ਨਵੀਂ ਦਿੱਲੀ- ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਕਾਰਨ ਦੁਨੀਆ ਦੇ ਕਈ ਦੇਸ਼ਾਂ ‘ਚ ਰੋਜ਼ਾਨਾ ਮਾਮਲਿਆਂ ‘ਚ ਭਾਰੀ ਉਛਾਲ ਆ ਰਿਹਾ ਹੈ। ਭਾਰਤ ਵਿੱਚ ਵੀ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦਾ ਅਸਰ 26 ਜਨਵਰੀ ਯਾਨੀ ਗਣਤੰਤਰ ਦਿਵਸ ਦੀ ਪਰੇਡ ‘ਤੇ ਵੀ ਨਜ਼ਰ ਆ ਰਿਹਾ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਜਪਥ ‘ਤੇ ਪਰੇਡ ਦਾ ਆਯੋਜਨ ਬਿਨਾਂ ਕਿਸੇ ਵਿਦੇਸ਼ੀ ਨੇਤਾ ਦੇ ਮੁੱਖ ਮਹਿਮਾਨ ਵਜੋਂ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਸਮਾਰੋਹ ਲਈ ਮੁੱਖ ਮਹਿਮਾਨ ਵਜੋਂ ਪੰਜ ਮੱਧ ਏਸ਼ੀਆਈ ਦੇਸ਼ਾਂ (ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ) ਦੇ ਨੇਤਾਵਾਂ ਨੂੰ ਸੱਦਾ ਦਿੱਤਾ ਸੀ। ਹਾਲਾਂਕਿ ਇਸ ਸਬੰਧੀ ਕਿਸੇ ਵੀ ਦੇਸ਼ ਵੱਲੋਂ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ। ਪਿਛਲੇ ਕੁਝ ਹਫ਼ਤਿਆਂ ਵਿੱਚ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਦੇ ਤੇਜ਼ੀ ਨਾਲ ਫੈਲਣ ਅਤੇ ਕਜ਼ਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਵਿੱਚ 220 ਤੋਂ ਵੱਧ ਲੋਕਾਂ ਦੀ ਮੌਤ ਹੋਣ ਕਾਰਨ ਇਨ੍ਹਾਂ ਦੇਸ਼ਾਂ ਦੇ ਨੇਤਾਵਾਂ ਨੇ ਭਾਰਤ ਦੌਰੇ ਨੂੰ ਮੁਲਤਵੀ ਕਰ ਦਿੱਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਦੌਰਾ ਆਖਰੀ ਸਮੇਂ ਵਿੱਚ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਨੇ ਮੁੱਖ ਮਹਿਮਾਨ ਤੋਂ ਬਿਨਾਂ ਗਣਤੰਤਰ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਸੀ। 2021 ਤੋਂ ਪਹਿਲਾਂ ਆਖਰੀ ਵਾਰ 1996 ਦੇ ਸਮਾਰੋਹ ਵਿੱਚ ਮੁੱਖ ਮਹਿਮਾਨ ਨਹੀਂ ਸਨ।