ਸੰਘੀ ਢਾਂਚੇ ਬਾਰੇ ‘900 ਚੂਹੇ ਖਾ ਕੇ ਹੱਜ ਨੂੰ ਚੱਲੀ ਬਿੱਲੀ’ ਵਰਗੀਆਂ ਗੱਲਾਂ ਨਾ ਕਰਨ ਬਾਦਲ- ਹਰਪਾਲ ਚੀਮਾ

TeamGlobalPunjab
2 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਕਾਲੀ ਦਲ ਬਾਦਲ ਵੱਲੋਂ ਕੇਂਦਰ ਦੁਆਰਾ ‘ਰਾਜਾਂ ਦੀਆਂ ਸ਼ਕਤੀਆਂ ਅਤੇ ਅਧਿਕਾਰਾਂ ਖੋਹੇ ਜਾਣ’ ਦੇ ਹਵਾਲੇ ਨਾਲ ਸੰਘੀ ਢਾਂਚੇ ਉੱਤੇ ਅੰਤਰ ਪਾਰਟੀ ਸੰਮੇਲਨ ਕਰਾਏ ਜਾਣ ਦੇ ਐਲਾਨ ਦੀ ਖਿੱਲੀ ਉਡਾਉਂਦੇ ਹੋਏ ਕਿਹਾ ਕਿ ਵਾਜਪਾਈ ਤੋਂ ਲੈ ਕੇ ਹੁਣ ਤੱਕ ਮੋਦੀ ਸਰਕਾਰ ‘ਚ ਸ਼ਰੀਕ ਰਹੇ ਬਾਦਲ ਸੰਘੀ ਢਾਂਚੇ ਅਤੇ ਰਾਜਾਂ ਦੇ ਅਧਿਕਾਰਾਂ ਬਾਰੇ ਗੱਲ ਕਰਨ ਦਾ ਨੈਤਿਕ ਅਧਿਕਾਰ ਖੋ ਚੁੱਕੇ ਹਨ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ‘ਚ ਸੁਖਬੀਰ ਸਿੰਘ ਬਾਦਲ ਅਤੇ ਫਿਰ ਮੋਦੀ ਸਰਕਾਰ ‘ਚ ਹਰਸਿਮਰਤ ਕੌਰ ਬਾਦਲ ਦੀ ਕੁਰਸੀ (ਮੰਤਰੀ ਅਹੁਦੇ) ਲਈ ਭਾਜਪਾ ਨਾਲ ਰਲ ਕੇ ਸੰਘੀ ਢਾਂਚੇ ਦੀ ਸੰਘੀ ਘੁੱਟਦੇ ਰਹੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਘੀ ਢਾਂਚੇ, ਪੰਥ ਅਤੇ ਪੰਜਾਬ ਲਈ ਅਸੂਲਾਂ-ਸਿਧਾਂਤਾਂ ਦੀ ਲੜਾਈ ਲੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਦਲ ਨੂੰ ਬਾਦਲਾਂ ਦੇ ਟੱਬਰ ਨੇ ਬਹੁਤ ਪਹਿਲਾਂ ਭੋਗ ਪਾ ਦਿੱਤਾ ਸੀ, ਅੱਜ ਬਾਦਲ ਐਂਡ ਕੰਪਨੀ ਸਿਰਫ਼ ਅਤੇ ਸਿਰਫ਼ ਆਪਣੇ ਨਿੱਜੀ ਸਵਾਰਥਾਂ ‘ਤੇ ਕੇਂਦਰਿਤ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਜਦ-ਜਦ ਵੀ ਸੂਬਾ ਜਾਂ ਕੇਂਦਰ ਦੀ ਸੱਤਾ ‘ਚ ਰਹੇ ਹਨ, ਉਦੋਂ ਇਨ੍ਹਾਂ (ਬਾਦਲਾਂ) ਨੂੰ ਸੰਘੀ ਢਾਂਚੇ ਤਹਿਤ ਪੰਜਾਬ ਦੇ ਅਧਿਕਾਰ, ਪੰਥ, ਪੰਜਾਬ ਦੇ ਪਾਣੀ ਅਤੇ ਪੰਜਾਬੀਅਤ ਕਿਉਂ ਨਹੀਂ ਯਾਦ ਆਈ। ਇਸ ਲਈ ਅੱਜ ਸੱਤਾ ‘ਚ ਬਾਹਰ ਹੋ ਕੇ ਇਹ ਸੰਘੀ ਢਾਂਚੇ ਦੀ ਗੱਲ ਵੀ ਕਰਨ ਦਾ ਹੱਕ ਨਹੀਂ ਰੱਖਦੇ।
ਚੀਮਾ ਨੇ ਕਿਹਾ ਕਿ ਇਸ ਤਰਾਂ ਦੀਆਂ ਗੱਲਾਂ ਬਾਦਲ ਪੰਜਾਬ ਜਾਂ ਪੰਜਾਬੀਆਂ ਨੂੰ ਬਚਾਉਣ ਲਈ ਨਹੀਂ, ਸਗੋਂ ਕਿਸੇ ਨਾ ਕਿਸੇ ਤਰਾਂ ਬਾਦਲ ਪਰਿਵਾਰ ਦੀ ਹੋਂਦ ਬਚਾਉਣ ਲਈ ਤਰਲੋਮੱਛੀ ਹਨ।

Share this Article
Leave a comment