ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -8
ਗੁਰਦੁਆਰਾ ਤੰਬੂ ਸਾਹਿਬ, ਨਨਕਾਣਾ ਸਾਹਿਬ, ਪਾਕਿਸਤਾਨ
-ਡਾ. ਗੁਰਦੇਵ ਸਿੰਘ*
ਗੁਰਦੁਆਰਿਆਂ ਦੇ ਲੜੀਵਾਰ ਇਤਿਹਾਸ ਵਿੱਚ ਅਸੀਂ ਪਹਿਲੀ ਪਾਤਸ਼ਾਹੀ ਨਾਲ ਸਬੰਧਤ ਹੁਣ ਤਕ 7 ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਤੋਂ ਜਾਣੂ ਹੋ ਚੁੱਕੇ ਹਾਂ। ਪਿਛਲੀ ਲੜੀ ਵਿੱਚ ਅਸੀਂ ਗੁਰਦੁਆਰਾ ‘ਸਚਖੰਡ ਸਾਹਿਬ’ ਦੇ ਇਤਿਹਾਸ ਨਾਲ ਸਾਂਝ ਪਾਈ ਸੀ ਜਿਸ ਨਾਲ ਇੱਕ ਸੰਬੰਧਤ ਸਾਖੀ ਦਾ ਵੀ ਜ਼ਿਕਰ ਕੀਤਾ ਗਿਆ ਸੀ। ਅੱਜ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਗੁਰਦੁਆਰਿਆਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਗੁਰਦੁਆਰਾ ਤੰਬੂ ਸਾਹਿਬ ਦੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਜੋ ਕਿ ਪਾਕਿਸਤਾਨ ਵਿੱਚ ਸੁਸ਼ੋਭਿਤ ਹੈ।
ਗੁਰਦਆਰਾ ਤੰਬੂ ਸਾਹਿਬ
ਮਹਿਤਾ ਕਾਲੂ ਜੀ ਵਲੋਂ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦਾ ਖਰਾ ਸੌਦਾ ਕਰਨ ਨੂੰ ਕਿਹਾ ਗਿਆ ਤਾਂ ਆਪ ਜੀ ਜਦੋਂ ਉਹ ਸੌਦਾ ਕਰਕੇ ਵਾਪਸ ਆਏ ਤਾਂ ਆਪ ਤਲਵੰਡੀ ਦੇ ਬਾਹਰਵਾਰ ਠਹਿਰ ਗਏ। ਕਾਰਨ ਇਹ ਸੀ ਕਿ ਆਪ ਜੀ ਜੋ ਸੌਦਾ ਕਰਕੇ ਆਏ ਸੀ ਭਾਵੇਂ ਉਹ ਹੈ ਤਾਂ ਖਰਾ ਸੀ ਪਰ ਦੁਨਿਆਵੀਂ ਨਜ਼ਰ ਵਿੱਚ ਉਹ ਖਰਾ ਸੌਦਾ ਨਹੀਂ ਸੀ। ਆਪ ਜੀ ਉਹ ਵੀਹ ਰੁਪਏ ਭੂੱਖੇ ਸਾਧੂਆਂ ਨੂੰ ਭੋਜਨ ਕਰਵਾਉਣ ਵਿੱਚ ਖਰਚ ਆਏ ਸੀ। ਅਜਿਹੇ ਵਿੱਚ ਪਿਤਾ ਜੀ ਗੁੱਸੇ ਹੋਣਗੇ ਇਹ ਸੋਚ ਕੇ ਗੁਰੂ ਜੀ ਤਲਵੰਡੀ ਨਗਰ ਦੇ ਬਾਹਰਵਾਰ ਠਹਿਰ ਗਏ। ਜਦੋਂ ਮਹਿਤਾ ਕਾਲੂ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਬਹੁਤ ਨਾਰਾਜ ਹੋਏ। ਉਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਖਤ ਤਾੜਨਾ ਵੀ ਕੀਤੀ ਤੇ ਫਿਰ ਘਰ ਲੈ ਗਏ।

ਜਿਸ ਅਸਥਾਨ ‘ਤੇ ਗੁਰੂ ਜੀ ਰੁਕੇ ਸਨ ਉਥੇ ਵਣ ਦਾ ਪੁਰਾਣਾ ਦਰੱਖਤ ਸੀ ਜੋ ਅੱਜ ਵੀ ਮੌਜੂਦ ਹੈ। ਇਹ ਦਰੱਖਤ ਤੰਬੂ ਵਾਂਗ ਫੈਲਿਆ ਹੋਇਆ ਸੀ ਵਿਚਕਾਰੋਂ ਉੱਚਾ ਅਤੇ ਇਸ ਦੀਆਂ ਟਾਹਣੀਆਂ ਆਲੇ ਦੁਆਲੇ ਫੈਲੀਆਂ ਹੋਈਆਂ ਤੇ ਜ਼ਮੀਨ ਨੂੰ ਛੂਹਦੀਆਂ ਸਨ। ਇਸੇ ਕਾਰਨ ਇਸ ਅਸਥਾਨ ਨੂੰ ਤੰਬੂ ਸਾਹਿਬ ਦੇ ਰੂਪ ਵਿੱਚ ਸੰਗਤਾਂ ਸਤਿਕਾਰਦੀਆਂ ਹਨ। ਹਵਾਲਿਆਂ ਅਨੁਸਾਰ ਇਹ ਵਣ ਦਾ ਦਰੱਖਤ ਅੱਜ ਵੀ ਉਵੇਂ ਹੀ ਤੰਬੂ ਦੀ ਸ਼ਕਲ ਵਿੱਚ ਖੜਾ ਹੈ। ਇਸ ਵਣ ਦੇ ਦਰੱਖਤ ਤੋਂ ਕੁਝ ਵਿਥ ‘ਤੇ ਗੁਰਦੁਆਰਾ ਤੰਬੂ ਸਾਹਿਬ ਦੀ ਪੁਰਾਤਨ ਤੇ ਯਾਦਗਾਰੀ ਇਮਾਰਤ ਮੌਜੂਦ ਹੈ।
ਗੁਰਦੁਆਰਾ ਤੰਬੂ ਸਾਹਿਬ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਅਸਥਾਨ ਤੋਂ ਤਕਰੀਬਨ ਇੱਕ ਕਿਲੋਮੀਟਰ ਦੀ ਦੂਰੀ ‘ਤੇ ਸ਼ੁਸ਼ੋਭਿਤ ਹੈ। 1947 ਤੋਂ ਬਾਅਦ ਇਸ ਗੁਰਦੁਆਰਾ ਦਾ ਪ੍ਰਬੰਧ ਵਕਫ਼ ਬੋਰਡ ਪਾਕਿਸਤਾਨ ਅਧੀਨ ਚਲਾ ਗਿਆ। ਵਰਤਮਾਨ ਸਮੇਂ NRI ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਉਤੇ ਇੱਕ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਹੋ ਰਹੀ ਹੈ ਜਿਸ ਦੀ ਕਾਰ ਸੇਵਾ ਸੰਤ ਬਾਬਾ ਸਤਨਾਮ ਸਿੰਘ ਜੀ ਕਰਵਾ ਰਹੇ ਹਨ।
ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ ਨੌਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਇਹ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਸਾਰੀ ਇਤਿਹਾਸਕ ਸਰੋਤਾਂ ਅਤੇ ਪ੍ਰਚਲਿਤ ਸਾਖੀਆਂ ‘ਤੇ ਹੀ ਅਧਾਰਤ ਹੈ । ਸਾਡਾ ਮਕਸਦ ਗੁਰੂਧਾਮਾਂ ਦੇ ਇਤਿਹਾਸ ਤੇ ਉਨ੍ਹਾਂ ਨਾਲ ਸਬੰਧਤ ਜਾਣਕਾਰੀ ਨੂੰ ਵੱਧ ਤੋਂ ਵੱਧ ਸੰਗਤਾਂ ਤਕ ਪਹੁੰਚਾਉਣਾ ਹੈ ਤਾਂ ਜੋ ਭਵਿੱਖ ਵਿੱਚ ਜਦੋਂ ਵੀ ਇਨ੍ਹਾਂ ਗੁਰੂਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਤਾਂ ਅਸੀਂ ਇਨ੍ਹਾਂ ਬਾਰੇ ਪਹਿਲਾਂ ਤੋਂ ਜਾਣੂ ਹੋਈਏ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਪਣੇ ਕੀਮਤੀ ਵਿਚਾਰਾਂ ਨਾਲ ਸਾਡਾ ਮਾਰਗ ਦਰਸ਼ਨ ਜ਼ਰੂਰ ਕਰੋ ਜੀ। ਰਹਿ ਗਈਆਂ ਕਮੀਆਂ ਲਈ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥