਨੇ ਤਾਂ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿਚੋਂ ਆਪਣੇ ਭਰਾ ਮਨਮੋਹਨ ਸਿੰਘ ਦਾ ਨਾਂ ਕੱਢਵਾਉਣ ਵਾਸਤੇ ਉਹਨਾਂ ਕੋਲ ਪਹੁੰਚ ਕੀਤੀ ਸੀ।

ਇਥੇ ਬਸਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਪਿੰਕੀ ਸ਼ਰਮਾ ਦੇ ਹੱਥ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਸ ਵੇਲੇ ਸਿਟੀ ਸੈਂਟਰ ਘੁਟਾਲੇ ਵਿਚੋਂ ਆਪਣੇ ਭਰਾ ਨੁੰ ਬਚਾਉਣ ਲਈ ਚੰਨੀ ਨੂੰ ਮੇਰੇ ਕੋਲ ਆਉਣ ਵਿਚ ਕੋਈ ਹਿਚਕਿਚਾਹਟ ਨਹੀਂ ਸੀ। ਉਹਨਾਂ ਕਿਹਾ ਕਿ ਉਸ ਵੇਲੇ ਉਹਨਾਂ ਤਰਲੇ ਕੱਢੇ ਤੇ ਆਜ਼ਾਦ ਉਮੀਦਵਾਰ ਵਜੋਂ ਆਪਣੀ ਹਮਾਇਤ ਅਕਾਲੀ ਦਲ ਨੂੰ ਦਿੱਤੀ।

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੁੰ ਆਖਿਆ ਕਿ ਉਹ ਪਹਿਲਾਂ ਉਸ ਤਰੀਕੇ ’ਤੇ ਝਾਤ ਮਾਰਨ ਜਿਸ ਤਰੀਕੇ ਉਹਨਾਂ ਭ੍ਰਿਸ਼ਟਾਚਾਰ ਵਿਚ ਫਸੇ ਆਪਣੇ ਪਰਿਵਾਰ ਦੇ ਮੈਂਬਰਾਂ ਨੁੰ ਬਚਾਉਣ ਲਈ ਕਿਸ ਤਰੀਕੇ ਤਰਲੇ ਕੀਤੇ ਸਨ। ਉਹਨਾਂ ਕਿਹਾ ਕਿ ਤੁਹਾਡਾ ‘ਮੀ ਟੂ’ ਮਾਮਲਾ ਵੀ ਹਾਲੇ ਲੋਕਾਂ ਦੇ ਮਨਾਂ ਵਿਚ ਤਾਜ਼ਾ ਹੈ। ਉਹਨਾਂ ਕਿਹਾ ਕਿ ਕੀ ਇਹ ਤੁਹਾਨੂੰ ਸੋਭਦਾ ਹੈ ਕਿ ਤੁਸੀਂ ਨੈਤਿਕਤਾ ਦੀ ਗੱਲ ਕਰੋ ਜਾਂ ਫਿਰ ਭ੍ਰਿਸ਼ਟਾਾਚਰ ਬਾਰੇ ਗੱਲ ਕਰੋ ਜਿਸਦੀ ਅਗਵਾਈ ਤੁਸੀਂ ਆਪ ਕਰਦੇ ਰਹੇ ਹੋ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ। ਉਹਨਾਂ ਕਿਹਾ ਕਿ ਤੁਸੀਂ ਜਿਹੜੇ ਸਾਢੇ ਪੰਜ ਰੁਪਏ ਫੁੱਟ ਰੇਤਾ ਲੋਕਾਂ ਵਾਸਤੇ ਕਰਨ ਦਾ ਦਾਅਵਾ ਕੀਤਾ ਸੀ, ਉਹ ਕਿਥੇ ਹੈ ਉਹਨਾਂ ਕਿਹਾ ਕਿ ਤੁਹਾਡੇ ਵੱਲੋਂ ਬਿਜਲੀ ਬਿੱਲਾਂ ਵਿਚ 3 ਰੁਪਏ ਪ੍ਰਤੀ ਯੂਨਿਟ ਦੀ ਕਟੋਤੀ ਦਾ ਐਲਾਨ ਕਰਨ ਦੇ ਬਾਵਜੂਦ ਖਪਤਕਾਰਾਂ ਨੁੰ ਪਹਿਲਾਂ ਦੀਆਂ ਦਰਾਂ ਮੁਤਾਬਕ ਬਿੱਲ ਕਿਉਂ ਮਿਲ ਰਹੇ ਹਨ?

- Advertisement -

ਬਾਦਲ ਨੇ ਕਿਹਾ ਕਿ ਚੰਨੀ ਪੰਜਾਬੀਆਂ ਨੂੰ ਧੋਖਾ ਦੇਣ ਲਈ ਝੁਠ ਬੋਲ ਰਹੇ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਦਾ ਖਰੜ-ਰੋਪੜ ਪੱਟੀ ’ਤੇ ਗੈਰ ਕਾਨੂੰਨੀ ਮਾਇਨਿੰਗ ’ਤੇ ਪੂਰਾ ਕਬਜ਼ਾ ਹੈ। ਉਹਨਾਂ ਕਿਹਾ ਕਿ ਇਹੀ ਨਹੀਂ ਬਲਕਿ ਚੰਨੀ ਸੂਬੇ ਦੇ ਸਭ ਤੋਂ ਵੱਡੇ ਗੈਰ ਕਾਨੂੰਨੀ ਕਲੌਨਾਈਜ਼ਰ ਹਨ।

ਜਦੋਂ ਉਹਨਾਂ ਤੋਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉਸ ਦਾਅਵੇ ਬਾਰੇ ਪੁੱਛਿਆ ਗਿਆ ਜਿਸ ਵਿਚ ਉਹਨਾਂ ਕਿਹਾ ਹੈ ਕਿ ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਨੇ 14 ਕਰੋੜ ਰੁਪਏ ਟੈਕਸਾਂ ਦੇ ਬਕਾਏ ਦੇਣੇ ਸਨ, ਜੋ ਉਹਨਾਂ ਨੇ ਉਗਰਾਹੇ ਹਨ ਤਾਂ ਬਾਦਲ ਨੇ ਕਿਹਾ ਕਿ ਇਹ ਕੋਰਾ ਝੂਠ ਹੈ। ਉਹਨਾਂ ਕਿਹਾ ਕਿ ਮੈਂ ਰਾਜਾ ਵੜਿੰਗ ਨੁੰ ਚੁਣੌਤੀ ਦਿੰਦਾ ਹਾਂ ਕਿ ਉਹ ਇਹਨਾਂ ਦੀਆਂ ਰਸੀਦਾਂ ਵਿਖਾਵੇ। ਉਹਨਾਂ ਕਿਹਾ ਕਿ 14 ਕਰੋੜ ਰੁਪਏ ਦੀ ਗੱਲ ਛੱਡੋ ਮੈਂ ਇਹ ਕਹਿੰਦਾ ਹਾਂ ਕਿ 10 ਕਰੋੜ ਜਾਂ 5 ਕਰੋੜ ਦੀਆਂ ਰਸੀਦਾਂ ਹੀ ਵਿਖਾ ਦੇਵੇ ਜੋ ਮੇਰੇ ਪਰਿਵਾਰ ਦੀ ਮਾਲਕੀ ਵਾਲੀ ਕਿਸੇ ਵੀ ਟਰਾਂਸਪੋਰਟ ਕੰਪਨੀ ਤੋਂ ਉਗਰਾਹਿਆ ਹੋਵੇ।
ਇਸ ਦੌਰਾਨ ਇਕ ਵੱਡਾ ਐਲਾਨ ਕਰਦਿਆਂ ਬਾਦਲ ਨੇ ਕਿਹਾ ਕਿ ਕੰਡੀ ਇਲਾਕੇ ਦੇ ਵਿਕਾਸ ਵਾਸਤੇ ਵੱਖਰਾ ਮੰਤਰਾਲਾ ਬਣਾਉਣ ਤੋਂ ਇਲਾਵਾ ਅਕਾਲੀ ਦਲ ਤੇ ਬਸਪਾ ਸਰਕਾਰ ਬਦਨ ’ਤੇ ਕੰਡੀ ਇਲਾਕੇ ਵਿਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਵਿਸ਼ੇਸ਼ ਨੀਤੀ ਬਣਾਈ ਜਾਵੇਗੀ।

ਇਸ ਤੋਂ ਪਹਿਲਾਂ ਸਵੇਰੇ ਇਥੇ ਪਹੁੰਚਣ ’ਤੇ ਬਾਦਲ ਦਾ ਨਿੱਘਾ ਸਵਾਗਤ ਕੀਤਾ ਗਿਆ। ਉਤਸ਼ਾਹਿ ਇੰਨਾ ਜ਼ਿਆਦਾ ਸੀ ਕਿ ਸੈਂਕੜੇ ਨੌਜਵਾਨ ਸਾਰਾ ਦਿਨ ਹਲਕੇ ਵਿਚ ਉਹਨਾਂ ਦੇ ਨਾਲ ਰਹੇ। ਉਹਨਾਂ ਨੇ ਪਿੰਡ ਬੋਦਲ ਬੇਰ ਸ਼ਾਹ, ਬੁਢੋ ਬਰਕਤ, ਘੋਗਰਾ ਤੇ ਤਲਵਾੜਾ ਵਿਚ ਜਨਤਕ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ ਤੇ ਗੁਰਦੁਆਰਾ ਗਰਨਾ ਸਾਹਿਬ ਤੇ ਤਪ ਅਸਥਾਨ ਬਾਬਾ ਘੜ੍ਹਾ ਦਾਸ ਜੀ ਵਿਖੇ ਮੱਥਾ ਵੀ ਟੇਕਿਆ।

Share this Article
Leave a comment