Home / ਧਰਮ ਤੇ ਦਰਸ਼ਨ / ਸ਼ਬਦ ਵਿਚਾਰ 85 – ਜਪੁ ਜੀ ਸਾਹਿਬ -ਪਉੜੀ 9

ਸ਼ਬਦ ਵਿਚਾਰ 85 – ਜਪੁ ਜੀ ਸਾਹਿਬ -ਪਉੜੀ 9

ਸ਼ਬਦ ਵਿਚਾਰ – 85

ਜਪੁ ਜੀ ਸਾਹਿਬਪਉੜੀ 9

ਡਾ. ਗੁਰਦੇਵ ਸਿੰਘ*

ਅਕਾਲ ਪੁਰਖ ਦੇ ਨਾਮ ਦੀ ਐਨੀ ਬਰਕਤ ਹੈ ਜੋ ਵੀ ਪ੍ਰਾਣੀ ਇਸ ਨਾਮ ਨੂੰ ਜਪਦਾ ਹੈ, ਸਿਮਰਦਾ ਹੈ, ਮੰਨਦਾ ਹੈ ਜਾਂ ਫਿਰ ਸੁਣਦਾ ਹੈ ਉਹ ਅਜਿਹੀਆਂ ਪਦਵੀਆਂ ਹਾਸਲ ਕਰ ਲੈਂਦਾ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਪੁਜੀ ਸਾਹਿਬ ਦੀ ਨੌਵੀਂ ਪਉੜੀ ਵਿੱਚ ਗੁਰੂ ਸਾਹਿਬ ਉਸ ਅਕਾਲ ਪੁਰਖ ਦੇ ਨਾਮ ਨੂੰ ਸੁਣਨ ਦੀ ਬਰਕਤ ਦਾ ਉਪਦੇਸ਼ ਦੇ ਰਹੇ ਹਨ :

ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥

ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥

ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੯॥

ਹੇ ਨਾਨਕ! (ਨਾਮ ਨਾਲ ਪ੍ਰੀਤ ਕਰਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ; (ਕਿਉਂਕਿ) ਰੱਬ ਦੀ ਸਿਫ਼ਤਿ ਸਾਲਾਹ ਸੁਣਨ ਕਰਕੇ (ਮਨੁੱਖ ਦੇ) ਦੁਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਦਾ ਸਦਕਾ ਸਾਧਾਰਨ ਮਨੁੱਖ ਸ਼ਿਵ, ਬ੍ਰਹਮਾ ਤੇ ਇੰਦਰ ਦੀ ਪਦਵੀ ‘ਤੇ ਅੱਪੜ ਜਾਂਦਾ ਹੈ, ਮੰਦਾ ਮਨੁੱਖ ਭੀ ਮੂੰਹੋਂ ਰੱਬ ਦੀਆਂ ਸਿਫ਼ਤਾਂ ਕਰਨ ਲੱਗ ਪੈਂਦਾ ਹੈ, (ਸਾਧਾਰਨ ਬੁੱਧ ਵਾਲੇ ਨੂੰ ਭੀ) ਸਰੀਰ ਵਿਚ ਦੀਆਂ ਗੁੱਝੀਆਂ ਗੱਲਾਂ, (ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ = ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ, ਪ੍ਰਭੂ = ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ, ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ (ਭਾਵ, ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿਚ ਸੁਰਤ ਜੋੜਦੇ ਹਾਂ, ਨਹੀਂ ਤਾਂ ਨਿਰੇ ਲਫ਼ਜ਼ਾਂ ਨੂੰ ਹੀ ਪੜ੍ਹ ਛਡਦੇ ਹਾਂ, ਉਸ ਅਸਲੀ ਜਜ਼ਬੇ ਵਿਚ ਨਹੀਂ ਪਹੁੰਚਦੇ ਜਿਸ ਜਜ਼ਬੇ ਵਿਚ ਅਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ) ।9।

 ਸੁਣਿਐ ਮੁਖਿ ਸਾਲਾਹਣ ਮੰਦੁ। ਵਾਲੀ ਪੰਕਤੀ ਦੇ ਕਈ ਟੀਕਾਕਾਰ ਸੱਜਣ ਇਸ ਤਰ੍ਹਾਂ ਅਰਥ ਕਰਦੇ ਹਨ:

‘ਸੁਣਨ ਕਰਕੇ ਮੰਦੇ ਪੁਰਖ ਭੀ ਮੂੰਹੌਂ ਸਾਲਾਹੇ ਜ਼ਾਦੇ ਹਨ’ ਜਾਂ ‘ਸੁਣਨ ਦੇ ਨਾਲ ਮੰਦੇ ਆਦਮੀ ਭੀ ਮੁਖੀ ਅਤੇ ਸ਼ਲਾਘਾ-ਯੋਗ ਹੋ ਜਾਂਦੇ ਹਨ। ‘ ਪਰ: ਗੁਰਬਾਣੀ ਵਿਆਕਰਣ ਅਨੁਸਾਰ ਇਸ ਅਰਥ ਦੇ ਰਾਹ ਵਿਚ ਕਈ ਔਕੜਾਂ ਹਨ। ਲਫ਼ਜ਼ ‘ਮੰਦੁ’ ਇਕ-ਵਚਨ ਹੈ, ਇਸ ਦਾ ਅਰਥ ਹੈ ‘ਮੰਦਾ ਮਨੁੱਖ’। ਲਫ਼ਜ਼ ‘ਸਾਲਾਹਣ’ ਕ੍ਰਿਆ ਨਹੀਂ ਹੈ। ‘ਸਲਾਹੇ ਜਾਂਦੇ ਹਨ’ ਵਿਆਕਰਣ ਅਨੁਸਾਰ ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ, ਕਰਮ ਵਾਚ (passive voice) ਹੈ, ਪੁਰਾਣੀ ਪੰਜਾਬੀ ਵਿਚ ਇਸ ਦੇ ਵਾਸਤੇ ਲਫ਼ਜ਼ ‘ਸਾਲਾਹੀਅਨਿ’ ਹੈ, ਜਿਵੇਂ ‘ਪਾਵਹਿ’ (active voice) ‘ਕਰਤਰੀ ਵਾਚ’ ਤੇ ‘ਪਾਈਅਹਿ’ ਅਤੇ ‘ਭਵਾਵਹਿ’ ਤੋਂ ‘ਭਵਾਈਅਹਿ’ ਹੈ, ਜਿਵੇਂ ਪਉੜੀ ਨੰ: 2 ਵਿਚ:

ਹੁਕਮੀ ਉਤਮੁ ਨੀਚ, ਹੁਕਮਿ ਲਿਖਿ ਦੁਖ ਸੁਖ ‘ਪਾਈਅਹਿ’ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ‘ਭਵਾਈਅਹਿ’ ॥

‘ਸਲਾਹੁੰਦੇ ਹਨ’ ਕਰਤਰੀ ਵਾਚ (active voice) ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ ਹੈ, ਪੁਰਾਣੀ ਪੰਜਾਬੀ ਵਿਚ ਇਸ ਦੇ ਥਾਂ ‘ਸਾਲਾਹਨਿ’ ਹੈ। ਇਹ ਫ਼ਰਕ ਭੀ ਚੇਤੇ ਰੱਖਣ ਵਾਲਾ ਹੈ, ‘ਣ’ ਨਹੀਂ ਹੈ, ‘ਨ’ ਹੈ ਅਤੇ ਇਸ ਦੇ ਨਾਲ (ਿ) ਹੈ, ਜਿਵੇਂ:

ਗੁਰਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ। (ਪ੍ਰਭਾਤੀ ਮ: 3

ਤੁਧੁ ਸਾਲਾਹਨਿ ਤਿਨੁ ਧਨੁ ਪਲੈ, ਨਾਨਕ ਕਾ ਧਨੁ ਸੋਈ। (ਪ੍ਰਭਾਤੀ ਮ: 1

ਸਾਲਾਹਨਿ = ਸਲਾਹੁੰਦੇ ਹਨ।

ਸੋ, ਇਸ ਵਿਚਾਰ-ਜੋਗ ਤੁਕ ਵਿਚ ਲਫ਼ਜ਼ ‘ਸਾਲਾਹਣੁ’ ਦਾ ਅਰਥ ‘ਸਲਾਹੁੰਦੇ ਹਨ’ ਜਾਂ ‘ਸਲਾਹੇ ਜਾਂਦੇ ਹਨ’ ਨਹੀਂ ਕੀਤਾ ਜਾ ਸਕਦਾ।

‘ਸਾਲਾਹਣ’ ‘ਨਾਂਵ’ ਪੁਲਿੰਗ ਬਹੁ-ਵਚਨ ਹੈ, ਇਸ ਦਾ ਇਕ-ਵਚਨ ‘ਸਾਲਾਹਣ’ ਹੈ ਅਤੇ ਇਸ ਦਾ ਅਰਥ ਹੈ ‘ਸਿਫ਼ਤਿ’, ਜਿਵੇਂ:

ਸਚੁ ਸਾਲਾਹਣੁ ਵਡਭਾਗੀ ਪਾਇਐ। (ਮਾਝ ਮ: 5)

ਸਿਫਤਿ ਸਲਾਹਣੁ ਛਡਿ ਕੈ, ਕਰੰਗੀ ਲਗਾ ਹੰਸੁ।2।16। (ਮ: 1 ਸੂਹੀ ਕੀ ਵਾਰ)

ਜਪੁਜੀ ਸਾਹਿਬ ਦੀ ਨੌਵੀਂ ਪਉੜੀ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਸਪਸ਼ਟ ਕਰਦੇ ਹਨ ਕਿ ਜਿਉਂ ਜਿਉਂ ਸੁਰਤ ਨਾਮ ਵਿਚ ਜੁੜਦੀ ਹੈ ਜੋ ਮਨੁੱਖ ਪਹਿਲਾਂ ਵਿਕਾਰੀ ਸੀ, ਉਹ ਭੀ ਵਿਕਾਰ ਛੱਡ ਕੇ ਸਿਫ਼ਤਿ-ਸਾਲਾਹ ਕਰਨ ਵਾਲਾ ਸੁਭਾਉ ਪਕਾਅ ਲੈਂਦਾ ਹੈ। ਇਸ ਤਰ੍ਹਾਂ ਇਹ ਸਮਝ ਆਉਂਦੀ ਹੈ ਕਿ ਕੁਰਾਹੇ ਪਏ ਹੋਏ ਗਿਆਨ-ਇੰਦਰੇ ਕਿਵੇਂ ਪ੍ਰਭੂ ਨਾਲੋਂ ਵਿੱਥ ਕਰਾਈ ਜਾਂਦੇ ਹਨ, ਤੇ ਇਸ ਵਿੱਥ ਨੂੰ ਮਿਟਾਣ ਦਾ ਕਿਹੜਾ ਤਰੀਕਾ ਹੈ। ਨਾਮ ਵਿਚ ਸੁਰਤਿ ਜੁੜਿਆਂ ਹੀ ਧਰਮ-ਪੁਸਤਕਾਂ ਦਾ ਗਿਆਨ ਮਨੁੱਖ ਦੇ ਮਨ ਵਿਚ ਖੁਲ੍ਹਦਾ ਹੈ। ਸ਼ਬਦ ਵਿਚਾਰ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ ਦਸਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਆਪ ਜੀ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

*gurdevsinghdr@gmail.com

Check Also

ਸ਼ਬਦ ਵਿਚਾਰ -108 ਜਪੁਜੀ ਸਾਹਿਬ – ਪਉੜੀ 32- ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ – 108 ਜਪੁਜੀ ਸਾਹਿਬ – ਪਉੜੀ 32 ਡਾ. ਗੁਰਦੇਵ ਸਿੰਘ* ਸ੍ਰਿਸ਼ਟੀ ਕਰਤਾ ਨੂੰ …

Leave a Reply

Your email address will not be published. Required fields are marked *