ਨਿਊਯਾਰਕ: ਹਰਦੀਪ ਸਿੰਘ ਨਿੱਜਰ ਦੇ ਕਤਲ ਅਤੇ ਅਮਰੀਕਾ ਵਿੱਚ ਤਿੰਨ ਸਿੱਖਾਂ ਦੇ ਕਤਲ ਦੀ ਕਥਿਤ ਸਾਜ਼ਿਸ਼ ਦੇ ਦੋਸ਼ੀ ਨਿਖਿਲ ਗੁਪਤਾ ਬਾਰੇ ਨਵੇਂ ਤੱਥ ਸਾਹਮਣੇ ਆਏ ਹਨ। ਨਿਊਯਾਰਕ ਦੀ ਅਦਾਲਤ ਵਿੱਚ ਦਾਇਰ ਤਾਜ਼ਾ ਦਸਤਾਵੇਜ਼ਾਂ ਦੇ ਅਧਾਰ ‘ਤੇ ‘ਨੈਸ਼ਨਲ ਪੋਸਟ’ ਦੀ ਰਿਪੋਰਟ ਮੁਤਾਬਕ, 53 ਸਾਲਾ ਨਿਖਿਲ ਗੁਪਤਾ ਦਾ ਇੱਕ ਪੁੱਤਰ ਪਾਕਿਸਤਾਨ ਵਿੱਚ ਰਹਿੰਦਾ ਹੈ ਅਤੇ ਉਸ ਕੋਲ ਪਾਕਿਸਤਾਨੀ ਪਾਸਪੋਰਟ ਵੀ ਸੀ।
ਗ੍ਰਿਫਤਾਰੀ ਦਾ ਵੇਰਵਾ
30 ਜੂਨ 2023 ਨੂੰ ਸ਼ਾਮ 6:30 ਵਜੇ ਚੈੱਕ ਰਿਪਬਲਿਕ ਦੇ ਪਰਾਗ ਹਵਾਈ ਅੱਡੇ ‘ਤੇ ਨਿਖਿਲ ਗੁਪਤਾ ਨੂੰ ਗ੍ਰਿਫਤਾਰ ਕੀਤਾ ਗਿਆ। ਅਮਰੀਕੀ ਅਫਸਰਾਂ ਨੂੰ ਉਸ ਦੀ ਫਲਾਈਟ ਦੀ ਪੂਰੀ ਜਾਣਕਾਰੀ ਸੀ, ਜੋ ਚੈੱਕ ਅਧਿਕਾਰੀਆਂ ਨਾਲ ਸਾਂਝੀ ਕੀਤੀ ਗਈ। ਗ੍ਰਿਫਤਾਰੀ ਦੌਰਾਨ ਇੱਕ ਡਰੱਗ ਐਨਫੋਰਸਮੈਂਟ ਅਫਸਰ ਅਤੇ ਨਿਊ ਯਾਰਕ ਪੁਲਿਸ ਦਾ ਇੱਕ ਡਿਟੈਕਟਿਵ ਮੌਜੂਦ ਸੀ। ਜੇਲ ਲਿਜਾਣ ਵਾਲੀ 15 ਮਿੰਟ ਦੇ ਵੈਨ ਸਫਰ ਦੌਰਾਨ, ਗੁਪਤਾ ਨੇ ਸ਼ੁਰੂ ਵਿੱਚ ਸਹਿਯੋਗ ਦੀ ਗੱਲ ਕੀਤੀ ਅਤੇ ਅਮਰੀਕਾ ਲਿਜਾਣ ਦੀ ਮੰਗ ਕੀਤੀ, ਪਰ ਬਾਅਦ ਵਿੱਚ ਉਸ ਦਾ ਵਤੀਰਾ ਬਦਲ ਗਿਆ।
‘ਅਮਾਨਤ’ ਨਾਲ ਸੰਪਰਕ
ਗ੍ਰਿਫਤਾਰੀ ਦੌਰਾਨ ਗੁਪਤਾ ਨੂੰ ‘ਅਮਾਨਤ’ ਨਾਮ ਦੇ ਸ਼ਖਸ ਦਾ ਫੋਨ ਆਇਆ, ਜਿਸ ਨੇ ਉਸ ਨੂੰ ਨਿਊਯਾਰਕ ਵਿੱਚ ਕਤਲ ਦੀ ਸਾਜ਼ਿਸ਼ ਦੀ ਜ਼ਿੰਮੇਵਾਰੀ ਦਿੱਤੀ ਸੀ। ਗੁਪਤਾ ਨੇ ਦੱਸਿਆ ਕਿ ਨਵੀਂ ਦਿੱਲੀ ਵਿੱਚ ਮੁਲਾਕਾਤ ਦੌਰਾਨ ਅਮਾਨਤ ਨੇ ਨਕਾਬ ਪਾਇਆ ਸੀ, ਅਤੇ ਉਸ ਕੋਲ ਸਿਰਫ ਅਮਾਨਤ ਦਾ ਫੋਨ ਨੰਬਰ ਸੀ। ਅਮਰੀਕੀ ਦੋਸ਼ਾਂ ਮੁਤਾਬਕ, ਅਮਾਨਤ ਦੀ ਪਛਾਣ ਵਿਕਾਸ ਯਾਦਵ ਵਜੋਂ ਹੋਈ, ਜੋ ਕਥਿਤ ਤੌਰ ‘ਤੇ ਭਾਰਤੀ ਖੁਫੀਆ ਏਜੰਸੀ ‘ਰਾਅ’ ਨਾਲ ਜੁੜਿਆ ਸੀ।
ਅਮਾਨਤ ਦੀ ਸਹਾਇਤਾ
ਗੁਪਤਾ ਨੇ ਦੱਸਿਆ ਕਿ 2021 ਵਿੱਚ ਉਜ਼ਬੇਕਿਸਤਾਨ ਤੋਂ ਭਾਰਤ ਪਰਤਣ ‘ਤੇ ਉਸ ਨੂੰ ਲੁੱਟ ਦੇ ਮਾਮਲੇ ਵਿੱਚ ਅਦਾਲਤੀ ਸੰਮਨ ਮਿਲਿਆ। ਅਮਾਨਤ ਨੇ ਉਸ ਦਾ ਨਾਮ ਐਫ.ਆਈ.ਆਰ. ਵਿੱਚੋਂ ਹਟਵਾਉਣ ਦੀ ਪੇਸ਼ਕਸ਼ ਕੀਤੀ, ਜਿਸ ਨਾਲ ਉਸ ਦਾ ਅਮਾਨਤ ਨਾਲ ਸੰਪਰਕ ਵਧਿਆ।
ਗੁਪਤਾ ਨੇ ਅਮਰੀਕੀ ਏਜੰਟਾਂ ਨੂੰ ਦੱਸਿਆ ਕਿ ਉਹ ਅਮਾਨਤ ਬਾਰੇ ਜ਼ਿਆਦਾ ਨਹੀਂ ਜਾਣਦਾ ਅਤੇ ਸੰਪਰਕ ਦੇ ਨਾਮ ’ਤੇ ਸਿਰਫ਼ ਇਕ ਫੋਨ ਨੰਬਰ ਮੌਜੂਦ ਹੈ। ਇਥੇ ਦੱਸਣਾ ਬਣਦਾ ਹੈ ਕਿ ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਅਦਾਲਤ ਵੱਲੋਂ 13 ਜੂਨ 2023 ਨੂੰ ਨਿਖਿਲ ਗੁਪਤਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਅਤੇ 18 ਜੂਨ ਨੂੰ ਕੈਨੇਡਾ ਦੇ ਗੁਰਦੁਆਰਾ ਸਾਹਿਬ ਵਿਚ ਹਰਦੀਪ ਸਿੰਘ ਨਿੱਜਰ ਦਾ ਕਤਲ ਕਰ ਦਿਤਾ ਗਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਗੁਪਤਾ ਨੇ ਇਕ ਅੰਡਰ ਕਵਰ ਏਜੰਟ ਕੋਲ ਮੰਨਿਆ ਸੀ ਕਿ ਕਿਸੇ ਦਾ ਕਤਲ ਕਰਵਾਉਣ ਲਈ ਉਹ ਇਕ ਲੱਖ ਡਾਲਰ ਦੀ ਰਕਮ ਅਦਾ ਕਰ ਸਕਦਾ ਹੈ।