ਅੱਜ ਕੀ ਹੋਇਆ ਬਾਬੇ ਨਾਨਕ ਦੀ ਕਾਲੀ ਵੇਈ ਕੰਢੇ 

TeamGlobalPunjab
3 Min Read

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਪੰਜਾਬ ਸਰਕਾਰ ਵਲੋਂ 5 ਨਵੰਬਰ ਨੂੰ ਸੁਲਤਾਨਪੁਰ ਲੋਧੀ ਦੀ ਪਵਿੱਤਰ ਕਾਲੀ ਵੇਈਂ ਕੰਢੇ ਤਿਆਰ ਕੀਤੇ ਗਏ  ਮੁੱਖ ਪੰਡਾਲ ਦੇ ‘ਗੁਰੂ ਨਾਨਕ ਦਰਬਾਰ’ਵਿਚ ਸਵੇਰੇ ਸ੍ਰੀ ਸਹਿਜ ਪਾਠ ਨਾਲ ਆਰੰਭ ਕਰ ਦਿੱਤੇ ਗਏ ਹਨ,12 ਨਵੰਬਰ ਨੂੰ ਪਾਠ ਦੇ ਭੋਗ ਪਾਏ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਰੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੇ ਸਮਾਗਮਾਂ ਦੀ ਆਰੰਭਤਾ ਮੌਕੇ ਸ਼ਮੂਲੀਅਤ ਕੀਤੀ। ਮੁੱਖ ਮੰਤਰੀ ਕੈਪਟਨ ਵਲੋਂ ਸੰਤ ਸਮਾਜ ਤੇ ਸ਼ਰਧਾਲੂਆਂ ਦੀ ਹਾਜ਼ਰੀ ਵਿਚ ਸੇਵਾ ਨਿਭਾ ਕੇ ਪੂਰਨ ਗੁਰ ਮਰਿਆਦਾ ਅਨੁਸਾਰ ਸ੍ਰੀ ਸਹਿਜ ਪਾਠ ਦੀ ਆਰੰਭਤਾ ਕਰਵਾਈ।

ਇਸੇ ਦੌਰਾਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਤੋਂ ਸਜਾਇਆ ਗਿਆ ਨਗਰ ਕੀਰਤਨ ਬੀਤੇ ਐਤਵਾਰ ਨੂੰ ਪਾਕਿਸਤਾਨ ਦੇ ਹਸਨ ਅਬਦਾਲ ਸ਼ਹਿਰ ਸਥਿਤ ਗੁਰਦੁਆਰਾ ਪੰਜਾ ਸਾਹਿਬ ਪਹੁੰਚ ਗਿਆ ਸੀ। ਨਗਰ ਕੀਰਤਨ ਦਾ ਇਥੇ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਗਿਆ। ਭਾਰਤ ਤੋਂ ਆਏ 1100 ਤੋਂ ਵੱਧ ਸ਼ਰਧਾਲੂ ਸਰਬੱਤ ਦੇ ਭਲੇ ਦੀ ਅਰਦਾਸ ’ਚ ਸ਼ਾਮਿਲ ਹੋਏ।

ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਉਪ ਸਕੱਤਰ ਇਮਰਾਨ ਗੌਂਡਲ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਫਰੁਖਾਬਾਦ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਕਰਤਾਰਪੁਰ ’ਚ ਗੁਰਦੁਆਰਾ ਦਰਬਾਰ ਸਾਹਿਬ ’ਚ ਸਮਾਪਤ ਹੋਵੇਗਾ। ਇਥੇ ਮੰਗਲਵਾਰ ਨੂੰ ਸੋਨੇ ਦੀ ਪਾਲਕੀ ਸਥਾਪਤ ਕੀਤੀ ਜਾਵੇਗੀ।

ਨਾਮਾਗਰਾਂ ਨਾਲ ਗੱਲਬਾਤ ਕਰਦਿਆਂ ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਨਨਕਾਣਾ ਸਾਹਿਬ ’ਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਅਤੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 50 ਰੁਪਏ ਦਾ ਚਾਂਦੀ ਦਾ ਸਿੱਕਾ ਜਾਰੀ ਕਰਨ ਦੇ ਫ਼ੈਸਲੇ ਦੀ ਵੀ ਸਰਾਹਨਾ ਕੀਤੀ।

- Advertisement -

550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸ਼੍ਰੋਮਣੀ ਕਮੇਟੀ ਦੇ ਲਗਪਗ 1300 ਸ਼ਰਧਾਲੂਆਂ ਦਾ ਜਥਾ 5 ਨਵੰਬਰ ਨੂੰ ਰਵਾਨਾ ਹੋਇਆ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਮੁਤਾਬਿਕ ਸ਼੍ਰੋਮਣੀ ਕਮੇਟੀ ਨੇ ਕੁੱਲ 1645 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਸਨ, ਪਾਕਿਸਤਾਨੀ ਸਫ਼ਾਰਤਖਾਨੇ ਨੇ ਇਨ੍ਹਾਂ ਵਿਚੋਂ 342 ਸ਼ਰਧਾਲੂਆਂ ਨੂੰ ਵੀਜ਼ੇ ਦੇਣ ਤੋਂ ਨਾਂਹ ਕਰ ਦਿੱਤੀ। 1303 ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਹਨ। ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ, ਬਾਬਾ ਚਰਨਜੀਤ ਸਿੰਘ ਜੱਸੋਵਾਲ ਅਤੇ ਅਜਾਇਬ ਸਿੰਘ ਅਭਿਆਸੀ ਕਰ ਰਹੇ ਹਨ। ਇਹ ਜਥਾ 13 ਨਵੰਬਰ ਨੂੰ ਭਾਰਤ ਪਰਤ ਆਵੇਗਾ।

ਇਸ ਤਰ੍ਹਾਂ ਸਿੱਖਾਂ ਵਿੱਚ ਭਾਰੀ ਉਤਸ਼ਾਹ ਹੈ। ਉਹ ਵਹੀਰਾਂ ਘੱਤ ਕੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ  ਜਾ ਰਹੇ ਹਨ।

ਅਵਤਾਰ ਸਿੰਘ

ਸੀਨੀਅਰ ਪੱਤਰਕਾਰ

Share this Article
Leave a comment