ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਵਿਭਾਗਾਂ ਲਈ ਨਿਯੁਕਤ ਕੀਤੇ ਮੈਂਬਰ ਇੰਚਾਰਜਾਂ ਨਾਲ ਕੀਤੀ ਇਕੱਤਰਤਾ

Global Team
3 Min Read

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਵਿਭਾਗਾਂ ਲਈ ਨਿਯੁਕਤ ਕੀਤੇ ਮੈਂਬਰ ਇੰਚਾਰਜਾਂ ਨਾਲ ਇਕੱਤਰਤਾ ਕਰਕੇ ਭਵਿੱਖ ਵਿਚ ਪ੍ਰਬੰਧ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਚਾਰ-ਵਟਾਂਦਰਾ ਕੀਤਾ। ਇਹ ਮੈਂਬਰ ਇੰਚਾਰਜ ਬੀਤੇ ਦਿਨੀਂ ਜਨਰਲ ਇਜਲਾਸ ਵਿਚ ਲਏ ਗਏ ਫੈਸਲੇ ਅਨੁਸਾਰ ਲਗਾਏ ਗਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਮੈਂਬਰ ਇੰਚਾਰਜਾਂ ਨਾਲ ਕੀਤੀ ਪਲੇਠੀ ਇਕੱਤਰਤਾ ਦੌਰਾਨ ਸਿੱਖ ਧਰਮ ਦੇ ਪ੍ਰਚਾਰ, ਗੁਰਦੁਆਰਾ ਸਾਹਿਬਾਨ ਦੇ ਲੰਗਰਾਂ, ਸੰਗਤ ਰਿਹਾਇਸ਼ਾਂ, ਉਸਾਰੀਆਂ, ਵਿਦਿਆ ਅਤੇ ਕਾਨੂੰਨੀ ਮਸਲਿਆਂ ਨਾਲ ਸਬੰਧਤ ਕਾਰਜਾਂ ਨੂੰ ਹੋਰ ਪੁਖਤਗੀ ਨਾਲ ਕਰਨ ਅਤੇ ਸਮੇਂ-ਸਮੇਂ ’ਤੇ ਇਸ ਦੀ ਰਿਪੋਰਟ ਉਨ੍ਹਾਂ ਨੂੰ ਦੇਣ ਬਾਰੇ ਆਖਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਕਾਰਜਾਂ ਲਈ ਦਿੱਤੀ ਗਈ ਜ਼ੁੰਮੇਵਾਰੀ ਨੂੰ ਸੰਗਤ ਦੀ ਭਾਵਨਾ ਅਤੇ ਮੌਜੂਦਾ ਸਮੇਂ ਦੀਆਂ ਤਰਜੀਹਾਂ ਅਨੁਸਾਰ ਨਿਭਾਉਂਦਿਆਂ ਲੋੜੀਂਦੇ ਸੁਝਾਅ ਦਿੱਤੇ ਜਾਣ ਅਤੇ ਸਮੇਂ-ਸਮੇਂ ਨਿਗਰਾਨੀ ਕੀਤੀ ਜਾਵੇ।
ਇਕੱਤਰਤਾ ਮਗਰੋਂ ਜਾਣਕਾਰੀ ਦਿੰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਮਾਮਲਿਆਂ ਦੇ ਮੁਲਾਂਕਣ ਲਈ ਲਗਾਏ ਗਏ ਮੈਂਬਰ ਇੰਚਾਰਜ ਆਪੋ-ਆਪਣੇ ਵਿਭਾਗ ਨਾਲ ਸਬੰਧਤ ਕਾਰਜਾਂ ਦੀ ਪੜਚੋਲ ਕਰਕੇ ਇਸ ਦੀ ਰਿਪੋਰਟ ਦੇਣਗੇ ਅਤੇ ਹਰ ਮਹੀਨੇ ਸਾਰੇ ਮੈਂਬਰ ਇੰਚਾਰਜਾਂ ਦੀ ਇਕੱਤਰਤਾ ਕਰਕੇ ਉਸ ਵਿਚ ਲੋੜੀਂਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣਗੀਆਂ।
ਐਡਵੋਕੇਟ ਧਾਮੀ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੇ ਗਏ ਸੰਘਰਸ਼ ਦੀ ਅਗਲੀ ਕੜੀ ਤਹਿਤ 1 ਦਸੰਬਰ 2022 ਤੋਂ ਦਸਤਖ਼ਤੀ ਮੁਹਿੰਮ ਸ਼ੁਰੂ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਲੋੜੀਂਦੇ ਪ੍ਰੋਫਾਰਮੇ ਤਿਆਰ ਕਰ ਲਏ ਗਏ ਹਨ, ਜੋ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ, ਪਿੰਡਾਂ, ਕਸਬਿਆਂ ਆਦਿ ਵਿਚ ਜਾ ਕੇ ਭਰਵਾਏ ਜਾਣਗੇ। ਇਸ ਸਬੰਧ ਵਿਚ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ ਅਤੇ ਪ੍ਰੋਫਾਰਮੇ ਭਰਵਾਉਣ ਦਾ ਕਾਰਜ ਮੁਕੰਮਲ ਕਰਨ ਮਗਰੋਂ ਪੰਜਾਬ ਦੇ ਗਵਰਨਰ ਨੂੰ ਪੇਸ਼ ਕੀਤੇ ਜਾਣਗੇ। ਇਸ ਦੇ ਨਾਲ ਹੀ ਧਰਮ ਪ੍ਰਚਾਰ ਲਹਿਰ ਨੂੰ ਆਧੁਨਿਕ ਤਰਜੀਹਾਂ ਅਨੁਸਾਰ ਘਰ-ਘਰ ਤੱਕ ਪਹੁੰਚਾਉਣ ਲਈ ਪ੍ਰਚਾਰਕ ਜਥੇ ਰਵਾਨਾ ਕੀਤੇ ਜਾਣਗੇ। ਇਸ ਤਹਿਤ ਧਾਰਮਿਕ ਦੀਵਾਨਾਂ ਦੇ ਨਾਲ-ਨਾਲ ਸੰਵਾਦ ਵਿਧੀ ਰਾਹੀਂ ਸਿੱਖ ਇਤਿਹਾਸ ਅਤੇ ਰਹਿਤ ਮਰਯਾਦਾ ਬਾਰੇ ਸੰਗਤ ਤੱਕ ਜਾਣਕਾਰੀ ਪਹੁੰਚਾਈ ਜਾਵੇਗੀ। ਐਡਵੋਕੇਟ ਧਾਮੀ ਅਨੁਸਾਰ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਬਾਰੇ ਬੀਤੇ ਸਮੇਂ ਲਿਆ ਗਿਆ ਫੈਸਲਾ ਵੀ ਜਲਦ ਲਾਗੂ ਕੀਤਾ ਜਾਵੇਗਾ ਅਤੇ ਇਸ ਦੇ ਗਠਨ ਲਈ ਵੱਖ-ਵੱਖ ਦੇਸ਼ਾਂ ਵਿੱਚੋਂ ਸਿੱਖ ਨੁਮਾਇੰਦੇ ਲਏ ਜਾਣਗੇ।

 

 

Share this Article
Leave a comment