ਅਮਰੀਕਾ ਦੀ ਆਰ ਬੋਨੀ ਗੈਬ੍ਰੀਅਲ ਨੇ ਜਿੱਤਿਆ ਮਿਸ ਯੂਨੀਵਰਸ ਦਾ ਖਿਤਾਬ, ਹਰਨਾਜ਼ ਸੰਧੂ ਹੋਈ ਭਾਵੁਕ

Prabhjot Kaur
2 Min Read

ਵਾਸ਼ਿੰਗਟਨ : ਅਮਰੀਕਾ ਦੀ ਆਰ ਬੋਨੀ ਗੈਬ੍ਰੀਅਲ ਨੇ ਮਿਸ ਯੂਨੀਵਰਸ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਗੈਬ੍ਰੀਅਲ ਨੂੰ 71ਵਾਂ ਮਿਸ ਯੂਨੀਵਰਸ ਦਾ ਤਾਜ਼ ਹਰਨਾਜ਼ ਸੰਧੂ ਵੱਲੋਂ ਪਹਿਨਾਇਆ ਗਿਆ। ਉਸੇ ਸਟੇਜ ‘ਤੇ ਇਕ ਵਾਰ ਫਿਰ ਹਰਨਾਜ਼ ਭਾਵੁਕ ਹੋ ਗਈ ਅਤੇ ਆਪਣੇ ਹੰਝੂ ਰੋਕ ਨਾਂ ਸਕੀ। ਮਿਸ ਯੂਨੀਵਰਸ ਵਜੋਂ ਹਰਨਾਜ਼ ਸੰਧੂ ਦੀ ਇਹ ਆਖਰੀ ਵਾਕ ਸੀ। ਇਸ ਦੌਰਾਨ ਉਹ ਸਟੇਜ ‘ਤੇ ਉਹ ਡਿੱਗਣ ਤੋਂ ਵੀ ਬਚ ਗਈ।

ਫਸਟ ਰਨਰ ਅਪ ਵੈਨੇਜ਼ੁਏਲਾ ਦੀ ਡਿਆਨਾ ਸਿਲਵਾ ਅਤੇ ਸੈਕਿੰਡ ਰਨਰਅਪ ਡੋਮਿਨਿਕਨ ਰਿਪਬਲਿਕ ਦੀ ਐਮੀ ਪੇਨਾ ਰਹੀ। ਇਹ ਸੁੰਦਰਤਾ ਮੁਕਾਬਲੇ ਅਮਰੀਕਾ ਦੇ ਨਿਊ ਆਰਲੇਐਸ ਸ਼ਹਿਰ ਵਿੱਚ ਕਰਵਾਏ ਗਏ, ਜਿਨ੍ਹਾਂ ‘ਚ 25 ਸਾਲ ਦੀ ਦਿਵਿਤਾ ਰਾਏ ਨੇ ਭਾਰਤ ਦੀ ਨੁਮਾਇੰਦਗੀ ਕੀਤੀ, ਪਰ ਉਹ ਚੋਟੀ ਦੀਆਂ 5 ਸੁੰਦਰੀਆਂ ਵਿੱਚ ਨਹੀਂ ਪਹੁੰਚ ਸਕੀ। ਇਨ੍ਹਾਂ ਮੁਕਾਬਲਿਆਂ ਵਿੱਚ ਦੁਨੀਆ ਭਰ ਵਿੱਚੋਂ 86 ਸੁੰਦਰੀਆਂ ਨੇ ਹਿੱਸਾ ਲਿਆ।

ਟੌਪ 16 ਵਿੱਚ ਪਹੁੰਚੀ ਭਾਰਤ ਦੀ ਦਿਵਿਤਾ ਰਾਏ ਨੇ ਨੈਸ਼ਨਲ ਕੌਸਟਿਊਮ ਰਾਊਂਡ ‘ਚ ਸੁਨਹਿਰੀ ਡਰੈੱਸ ਪਾ ਕੇ ਸਭ ਦਾ ਧਿਆਨ ਖਿੱਚਿਆ ਸੀ। ਕਰਨਾਟਕ ਦੀ ਵਾਸੀ 25 ਸਾਲਾ ਦਿਵਿਤਾ ਰਾਏ ਪੇਸ਼ੇ ਵਜੋਂ ਮਾਡਲ ਹੈ। ਉਸ ਨੇ ਆਰਕੀਟੈਕਟ ਦੀ ਪੜ੍ਹਾਈ ਕੀਤੀ ਹੈ। ਫਿਲਹਾਲ ਮੁੰਬਈ ਵਿੱਚ ਰਹਿੰਦੀ ਦਿਵਿਤਾ ਨੇ 28 ਅਗਸਤ 2022 ਨੂੰ ਮਿਸ ਡੀਵਾ ਯੂਨੀਵਰਸ 2022 ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਪੰਜਾਬ ਦੀ ਹਰਨਾਜ਼ ਸੰਧੂ ਨੇ 12 ਦਸੰਬਰ 2021 ਨੂੰ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਦੁਨੀਆ ਭਰ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਸੀ।

Share this Article
Leave a comment