ਓਮਾਨ ‘ਚ ਫਸੀ ਬਠਿੰਡਾ ਦੀ ਧੀ ਨੂੰ ਹਰਭਜਨ ਸਿੰਘ ਨੇ ਸੁਰੱਖਿਅਤ ਵਾਪਸ ਲਿਆਉਣ ‘ਚ ਕੀਤੀ ਮਦਦ

Global Team
3 Min Read

ਬਠਿੰਡਾ- ਓਮਾਨ ਦੇ ਮਸਕਟ ‘ਚ ਪੰਜਾਬ ਦੀ ਧੀ ਕਮਲਜੀਤ ਕੌਰ ਨੂੰ ਕੁਝ ਲੋਕਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਸੀ, ਉਸ ਦੀ ਸੁਰੱਖਿਅਤ ਵਾਪਸੀ ਹੋ ਗਈ ਹੈ। ਕਮਲਜੀਤ ਜੋ ਕਿ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ, ਉਹ ਚੰਗੀ ਨੌਕਰੀ ਲਈ ਵਿਦੇਸ਼ ਗਈ ਸੀ, ਪਰ ਉੱਥੇ ਜਾ ਕੇ ਉਸ ਨੂੰ ਪਤਾ ਲੱਗਿਆ ਕਿ ਉਸ ਨਾਲ ਕਿੰਨਾ ਵੱਡਾ ਧੋਖਾ ਹੋਇਆ ਹੈ। ਬੰਧਕ ਬਣਾਈ ਭਾਰਤੀ ਲੜਕੀ ਨੂੰ ਬਚਾਉਣ ਵਿੱਚ ਸਾਬਕਾ ਕ੍ਰਿਕੇਟਰ ਅਤੇ ਐਮਪੀ ਹਰਭਜਨ ਸਿੰਘ ਨੇ ਸ਼ਲਾਘਾਯੋਗ ਕੰਮ ਕੀਤਾ ਹੈ।

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸਿੰਘ ਨੇ ਓਮਾਨ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਬਠਿੰਡਾ ਦੀ ਰਹਿਣ ਵਾਲੀ 21 ਸਾਲਾ ਕਮਲਜੀਤ ਕੌਰ ਨੂੰ ਬਚਾਉਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਪੀੜਤ ਲੜਕੀ ਨੂੰ ਉਸ ਦੇ ਮਾਲਕ ਨੇ ਨਾਜਾਇਜ਼ ਤੌਰ ‘ਤੇ ਬੰਧਕ ਬਣਾ ਲਿਆ ਸੀ। ਉਸ ਦਾ ਪਾਸਪੋਰਟ ਅਤੇ ਸਿਮ ਕਾਰਡ ਵੀ ਜ਼ਬਤ ਕਰ ਲਿਆ ਸੀ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹਰਭਜਨ ਸਿੰਘ ਨੇ ਦੱਸਿਆ ਕਿ, ‘ਓਮਾਨ ਵਿੱਚ ਭਾਰਤੀ ਦੂਤਾਵਾਸ ਅਤੇ ਸਾਡੇ ਰਾਜਦੂਤ ਅਮਿਤ ਨਾਰੰਗ ਦੀ ਮਦਦ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਉਨ੍ਹਾਂ ਦਾ ਯੋਗਦਾਨ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਰਤੀ ਅੰਬੈਂਸੀ ਨੇ ਮੈਨੂੰ ਇਹ ਦੱਸਣ ਲਈ ਫੋਨ ਕੀਤਾ ਕਿ ਕਮਲਜੀਤ ਪੰਜਾਬ ਵਿੱਚ ਆਪਣੇ ਘਰ ਸੁਰੱਖਿਅਤ ਵਾਪਸ ਆ ਗਈ ਹੈ, ਇਹ ਸੁਣ ਕੇ ਬਹੁਤ ਖੁਸ਼ੀ ਹੋਈ।

ਬਠਿੰਡਾ ਵਿੱਚ ਆਪਣੇ ਜੱਦੀ ਪਿੰਡ ਬਰਕੰਦੀ ਪਹੁੰਚੀ ਕਮਲਜੀਤ ਅਤੇ ਉਸਦੇ ਪਿਤਾ ਸਿਕੰਦਰ ਸਿੰਘ ਨੇ ਦੱਸਿਆ ਕਿ ਕਿਵੇਂ ਪੰਜਾਬ ਵਿੱਚ ਟਰੈਵਲ ਅਤੇ ਪਲੇਸਮੈਂਟ ਏਜੰਟ ਚੰਗੇ ਭਵਿੱਖ ਦਾ ਵਾਅਦਾ ਕਰਕੇ ਗਰੀਬਾਂ ਦਾ ਖੂਨ ਚੂਸ ਰਹੇ ਹਨ।

ਕਮਲਜੀਤ ਨੂੰ ਏਜੰਟ ਵਲੋਂ ਓਮਾਨ ਵਿੱਚ ਇੱਕ ਭਾਰਤੀ ਪਰਿਵਾਰ ਨਾਲ ਕੰਮ ਕਰਨ ਲਈ ਭੇਜਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸ ਨੂੰ ਹਵਾਈ ਅੱਡੇ ਤੋਂ ਸਿੱਧਾ ਦਫ਼ਤਰ ਲਿਜਾਇਆ ਗਿਆ। ਕਮਲਜੀਤ ਨੇ ਦੱਸਿਆ ਕਿ ਉੱਥੇ ਉਸ ਨੂੰ ਬੁਰਕਾ ਪਹਿਨਣ ਅਤੇ ਅਰਬੀ ਭਾਸ਼ਾ ਸਿੱਖਣ ਲਈ ਮਜਬੂਰ ਕੀਤਾ ਗਿਆ। ਹਾਲਾਂਕਿ, ਉਸਨੇ ਹਿੰਮਤ ਦਿਖਾਈ ਅਤੇ ਆਪਣੇ ਪਰਿਵਾਰ ਨਾਲ ਗੱਲ ਕਰਨ ਲਈ ਇੱਕ ਨਵਾਂ ਸਿਮ ਕਾਰਡ ਖਰੀਦਿਆ ਤੇ ਸਾਰੀ ਕਹਾਣੀ ਦੱਸੀ।

Share This Article
Leave a Comment