ਨਿਊਜ਼ ਡੈਸਕ: ਹੈਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਦੇ ਨੇੜੇ ਇੱਕ ਬਹੁਤ ਹੀ ਗਰੀਬ ਖੇਤਰ ਅਤੇ ਸਾਲਾਂ ਤੋਂ ਹਿੰਸਾ ਵਿੱਚ ਘਿਰੇ ਸਾਈਟ ਸੋਲੀਲ (Cite Soleil) ਵਿੱਚ ਇਸ ਹਫ਼ਤੇ ਲਗਭਗ 110 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ। ਕਤਲ ਦਾ ਕਾਰਨ ਜਾਦੂ-ਟੂਣਾ ਦੱਸਿਆ ਜਾ ਰਿਹਾ ਹੈ। ਇੱਕ ਪ੍ਰਮੁੱਖ ਮਨੁੱਖੀ ਅਧਿਕਾਰ ਸੰਗਠਨ ਨੈਸ਼ਨਲ ਹਿਊਮਨ ਰਾਈਟਸ ਡਿਫੈਂਸ ਨੈੱਟਵਰਕ (ਆਰ.ਐੱਨ.ਡੀ.ਡੀ.ਐੱਚ.) ਨੇ ਐਤਵਾਰ ਨੂੰ ਦੱਸਿਆ ਕਿ ਇਹ ਕਤਲ ਮੋਨੇਲ ਮਿਕਾਨੋ ਫੇਲਿਕਸ ਨਾਂ ਦੇ ਇੱਕ ਸਥਾਨਕ ਗਰੋਹ ਆਗੂ ਨੇ ਬਦਲੇ ਦੀ ਭਾਵਨਾ ਨਾਲ ਕੀਤੇ ਹਨ।
ਗੈਂਗ ਲੀਡਰ ਫੇਲਿਕਸ ਨੇ ਇਹ ਕਤਲ ਉਸ ਦੇ ਬੱਚੇ ਦੇ ਬੀਮਾਰ ਹੋਣ ਤੋਂ ਬਾਅਦ ਮੌਤ ਹੋਣ ‘ਤੇ ਕੀਤੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਗਿਰੋਹ ਦੇ ਆਗੂ ਨੂੰ ਇੱਕ ਵੂਡੂ ਪੁਜਾਰੀ ਨੇ ਦੱਸਿਆ ਸੀ ਕਿ ਉਸ ਦੇ ਬੱਚੇ ਨੂੰ ਨੁਕਸਾਨ ਪਹੁੰਚਾਉਣ ਲਈ ਇਲਾਕੇ ਦੇ ਬਜ਼ੁਰਗਾਂ ਨੇ ਜਾਦੂ ਕੀਤਾ ਹੈ। ਸ਼ਨੀਵਾਰ ਦੁਪਹਿਰ ਬੱਚੇ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਗੈਂਗ ਲੀਡਰ ਗੁੱਸੇ ‘ਚ ਆ ਗਿਆ ਅਤੇ ਉਸ ਨੇ ਆਪਣੇ ਗੈਂਗ ਦੇ ਮੈਂਬਰਾਂ ਨੂੰ ਬਦਲਾ ਲੈਣ ਦਾ ਹੁਕਮ ਦਿੱਤਾ।
ਇਲਾਕੇ ਦੇ ਬਜ਼ੁਰਗਾਂ ਨੂੰ ਚੁਣ-ਚੁਣ ਕੇ ਮਾਰਿਆ
RNDDH ਦੇ ਅਨੁਸਾਰ, ਗਿਰੋਹ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਘੱਟੋ ਘੱਟ 60 ਅਤੇ ਸ਼ਨੀਵਾਰ ਨੂੰ 50 ਲੋਕਾਂ ਨੂੰ ਚਾਕੂਆਂ ਅਤੇ ਕੁਹਾੜਿਆਂ ਨਾਲ ਮਾਰ ਦਿੱਤਾ। ਗੈਂਗ ਹਮਲਿਆਂ ਦਾ ਸ਼ਿਕਾਰ ਹੋਏ ਸਾਰੇ ਪੀੜਤਾਂ ਦੀ ਉਮਰ 60 ਸਾਲ ਤੋਂ ਵੱਧ ਦੱਸੀ ਜਾ ਰਹੀ ਹੈ। ਹੈਤੀ ਸਾਈਟ ਸੋਲੀਲ ਸਭ ਤੋਂ ਗਰੀਬ ਅਤੇ ਸਭ ਤੋਂ ਵੱਧ ਹਿੰਸਕ ਖੇਤਰਾਂ ਵਿੱਚੋਂ ਇੱਕ ਹੈ। ਇਸ ਕਾਰਨ ਇੱਥੇ ਗੈਂਗ ਦਾ ਕੰਟਰੋਲ ਕਾਫੀ ਮਜ਼ਬੂਤ ਹੈ।
ਸੰਯੁਕਤ ਰਾਸ਼ਟਰ ਦੇ ਅਨੁਸਾਰ, ਫੇਲਿਕਸ ਗੈਂਗ ਦੇ ਲਗਭਗ 300 ਮੈਂਬਰ ਹਨ ਅਤੇ ਇਹ ਗਿਰੋਹ ਪੋਰਟ-ਓ-ਪ੍ਰਿੰਸ ਦੇ ਆਸਪਾਸ ਦੇ ਖੇਤਰਾਂ ਜਿਵੇਂ ਕਿ ਫੋਰਟ ਡਿਮਾਂਚੇ ਅਤੇ ਲਾ ਸੈਲੀਨ ਵਿੱਚ ਸਰਗਰਮ ਹੈ। ਸਾਲ 2018 ਵਿੱਚ ਲਾ ਸੈਲੀਨ ਵਿੱਚ ਹੋਏ ਕਤਲੇਆਮ ਵਿੱਚ ਲਗਭਗ 71 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਹੈਤੀ ਦੀ ਸਰਕਾਰ ਸਿਆਸੀ ਟਕਰਾਅ ਨਾਲ ਜੂਝ ਰਹੀ ਹੈ ਅਤੇ ਰਾਜਧਾਨੀ ਦੇ ਆਲੇ-ਦੁਆਲੇ ਗਰੋਹਾਂ ਦੇ ਵਧ ਰਹੇ ਦਬਦਬੇ ਨੂੰ ਰੋਕਣ ਵਿੱਚ ਅਸਫਲ ਰਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।