ਸ੍ਰੀ ਗ੍ਰੰਥ ਸਾਹਿਬ ਦੇ ਇਸ ਆਦਿ ਰੂਪ ਦਾ ਕੀਤਾ ਗਿਆ ਪਹਿਲੀ ਵਾਰ ਪ੍ਰਕਾਸ਼ -ਡਾ. ਗੁਰਦੇਵ ਸਿੰਘ

TeamGlobalPunjab
4 Min Read

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ‘ਤੇ ਵਿਸ਼ੇਸ਼

ਸ੍ਰੀ ਗ੍ਰੰਥ ਸਾਹਿਬ ਦੇ ਇਸ ਆਦਿ ਰੂਪ ਦਾ ਕੀਤਾ ਗਿਆ ਪਹਿਲੀ ਵਾਰ ਪ੍ਰਕਾਸ਼

*ਡਾ. ਗੁਰਦੇਵ ਸਿੰਘ

ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 628)

ਦੀਨ ਦੁਨੀਆਂ ਦੇ ਰਹਿਬਰ, ਸਾਹਿਬ-ਏ-ਕਮਾਲ, ਸਰਬਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ, ਰਹਿਮਤਾਂ ਦੇ ਦਾਤੇ, ਧੁਰ ਕੀ ਬਾਣੀ ਦੇ ਖਜਾਨੇ, ਸ਼ਬਦ ਗੁਰੂ ਜੁਗੋ ਜੁੱਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸਮੂਹ ਸਿੱਖ ਜਗਤ ਹਰ ਵਰੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਉਂਦਾ ਹੈ।

- Advertisement -

ਭਾਦੋਂ ਸੁਦੀ ਪਹਿਲੀ ਸੰਮਤ 1661, ਸੰਨ 1604 ਈਸਵੀ ਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਹਿਨੁਮਾਈ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਾਵਨ ਅਸਥਾਨ ਉਤੇ ਗ੍ਰੰਥ ਸਾਹਿਬ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲੀ ਵੇਰ ਪ੍ਰਕਾਸ਼ ਕੀਆ ਗਿਆ। ਗੁਰੂ ਅਰਜਨ ਦੇਵ ਜੀ ਦੀ ਆਗਿਆ ਨਾਲ ਬਾਬਾ ਬੁੱਢਾ ਜੀ ਨੇ ਗ੍ਰੰਥ ਸਾਹਿਬ ਵਿੱਚੋਂ ਮੁਖਵਾਕ ਲਿਆ, ਮੁਖਵਾਕ ਆਇਆ:

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥

ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 783)

ਇਤਿਹਾਸ ਦੀ ਇਹ ਇੱਕ ਮਹਾਨ ਨਿਵੇਕਲੀ ਘਟਨਾ ਸੀ ਜਿਸ ਨੇ ਸੰਸਾਰ ਨੂੰ ਨਵੀਂ ਸੇਧ ਪ੍ਰਦਾਨ ਕੀਤੀ। ਅਸਲ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੂਰਵਲੇ ਧਾਰਮਿਕ ਗ੍ਰੰਥਾਂ ਨੂੰ ਵਾਚਿਆ ਤੇ ਮਹਿਸੂਸ ਕੀਤਾ ਕਿ ਸਾਰੇ ਧਾਰਮਿਕ ਗ੍ਰੰਥ ਜਿਨ੍ਹਾਂ ਜਿਨ੍ਹਾਂ ਅਵਤਾਰੀ ਪੁਰਸ਼ਾਂ ਨਾਲ ਸਬੰਧਤ ਨੇ ਉਹ ਉਨਾਂ ਤੋਂ ਕਈ ਕਈ ਸਾਲ ਬਾਅਦ ਲਿਖਤ ਰੂਪ ਵਿੱਚ ਆਏ ਭਾਵ ਉਨ੍ਹਾਂ ਅਵਤਾਰੀ ਪੁਰਸ਼ਾਂ ਨੇ ਉਨ੍ਹਾਂ ਗ੍ਰੰਥਾਂ ਨੂੰ ਖੁਦ ਲਿਖਤ ਰੂਪ ਨਹੀਂ ਦਿੱਤਾ। ਦੂਸਰਾ ਗੁਰੂ ਅਰਜਨ ਸਾਹਿਬ ਦੇ ਸਮੇਂ ਤਕ ਨਾਨਕ ਨਾਮ ਹੇਠ ਗੁਰੂ ਘਰ ਦੇ ਸ਼ਰੀਕਾਂ ਨੇ ਕੱਚੀ ਬਾਣੀ ਪ੍ਰਚਾਰਨੀ ਪ੍ਰਾਰੰਭ ਕਰ ਦਿੱਤੀ। ਗੁਰੂ ਅਰਜਨ ਸਾਹਿਬ ਨੇ ਉਨ੍ਹਾਂ ਨੂੰ ਠੱਲ੍ਹ ਪਾਉਣ ਲਈ ਪੂਰਵਲੇ ਗੁਰੂ ਸਾਹਿਬਾਨ ਦੀ ਪ੍ਰਮਾਣਿਕ ਬਾਣੀ ਨੂੰ ਇਕੱਤਰ ਕੀਤਾ ਤੇ ਭਾਈ ਗੁਰਦਾਸ ਜੀ ਤੋਂ ਇਸ ਧੁਰ ਕੀ ਬਾਣੀ ਨੂੰ ਇੱਕ ਵਿਗਿਆਨਕ ਤਰਤੀਬ ਵਿੱਚ ਸੰਪਾਦਤ ਕਰਵਾਇਆ ਤਾਂ ਜੋ ਭਵਿੱਖ ਵਿੱਚ ਇਸ ਨਾਲ ਕੋਈ ਛੇੜ ਛਾੜ ਨਾ ਕਰ ਸਕੇ। ਇਤਿਹਾਸਕ ਹਵਾਲਿਆਂ ਅਨੁਸਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗ੍ਰੰਥ ਸਾਹਿਬ ਦਾ ਸਤਿਕਾਰ ਕਰਦਿਆਂ ਇਸ ਇਲਾਹੀ ਸ਼ਬਦ ਦੇ ਖਜਾਨੇ ਨੂੰ ਆਪਣੇ ਤੋਂ ਉੱਚੇ ਅਸਥਾਨ ‘ਤੇ ਸੁਸ਼ੋਭਿਤ ਕੀਤਾ ਤੇ ਆਪ ਹਮੇਸ਼ਾਂ ਨੀਵੇਂ ਅਸਥਾਨ ‘ਤੇ ਆਸਣ ਲਾਏ।

- Advertisement -

ਸੰਨ 1706 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੀ ਧਰਤੀ ‘ਤੇ ਭਾਈ ਮਨੀ ਸਿੰਘ ਤੋਂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਦਰਜ ਕਰਵਾਇਆ ਅਤੇ ਸੰਨ 1708 ਈਸਵੀ ਵਿੱਚ ਅਬਚਲ ਨਗਰ ਨਾਂਦੇੜ ਵਿਖੇ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦੇ ਕੇ ਸਿੱਖਾਂ ਨੂੰ ਸਦਾ ਲਈ ਸ਼ਬਦ ਗੁਰੂ ਦੇ ਲੜ ਲਾਇਆ। ਸਿੱਖ ਆਪਣੀ ਨਿੱਤ ਦੀ ਅਰਦਾਸ ਵਿੱਚ ਗੁਰੂ ਗੋਬਿੰਦ ਸਾਹਿਬ ਦੇ ਇਹਨ੍ਹਾਂ ਹੁਕਮਾਂ ਨੂੰ ਪ੍ਰਤੀ ਦਿਨ ਇਸ ਤਰ੍ਹਾਂ ਚਿਤਾਰਦੇ ਨੇ:

ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ॥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਕੇਵਲ ਸ਼ਬਦ ਹੀ ਸਾਰੇ ਜੀਵਾਂ ਦਾ ਮੁਕਤੀ ਦਾਤਾ ਹੈ। ਇਸ ਲਈ ਅੱਜ ਲੋੜ ਹੈ ਸਾਨੂੰ ਜਾਗਣ ਦੀ ਤੇ ਦੇਹਧਾਰੀ ਪਾਖੰਡੀ ਗੁਰੂਆਂ ਤੋਂ ਬਚਣ ਦੀ। ਆਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸਾਏ ਰਸਤੇ ‘ਤੇ ਚੱਲਣ ਦਾ ਯਤਨ ਕਰੀਏ। ਅਖੀਰ ਆਪ ਸਭ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।

*gurdevsinghdr@gmail.com

Share this Article
Leave a comment