-ਅਵਤਾਰ ਸਿੰਘ
ਉਘੇ ਨਾਟਕਾਰ ਗੁਰਸ਼ਰਨ ਸਿੰਘ 27-9-2011 ਨੂੰ ਸਾਡੇ ਤੋਂ ਸਦਾ ਲਈ ਵਿਛੜ ਗਏ ਸਨ। ਉਨ੍ਹਾਂ ਦੀਆਂ ਸਮਾਜ ਸੁਧਾਰਕ ਲਿਖਤਾਂ ਸਦਾ ਰਾਹ ਦਸੇਰਾ ਰਹਿਣਗੀਆਂ। ਇਕ ਵਾਰ ਦੀ ਗੱਲ ਹੈ ਕਿ ਉਹ ਇਕ ਨਾਟਕ ਪ੍ਰੋਗਰਾਮ ਲਈ ਗਏ, ਜਦ ਪਹੁੰਚਣ ਮਗਰੋਂ ਰੋਟੀ ਖਾਣ ਲੱਗੇ ਤੇ ਜਦੋਂ ਉਨ੍ਹਾਂ ਅੱਗੇ ਮੀਟ, ਜਰਦਾ (ਮਿਠੇ ਖੱਟੇ ਰੰਗ ਵਾਲੇ ਚੌਲ) ਦਹੀਂ, ਸਬਜ਼ੀਆਂ, ਦਾਲ ਤੇ ਸਲਾਦ ਸਜਾ ਕੇ ਰੱਖਿਆ ਤਾਂ ਉਹ ਵੇਖ ਕੇ ਬੜੇ ਗੁਸੇ ਨਾਲ ਕਹਿਣ ਲੱਗੇ, “ਤੁਸੀਂ ਕੀ ਇਨਕਲਾਬ ਕਰਨਾ, ਲੋਕਾਂ ਨੂੰ ਰੋਟੀ ਦਾਲ ਨਹੀਂ ਲਭਦੀ।” ਉਨ੍ਹਾਂ ਸਾਦਾ ਖਾਣਾ ਖਾਧਾ।
ਉਨ੍ਹਾਂ ਦੀ ਟੀਮ ਨੇ “ਇਹ ਲਹੂ ਕਿਸਦਾ ਹੈ”, “ਹਵਾਈ ਗੋਲੇ” ਤੇ “ਇਨਕਲਾਬ ਜਿੰਦਾਬਾਦ” ਨਾਟਕ ਪੇਸ਼ ਕੀਤੇ। ਇਨਕਲਾਬੀ ਕਵੀ ਸੰਤ ਰਾਮ ਉਦਾਸੀ ਤੇ ਓਮ ਪਰਕਾਸ਼ ਕੁਸਾ ਨੇ ਇਨਕਲਾਬੀ ਗੀਤ ਪੇਸ਼ ਕੀਤੇ।
ਨਾਟਕਾਂ ਤੋਂ ਪਿਛੋਂ ਉਹ ਅਗਾਂਹਵਧੂ ਕਿਤਾਬਾਂ ਤੇ ਸਰਦਲ, ਸਮਤਾ ਮੈਗਜ਼ੀਨ ਸਸਤੇ ਰੇਟ ‘ਤੇ ਲੋਕਾਂ ਨੂੰ ਦਿੰਦੇ ਸਨ। ਐਮਰਜੈਂਸੀ ਵਿੱਚ ਵੀ ਇਥੇ ਨਾਟਕ “ਭਾਈ ਲਾਧੋ ਰੇ” ਖੇਡਿਆ।
ਜਦੋਂ ਜਲੰਧਰ ਦੂਰਦਰਸ਼ਨ ‘ਤੇ ਲੜੀਵਾਰ “ਭਾਈ ਮੰਨਾ ਸਿੰਘ” ਦਾ ਨਾਟਕ ਸ਼ੁਰੂ ਹੋਇਆ ਤਾਂ ਲੋਕ ਬੜੇ ਚਾਅ ਨਾਲ ਵੇਖਦੇ। ਉਹ ਕਿਹਾ ਕਰਦੇ ਸਨ “ਜਦੋਂ ਵੀ ਲੋਕ ਗਾਲਾਂ ਕੱਢਦੇ ਹਨ ਉਹ ਗਾਲ ਸਿਰਫ ਔਰਤਾਂ ਲਈ ਹੁੰਦੀ ਹੈ ਜਦ ਕੋਈ ਅਸੀਸ ਦਿੰਦਾ ਹੈ ਉਹ ਮਰਦ ਲਈ ਹੁੰਦੀ ਹੈ।”
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਜਾਂਦੇ ਸਾਰਟੀਫਿਕੇਟਾਂ ‘ਤੇ ਪਹਿਲਾਂ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਮ ਨਾਲ ਪਹਿਲਾਂ ਸਿਰਫ ਪਿਤਾ ਦਾ ਨਾਂ ਲਿਖਿਆ ਜਾਂਦਾ ਸੀ ਤੇ ਉਨ੍ਹਾਂ ਨੇ ਆਪਣੇ ਯਤਨਾਂ ਨਾਲ ਪਿਤਾ ਦੇ ਨਾਂ ਨਾਲ ਮਾਂ ਦਾ ਨਾਂ ਲਿਖਵਾਉਣ ਦੀ ਸ਼ੁਰੂਆਤ ਕਰਵਾਈ।
ਉਨ੍ਹਾਂ ਜ਼ਿੰਦਗੀ ਵਿਚ ਲਗਪਗ 185 ਨਾਟਕ ਲਿਖੇ ਤੇ 12 ਹਜ਼ਾਰ ਤੋਂ ਵੱਧ ਸਟੇਜਾਂ ‘ਤੇ ਨਾਟਕ ਖੇਡੇ। ਸਿਹਤ ਤੇ ਵਧਦੀ ਉਮਰ ਵਿਚ ਜਿਸ ਦਿਨ ਦੋ ਤਿੰਨ ਵੀ ਨਾਟਕ ਖੇਡਦੇ, ਉਨ੍ਹਾਂ ਦਾ ਚਿਹਰਾ ਖੁਸ਼ੀ ਨਾਲ ਲਾਲ ਹੋ ਜਾਂਦਾ।
ਦੂਰਦਰਸ਼ਨ ਜਲੰਧਰ ਤੋਂ ਉਨ੍ਹਾਂ ਦਾ ਨਾਟਕ ਭਾਈ ਮੰਨਾ ਸਿੰਘ ਲੋਕਾਂ ਵਿਚ ਬਹੁਤ ਹਰਮਨ ਪਿਆਰਾ ਰਿਹਾ, ਲੋਕ ਅੱਜ ਵੀ ਉਨ੍ਹਾਂ ਵਲੋਂ ਸਮਾਜ ਨੂੰ ਸਮਾਜਿਕ ਬੁਰਾਈਆਂ ਤੋਂ ਚੇਤਨ ਕਰਨ ਤੇ ਇਨਕਲਾਬੀ ਤੇ ਤਰਕਸ਼ੀਲ ਲਹਿਰਾਂ ਵਿੱਚ ਪਾਏ ਯੋਗਦਾਨ ਲਈ ਯਾਦ ਕਰਦੇ ਹਨ ਤੇ ਯਾਦ ਕਰਦੇ ਰਹਿਣਗੇ।
ਭਾਈ ਮੰਨਾ ਸਿੰਘ,”ਇਨ੍ਹਾਂ ਨੂੰ ਕਹਿ ਦਿਉ ਕਿ ਸ਼ਹੀਦ ਭਗਤ ਸਿੰਘ ਦਾ ਸੁਨੇਹਾ ਅੱਜ ਵੀ ਉਨਾ ਹੀ ਸਾਰਥਿਕ ਹੈ ਜਿੰਨਾ ਉਸ ਸਮੇਂ ਸੀ।” ‘ਉਠੋ ! ਜਾਗੋ! ਸਾਨੂੰ ਸੁੱਤਿਆਂ ਯੁੱਗ ਬੀਤ ਚੁੱਕੇ ਹਨ।