Breaking News

ਨਾਨਕ ਸਾਚੇ ਕਉ ਸਚੁ ਜਾਣੁ ॥ … ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ -127

ਨਾਨਕ ਸਾਚੇ ਕਉ ਸਚੁ ਜਾਣੁ ॥ …

*ਡਾ. ਗੁਰਦੇਵ ਸਿੰਘ

ਸ਼ਰਾਬ, ਅਫ਼ੀਮ ਆਦਿ ਦਾ ਨਸ਼ਾ ਜੋ ਬੰਦੇ ਨੂੰ ਕੁਝ ਦੇਰ ਦੀ ਮਸਤੀ ਪ੍ਰਦਾਨ ਕਰਦਾ ਹੈ ਪਰ ਇੱਕ ਨਸ਼ਾ ਅਜਿਹਾ ਵੀ ਹੈ ਜੋ ਇੱਕ ਵਾਰ ਜਿਸ ਮਨੁੱਖ ‘ਤੇ ਚੜ੍ਹ ਜਾਂਦਾ ਹੈ ਫਿਰ ਉਹ ਕਦੀ ਉਤਰਦਾ ਨਹੀਂ। ਉਸ ਦੀ ਮਸਤੀ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਹੈ। ਉਹ ਕਿਸੇ ਗੁੜ ਆਦਿ ਪਦਾਰਥਾਂ ਤੋਂ ਨਹੀਂ ਬਣਦਾ। ਇਹ ਇੱਕ ਅਜਿਹਾ ਨਸ਼ਾ ਹੈ ਜੋ ਮਨੁੱਖ ਦਾ ਜੀਵਨ ਸਫਲ ਕਰਦਾ ਹੈ, ਜੀਵਨ ਨੂੰ ਖੁਸ਼ਹਾਲ ਬਣਾਉਂਦਾ ਹੈ। ਇਸ ਨੂੰ ਕਰਨ ਦੇ ਨਾਲ ਮਤ ਮਲੀਨ ਨਹੀਂ ਸਗੋਂ ਪਵਿੱਤਰ ਹੁੰਦੀ ਹੈ। ਅਜਿਹਾ ਕਿਹੜਾ ਨਸ਼ਾ ਹੈ ਉਸ ਦਾ ਜ਼ਿਕਰ ਅੱਜ ਕੀਤੇ ਜਾ ਸ਼ਬਦ ਵਿਚਾਰ ਵਿੱਚ ਕੀਤਾ ਗਿਆ ਹੈ।ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ “ਨਾਨਕ ਸਾਚੇ ਕਉ ਸਚੁ ਜਾਣੁ ॥ …” ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 15 ‘ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ ਪੰਜਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਜਿਹੇ ਅਮਲ ਦਾ ਜ਼ਿਕਰ ਕਰ ਰਹੇ ਹਨ ਜਿਸ ਦੇ ਕਰਨ ਨਾਲ ਮਨੁੱਖਾ ਜੀਵਨ ਦਾ ਮਨੋਰਥ ਪੂਰਾ ਹੁੰਦਾ ਹੈ।

ਸਿਰੀਰਾਗੁ ਮਹਲਾ ੧ ॥

ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥

ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥

ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥੧॥

ਪਦ ਅਰਥਅਮਲੁ = ਨਸ਼ਾ (ਅਫ਼ੀਮ ਆਦਿਕ ਦਾ) । ਗਲੋਲਾ = ਗੋਲਾ। ਕੂੜ = ਨਾਸ਼ਵੰਤ ਜਗਤ (ਦਾ ਮੋਹ) । ਦੇਵਣਹਾਰਿ = ਦੇਵਣਹਾਰ ਨੇ। ਮਤੀ = ਮੱਤੀ, ਮਸਤ ਹੋਈ ਨੇ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੋਫੀ = ਜੋ ਨਸ਼ੇ ਤੋਂ ਪਰਹੇਜ਼ ਕਰਦੇ ਹਨ, ਜਿਨ੍ਹਾਂ ਨਾਸ਼ਵੰਤ ਜਗਤ ਦੇ ਮੋਹ-ਨਸ਼ੇ ਨੂੰ ਛੱਡਿਆ। ਰਾਖਣ ਕਉ = ਮੱਲਣ ਲਈ। ਦਰਵਾਰੁ = ਪ੍ਰਭੂ ਦਾ ਦਰ।1।

ਵਿਆਖਿਆ ਦੇਣਹਾਰ ਪ੍ਰਭੂ ਨੇ ਆਪ ਹੀ ਜਗਤ ਦਾ ਮੋਹ-ਰੂਪ ਨਸ਼ੇ ਦਾ ਗੋਲਾ ਜੀਵ ਨੂੰ ਦਿੱਤਾ ਹੋਇਆ ਹੈ। (ਇਸ ਮੋਹ-ਅਫੀਮ ਨੂੰ ਖਾ ਕੇ) ਮਸਤ ਹੋਈ ਜਿੰਦ ਨੇ ਮੌਤ ਭੁਲਾ ਦਿੱਤਾ ਹੈ, ਚਾਰ ਦਿਨ ਜ਼ਿੰਦਗੀ ਵਿਚ ਰੰਗ-ਰਲੀਆਂ ਮਾਣ ਰਹੀ ਹੈ। ਜਿਨ੍ਹਾਂ ਨੇ ਮੋਹ-ਨਸ਼ਾ ਛੱਡ ਕੇ ਪਰਮਾਤਮਾ ਦਾ ਦਰ ਮੱਲਣ ਦਾ ਆਹਰ ਕੀਤਾ, ਉਹਨਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪਿਆ।1।

ਨਾਨਕ ਸਾਚੇ ਕਉ ਸਚੁ ਜਾਣੁ ॥

ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥

ਪਦ ਅਰਥ : ਜਿਤੁ ਸੇਵਿਐ = ਜਿਸ ਦਾ ਸਿਮਰਨ ਕੀਤਿਆਂ। ਚਲੈ ਮਾਣੁ = ਆਦਰ ਮਿਲੇ।1। ਰਹਾਉ।

ਵਿਆਖਿਆ : ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸੱਚੀ ਸਾਂਝ ਬਣਾ, ਜਿਸ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ। (ਤੇ ਅਰਦਾਸ ਕਰ ਕਿ ਹੇ ਪ੍ਰਭੂ! ਆਪਣਾ ਨਾਮ ਦੇਹ ਜਿਸ ਕਰਕੇ) ਤੇਰੀ ਹਜ਼ੂਰੀ ਵਿਚ ਆਦਰ ਮਿਲ ਸਕੇ।1। ਰਹਾਉ।

ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ॥

ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ॥

ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥੨॥

ਪਦ ਅਰਥ: ਸਰਾ = ਸ਼ਰਾਬ। ਗੁੜ ਬਾਹਰਾ = ਗੁੜ ਪਾਣ ਤੋਂ ਬਿਨਾ ਬਣਾਇਆ ਹੋਇਆ। ਵਖਾਣਹਿ = ਉਚਾਰਦੇ ਹਨ। ਜੇਤੜੇ = ਜੋ ਜੋ ਮਨੁੱਖ। ਹਉ = ਮੈਂ। ਖੀਵਾ = ਮਸਤ। ਮਹਲੀ = ਪਰਮਾਤਮਾ ਦੀ ਹਜ਼ੂਰੀ ਵਿਚ।2।

ਵਿਆਖਿਆ : ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾ ਹੀ ਤਿਆਰ ਕਰੀਦਾ ਹੈ, ਉਸ (ਸ਼ਰਾਬ) ਵਿਚ ਪ੍ਰਭੂ ਦਾ ਨਾਮ ਹੁੰਦਾ ਹੈ (ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆ ਵਲੋਂ ਬੇ-ਪਰਵਾਹ ਕਰ ਦੇਂਦਾ ਹੈ) । ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ। ਮਨ ਨੂੰ ਤਦੋਂ ਹੀ ਮਸਤ ਹੋਇਆ ਜਾਣੋ, ਜਦੋਂ ਇਹ ਪ੍ਰਭੂ ਦੀ ਯਾਦ ਵਿਚ ਟਿਕ ਜਾਏ (ਤੇ, ਮਨ ਟਿਕਦਾ ਹੈ ਸਿਮਰਨ ਦੀ ਬਰਕਤਿ ਨਾਲ) ।2।

ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥

ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥

ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥੩॥

ਪਦ ਅਰਥ: ਨਾਉ = ਪ੍ਰਭੂ ਦਾ ਨਾਮ। ਨੀਰੁ = (ਇਸ਼ਨਾਨ ਵਾਸਤੇ) ਪਾਣੀ। ਚੰਗਿਆਈਆ = ਪ੍ਰਭੂ ਦੇ ਗੁਣ, ਸਿਫ਼ਤਿ-ਸਾਲਾਹ। ਸਤੁ = ਉੱਚਾ ਆਚਰਨ। ਪਰਮਲੁ = ਸੁਗੰਧੀ। ਤਨਿ = ਤਨ ਉੱਤੇ, ਤਨ ਵਿਚ। ਵਾਸੁ = ਸੁਗੰਧੀ। ਉਜਲਾ = ਰੌਸ਼ਨ, ਸਾਫ਼-ਸੁਥਰਾ। ਆਖੀਅਹਿ = ਆਖੇ ਜਾਂਦੇ ਹਨ।3।

ਵਿਆਖਿਆ : ਪਰਮਾਤਮਾ ਦਾ ਨਾਮ ਤੇ ਸਿਫ਼ਤਿ-ਸਾਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ, ਸਿਫ਼ਤਿ-ਸਾਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲੱਗਦਾ ਹੈ। ਪ੍ਰਭੂ ਦਾ ਨਾਮ ਤੇ ਸਿਫ਼ਤਿ-ਸਾਲਾਹ ਹੀ (ਮੂੰਹ ਉਜਲਾ ਕਰਨ ਲਈ) ਪਾਣੀ ਹੈ, ਤੇ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਬਣਿਆ ਹੋਇਆ) ਸੁੱਚਾ ਆਚਰਨ ਸਰੀਰ ਉਤੇ ਲਾਣ ਲਈ ਸੁਗੰਧੀ ਹੈ। ਦੁੱਖਾਂ ਦੀ (ਨਿਵਿਰਤੀ) ਤੇ ਸੁੱਖਾਂ ਦੀ (ਪ੍ਰਾਪਤੀ) ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ।3।

ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ ॥

ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ॥

ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ ॥੪॥੫॥ 

ਪਦ ਅਰਥ: ਮਨਹੁ = ਮਨ ਤੋਂ। ਜੀਅ = ਜਿੰਦ। ਪਰਾਣ = ਸਾਹ। ਜੀਅ ਪਰਾਣ = ਜਿੰਦ-ਜਾਨ। ਜੇਤਾ = ਜਿਤਨਾ ਭੀ, ਸਾਰਾ ਹੀ। ਕੂੜੀਆ = ਕੂੜ ਵਿਚ ਫਸਾਣ ਵਾਲੀਆਂ, ਜਗਤ ਦੇ ਮੋਹ ਵਿਚ ਫਸਾਣ ਵਾਲੀਆਂ। ਪਰਵਾਣੁ = ਸੁਚੱਜੀ, ਚੰਗੀ, ਕਬੂਲ ਕਰਨ-ਜੋਗ।4।

ਵਿਆਖਿਆ : ਜਿਸ ਪ੍ਰਭੂ ਦੀ ਬਖ਼ਸ਼ੀ ਹੋਈ ਇਹ ਜਿੰਦ-ਜਾਨ ਹੈ, ਉਸ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ। ਪ੍ਰਭੂ ਨੂੰ ਵਿਸਾਰਿਆਂ ਖਾਣ ਪਹਿਨਣ ਦਾ ਸਾਰਾ ਹੀ ਉੱਦਮ ਮਨ ਨੂੰ ਹੋਰ ਹੋਰ ਮਲੀਨ ਕਰਦਾ ਹੈ, (ਕਿਉਂਕਿ) ਹੋਰ ਸਾਰੀਆਂ ਗੱਲਾਂ (ਮਨ ਨੂੰ) ਨਾਸਵੰਤ ਸੰਸਾਰ ਦੇ ਮੋਹ ਵਿਚ ਫਸਾਂਦੀਆਂ ਹਨ। (ਹੇ ਪ੍ਰਭੂ!) ਉਹੀ ਉੱਦਮ ਸੁਚੱਜਾ ਹੈ ਜੋ ਤੇਰੇ ਨਾਲ ਪ੍ਰੀਤ ਬਣਾਂਦਾ ਹੈ।4।5।

ਪ੍ਰਭੂ ਦੀ ਯਾਦ ਭੁਲਾਇਆਂ ਜਗਤ ਦਾ ਮੋਹ ਆ ਦਬਾਂਦਾ ਹੈ, ਮੋਹ-ਅਧੀਨ ਹੋ ਕੇ ਕੀਤੇ ਕੰਮ ਮਨ ਨੂੰ ਹੋਰ ਮਲੀਨ ਕਰਦੇ ਜਾਂਦੇ ਹਨ। ਪ੍ਰਭੂ ਦਾ ਨਾਮ ਸਭ ਤੋਂ ਉੱਚੀ ਬਖ਼ਸ਼ਸ਼ ਹੈ, ਇਹ ਇਕ ਐਸਾ ਹੁਲਾਰਾ ਪੈਦਾ ਕਰਦਾ ਹੈ ਜਿਸ ਦਾ ਸਦਕਾ ਮਨੁੱਖ ਮੋਹ ਤੋਂ ਉਤਾਂਹ ਰਹਿ ਕੇ ਸੁੱਚੇ ਆਚਰਨ ਵਾਲਾ ਹੋ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Check Also

ਅੱਜ ਦਾ ਹੁਕਮਨਾਮਾ – Today’s Hukamnama from Sri Darbar Sahib (March 23th, 2023)

ਸੋਰਠਿ ਮਹਲਾ ੫॥ ਠਾਢਿ ਪਾਈ ਕਰਤਾਰੇ ॥ ਤਾਪੁ ਛੋਡਿ ਗਇਆ ਪਰਵਾਰੇ ॥ ਗੁਰਿ ਪੂਰੈ ਹੈ …

Leave a Reply

Your email address will not be published. Required fields are marked *