ਹਰਜੋਤ ਬੈਂਸ ਵੱਲੋਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨਾਲ ਮੁਲਾਕਾਤ

Global Team
2 Min Read

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਲਾਲਚੰਦ ਕਟਾਰੂਚੱਕ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਉਹਨਾਂ ਰੋਪੜ ਜ਼ਿਲ੍ਹੇ, ਵਿਸ਼ੇਸ਼ ਕਰ ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ ਵਿੱਚ ਬੀਤੇ ਮਹੀਨੇ ਆਏ ਬੇਮੌਸਮੇ ਹੜ੍ਹਾਂ ਕਾਰਨ ਝੋਨੇ ਦੀ ਪਕਾਈ ਪਛੇਤੀ ਪੈਣ ਕਾਰਨ ਜ਼ਿਲ੍ਹੇ ਦੀਆ ਕੁਝ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ 15 ਦਿਨ ਵਧਾਉਣ ਦੀ ਮੰਗ ਕੀਤੀ ਗਈ।

ਬੈਂਸ ਨੇ ਖੁਰਾਕ ਮੰਤਰੀ ਨੂੰ ਦੱਸਿਆ ਕਿ ਹੜ੍ਹਾਂ ਕਾਰਨ ਬਹੁਤ ਸਾਰੇ ਕਿਸਾਨਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ ਜਿਸ ਕਾਰਨ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੁਬਾਰਾ ਬੀਜੀ ਗਈ ਹੈ, ਜਿਸਨੂੰ ਤਿਆਰ ਹੋਣ ਵਿੱਚ ਹਾਲੇ 10 ਦਿਨ ਹੋਰ ਲੱਗ ਜਾਣਗੇ। ਉਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਕਟਾਈ ਅਤੇ ਝਾੜਨ ਲਈ ਵੀ 3-4 ਦਿਨ ਲੱਗ ਜਾਣਗੇ। ਇਸ ਲਈ ਖਰੀਦ ਪ੍ਰਕਿਰਿਆ ਸਬੰਧੀ ਤੈਅ ਸਮਾਂ- ਸੀਮਾਂ ਅਨੁਸਾਰ ਆਖਰੀ ਮਿਤੀ ਵਿੱਚ 15 ਦਿਨ ਦਾ ਵਾਧਾ ਕਰਨ ਦੀ ਮੰਗ ਕੀਤੀ ਗਈ।

ਜਿਨ੍ਹਾਂ ਮੰਡੀਆਂ ਨੂੰ ਵਿਸ਼ੇਸ਼ ਤੌਰ ਤੇ 15 ਦਿਨ ਵਾਧੂ ਖਰੀਦ ਕਰਨ ਦੀ ਪ੍ਰਵਾਨਗੀ ਮੰਗੀ ਗਈ ਹੈ , ਉਹਨਾਂ ਵਿੱਚ ਅਗੰਮਪੁਰ, ਹਾਜੀਪੁਰ, ਕੀਰਤਪੁਰ ਸਾਹਿਬ, ਨੰਗਲ, ਘਨੌਲੀ, ਮਹੈਣ, ਅਜੌਲੀ ਤੇ ਭਰਤਗੜ੍ਹ ਦੀ ਮੰਡੀਆਂ ਸ਼ਾਮਲ ਹਨ।

ਖੁਰਾਕ ਮੰਤਰੀ ਲਾਲ ਚੰਦ ਕਟਾਂਰੂਚੱਕ ਵੱਲੋਂ ਹਰਜੋਤ ਸਿੰਘ ਬੈਂਸ ਨੂੰ ਭਰੋਸਾ ਦਿਵਾਇਆ ਗਿਆ ਕਿ ਉਕਤ ਮੰਡੀਆਂ ਨੂੰ 15 ਦਿਨ ਹੋਰ ਖਰੀਦ ਪ੍ਰਕਿਰਿਆ ਜਾਰੀ ਰੱਖਣ ਲਈ ਜਲਦ ਹੀ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।

Share This Article
Leave a Comment