ਲੰਦਨ : ਹਰ ਇੱਕ ਵਿਅਕਤੀ ਦੀ ਸੰਗੀਤ ‘ਚ ਦਿਲਚਸਪੀ ਜ਼ਰੂਰ ਹੁੰਦੀ ਹੈ। ਪਸੰਦੀਦਾ ਸੰਗੀਤ ਸੁਣਨ ਨਾਲ ਨਾ ਸਿਰਫ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਬਲਕਿ ਇਹ ਸਰੀਰਕ ਦ੍ਰਿਸ਼ਟੀ ਤੋਂ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਸਰਬੀਆ ਦੇ ਖੋਜਕਰਤਾਵਾਂ ਨੇ ਆਪਣੇ ਅਧਿਐਨ ‘ਚ ਇਹ ਦਾਅਵਾ ਕੀਤਾ ਹੈ ਕਿ ਸੰਗੀਤ ਸੁਣਨ ਨਾਲ ਸਿਰਫ ਤਣਾਅ ਅਤੇ ਥਕਾਵਟ ਹੀ ਦੂਰ ਨਹੀਂ ਹੁੰਦੀ ਬਲਕਿ ਸੰਗੀਤ ਸੁਣਨਾ ਦਿਲ ਲਈ ਵੀ ਕਾਫੀ ਫਾਇਦੇਮੰਦ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਦਿਨ ‘ਚ ਅੱਧਾ ਘੰਟਾ ਆਪਣਾ ਪਸੰਦੀਦਾ ਸੰਗੀਤ ਸੁਣਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ।
ਖੋਜਕਰਤਾਵਾਂ ਨੇ ਅਧਿਐਨ ‘ਚ ਇਹ ਪਾਇਆ ਕਿ ਹਾਰਟ ਅਟੈਕ ਤੋਂ ਬਾਅਦ ਦਿਲ ‘ਚ ਦਰਦ ਮਹਿਸੂਸ ਕਰਨ ਵਾਲੇ ਲੋਕਾਂ ‘ਚ ਰੋਜ਼ਾਨਾ ਦਵਾਈ ਲੈਣ ਦੇ ਨਾਲ-ਨਾਲ ਸੰਗੀਤ ਸੁਣਨ ਨਾਲ ਉਨ੍ਹਾਂ ਦੇ ਦਰਦ ‘ਚ ਕਮੀ ਮਹਿਸੂਸ ਕੀਤੀ ਗਈ। ਇਸ ਸਥਿਤੀ ਨੂੰ ਅਰਲੀ ਪੋਸਟ-ਇਨਫਾਰਕਸ਼ਨ ਐਨਜੀਨਾ ਕਿਹਾ ਜਾਂਦਾ ਹੈ। ਬੇਲਗ੍ਰੇਡ ਯੂਨੀਵਰਸਿਟੀ ਦੇ ਪ੍ਰੋਫੈਸਰ ਪਰੇਡ੍ਰਾਗ ਮੈਟ੍ਰੋਵਿਕ ਨੇ ਦੱਸਿਆ ਕਿ ਹਾਰਟ ਅਟੈਕ ਦੇ 350 ਮਰੀਜ਼ਾਂ ‘ਤੇ ਕੀਤੇ ਗਏ ਅਧਿਐਨ ਦੇ ਆਧਾਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਹਾਰਟ ਅਟੈਕ ਦੇ ਸਾਰੇ ਮਰੀਜ਼ਾਂ ਲਈ ਸੰਗੀਤ ਥੈਰੇਪੀ ਇਲਾਜ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੈ।
ਇਨ੍ਹਾਂ ਮਰੀਜ਼ਾਂ ਵਿੱਚ ਦਿਲ ਦੇ ਹਾਰਟ ਫੇਲ ਹੋਣ ਦਾ ਖਤਰਾ 18 ਫੀਸਦੀ ਤੇ ਦੁਬਾਰਾ ਹਾਰਟ ਅਟੈਕ ਹੋਣ ਦਾ ਖਤਰਾ 23 ਪ੍ਰਤੀਸ਼ਤ ਘੱਟ ਸੀ। ਇਹ ਖੋਜ ਅਮੈਰੀਕਨ ਕਾਲਜ ਆਫ਼ ਕਾਰਡੀਓਲੌਜੀ ਦੇ ਸਾਲਾਨਾ ਵਿਗਿਆਨਕ ਅਤੇ ਵਰਲਡ ਆਫ ਕਾਰਡੀਓਲੌਜੀ ਦੇ ਸੰਯੁਕਤ ਸੈਸ਼ਨ ਵਿੱਚ 28 ਤੋਂ 30 ਮਾਰਚ ਤੱਕ ਪ੍ਰਕਾਸ਼ਤ ਕੀਤੀ ਗਈ ਸੀ।
ਪ੍ਰੋਫੈਸਰ ਮੈਟ੍ਰੋਵਿਕ ਨੇ ਕਿਹਾ ਕਿ ਅਧਿਐਨ ‘ਚ ਹਿੱਸਾ ਲੈਣ ਵਾਲੇ ਅੱਧੇ ਮਰੀਜ਼ਾਂ ਨੂੰ ਸਾਧਾਰਨ ਇਲਾਜ ਦਿੱਤਾ ਗਿਆ ਅਤੇ ਬਾਕੀਆਂ ਨੂੰ ਇਲਾਜ ਦੇ ਨਾਲ-ਨਾਲ ਸੰਗੀਤ ਸੁਣਨ ਦਾ ਮੌਕਾ ਵੀ ਦਿੱਤਾ ਗਿਆ। ਸੱਤ ਸਾਲਾਂ ਦੇ ਵਿਆਪਕ ਅਧਿਐਨ ‘ਚ ਸਿਰਫ ਇਲਾਜ ਦੀ ਤੁਲਨਾ ‘ਚ ਸੰਗੀਤ ਦੇ ਨਾਲ ਇਲਾਜ ਜ਼ਿਆਦਾ ਪ੍ਰਭਾਵੀ ਦੇਖਿਆ ਗਿਆ।
ਇਸ ਤੋਂ ਪਹਿਲਾਂ ਯੂਕੇ ਦੀ ਐਂਗਲੀਆ ਰਸਕਿਨ ਯੂਨੀਵਰਸਿਟੀ ਨੇ ਇੱਕ ਅਧਿਐਨ ਵਿੱਚ ਇਹ ਕਿਹਾ ਸੀ ਕਿ ਸਟਰੋਕ ਦਾ ਸਾਹਮਣਾ ਕਰਨ ਵਾਲੇ ਪੀੜਤਾਂ ‘ਤੇ ਸੰਗੀਤ ਥੈਰੇਪੀ ਦਾ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਐਂਗਲੀਆ ਰਸਕਿਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਸੀ ਕਿ ਸੰਗੀਤ ਥੈਰੇਪੀ ਵਿਚ ਕੀਬੋਰਡ, ਡਰੱਮ ਅਤੇ ਹੱਥ ਨਾਲ ਵੱਜਣ ਵਾਲੇ ਯੰਤਰਾਂ ਨੂੰ ਸ਼ਾਮਲ ਕਰਲ ਨਾਲ ਸਟਰੋਕ ਮਰੀਜ਼ਾਂ ਨੂੰ ਆਪਣੇ ਹੱਥਾਂ ਅਤੇ ਉਂਗਲੀਆਂ ਨੂੰ ਠੀਕ ਕਰਨ ‘ਚ ਮਦਦ ਮਿਲਦੀ ਹੈ ਤੇ ਉਨ੍ਹਾਂ ਦਾ ਮੂਡ ਵੀ ਠੀਕ ਹੁੰਦਾ ਹੈ ਜੋ ਕਿ ਜੋ ਸਟਰੋਕ ਦੇ ਮਰੀਜ਼ਾਂ ਵਿੱਚ ਆਮ ਹੁੰਦਾ ਹੈ।