ਸ਼ਬਦ ਵਿਚਾਰ -103 ਜਪੁ ਜੀ ਸਾਹਿਬ-ਪਉੜੀ 27

TeamGlobalPunjab
12 Min Read

ਸ਼ਬਦ ਵਿਚਾਰ – 103

ਜਪੁਜੀ ਸਾਹਿਬਪਉੜੀ 27

ਡਾ. ਗੁਰਦੇਵ ਸਿੰਘ*

ਅਕਾਲ ਪੁਰਖ ਵਾਹਿਗੁਰੂ ਜਿਸ ਦਰ ‘ਤੇ ਬੈਠ ਕੇ ਪੂਰੀ ਕਾਇਨਾਤ ਦੀ ਕਾਰ ਚਲਾ ਰਿਹਾ ਹੈ ਉਹ ਦਰ ਕਿਹੋ ਜਿਹਾ ਹੋਵੇਗਾ, ਕਿੰਨਾ ਪਾਵਨ ਹੋਵੇਗੇ, ਕਿੰਨਾ ਸੋਹਣਾ ਹੋਵਗੇ? ਉਸ ਵਡ-ਸਮਰਥ ਅਕਾਲ ਪੁਰਖ ਦੇ ਬੇਅੰਤ ਗੁਣਾਂ ਨੂੰ ਅਣਗਿਣਤ ਰੂਪ ਵਿੱਚ ਵੱਖ ਵੱਖ ਤਰੀਕਿਆਂ ਨਾਲ ਸਦੀਆਂ ਤੋਂ ਸਹਿਲਾਇਆ ਜਾ ਰਿਹਾ ਹੈ, ਗਾਇਆ ਜਾ ਰਿਹਾ ਹੈ। ਪਤਾ ਨਹੀਂ ਕਿੰਨੀਆਂ ਹੀ ਵਿਧੀਆਂ ਰਾਹੀਂ ਉਸ ਦਾ ਜਾਪ ਹਰ ਰੋਜ ਕੀਤਾ ਜਾ ਰਿਹਾ ਹੈ। ਸ਼ਬਦ ਵਿਚਾਰ ਦੀ ਚਲ ਰਹੀ ਲੜੀਵਾਰ ਵਿਚਾਰ ਅਧੀਨ ਅੱਜ ਅਸੀਂ ਜਪੁਜੀ ਸਾਹਿਬ ਦੀ 27 ਵੀਂ ਪਉੜੀ ਦੀ ਵਿਚਾਰ ਕਰਾਂਗੇ ਜਿਸ ਵਿੱਚ ਰਚਣਹਾਰੇ ਦੀ ਹੋ ਰਹੀ ਨਿਤ ਦੀ ਉਸਤਤਿ ਨੂੰ ਬਿਆਨ ਕੀਤਾ ਗਿਆ ਹੈ:

ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥

- Advertisement -

ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥

ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥

ਪਦ ਅਰਥਕੇਹਾ = ਕਿਹੋ ਜਿਹਾ, ਬੜਾ ਅਸਚਰਜ। ਦਰੁ = ਦਰਵਾਜ਼ਾ। ਜਿਤੁ = ਜਿੱਥੇ। ਬਹਿ = ਬੈਠ ਕੇ। ਸਰਬ = ਸਾਰੇ ਜੀਵਾਂ ਨੂੰ। ਸਮਾਲੇ = ਤੂੰ ਸੰਭਾਲ ਕੀਤੀ ਹੈ। ਨਾਦ = ਆਵਾਜ਼, ਸ਼ਬਦ, ਰਾਗ। ਵਾਵਣਹਾਰੇ = ਵਜਾਉਣ ਵਾਲੇ। ਪਰੀ = ਰਾਗਣੀ। ਸਿਉ = ਸਮੇਤ, ਸਣੇ। ਪਰੀ ਸਿਉ = ਰਾਗਣੀਆਂ ਸਮੇਤ। ਕਹੀਅਨਿ = ਕਹੀਦੇ ਹਨ, ਆਖੇ ਜਾਂਦੇ ਹਨ।

ਅਰਥਉਹ ਦਰ = ਘਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ, (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ। (ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ, ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ (ਇਹਨਾਂ ਰਾਗਾਂ ਦੇ) ਗਾਉਣ ਵਾਲੇ ਹਨ (ਜੋ ਤੈਨੂੰ ਗਾ ਰਹੇ ਹਨ) !

ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥

- Advertisement -

ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥

ਪਦ ਅਰਥਤੁਹਨੋ = ਤੈਨੂੰ (ਹੇ ਅਕਾਲ ਪੁਰਖ!) । ਰਾਜਾ ਧਰਮੁ = ਧਰਮ-ਰਾਜ। ਦੁਆਰੇ = ਤੇਰੇ ਦਰ ‘ਤੇ (ਹੇ ਨਿਰੰਕਾਰ!) ਚਿਤੁ ਗੁਪਤੁ = ਉਹ ਵਿਅਕਤੀਆਂ ਜੋ ਜਮ-ਲੋਕ ਵਿਚ ਰਹਿ ਕੇ ਸੰਸਾਰ ਦੇ ਜੀਵਾਂ ਦੇ ਚੰਗੇ-ਮੰਦੇ ਕਰਮਾਂ ਦਾ ਲੇਖਾ ਲਿਖਦੇ ਹਨ। ਪੁਰਾਤਨ ਹਿੰਦੂ ਮਤ ਦੇ ਧਰਮ-ਪੁਸਤਕਾਂ ਵਿਚ ਇਹ ਖ਼ਿਆਲ ਤੁਰਿਆ ਆਉਂਦਾ ਹੈ। ਧਰਮੁ = ਧਰਮ-ਰਾਜ। ਲਿਖਿ ਲਿਖਿ = ਲਿਖ ਲਿਖ ਕੇ, ਭਾਵ, ਜੋ ਕੁਝ ਉਹ ਚਿੱਤਰਗੁਪਤ ਲਿਖਦੇ ਹਨ। ਬੈਸੰਤਰੁ = ਅੱਗ।

ਅਰਥ(ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ ‘ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ। ਉਹ ਚਿੱਤਰ-ਗੁਪਤ ਭੀ ਜੋ (ਜੀਵਾਂ ਦੇ ਚੰਗੇ-ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ, ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ-ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।

ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥

ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥

ਪਦ ਅਰਥਈਸਰੁ = ਸ਼ਿਵ। ਬਰਮਾ = ਬ੍ਰਹਮਾ। ਦੇਵੀ = ਦੇਵੀਆਂ। ਸੋਹਨਿ = ਸੋਭਦੇ ਹਨ, ਸੋਹਣੇ ਲੱਗਦੇ ਹਨ। ਸਵਾਰੇ = ਤੇਰੇ ਸਵਾਰੇ ਹੋਏ। ਇੰਦ = ਇੰਦਰ ਦੇਵਤੇ। ਇਦਾਸਣਿ = (ਇਦ-ਆਸਣਿ) , ਇੰਦਰ ਦੇ ਆਸਣ ਉੱਤੇ। ਦਰਿ = ਤੇਰੇ ਦਰਵਾਜ਼ੇ ਉੱਤੇ। ਦੇਵਤਿਆਂ ਨਾਲੇ = ਦੇਵਤਿਆਂ ਸਮੇਤ।

ਅਰਥ(ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ, ਜੋ ਤੇਰੇ ਸਵਾਰੇ ਹੋਏ ਹਨ, ਤੈਨੂੰ ਗਾ ਰਹੇ ਹਨ। ਕਈ ਇੰਦਰ ਆਪਣੇ ਤਖ਼ਤ ‘ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ‘ਤੇ ਤੈਨੂੰ ਸਲਾਹ ਰਹੇ ਹਨ।

ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥

ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥

ਪਦ ਅਰਥਸਮਾਧੀ ਅੰਦਰਿ = ਸਮਾਧੀ ਵਿਚ ਜੁੜ ਕੇ, ਸਮਾਧੀ ਲਾ ਕੇ। ਸਿਧ = ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ ਸਿੱਧ ਉਹ ਵਿਅਕਤੀ ਮੰਨੇ ਗਏ ਹਨ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਉਤਾਂਹ ਸਨ ਤੇ ਦੇਵਤਿਆਂ ਤੋਂ ਹੇਠ! ਇਹ ਸਿੱਧ ਪਵਿੱਤਰਤਾ ਦਾ ਪੂੰਜ ਸਨ ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਸਨ। ਵਿਚਾਰੇ = ਵਿਚਾਰ ਵਿਚਾਰ ਕੇ। ਸਤੀ = ਦਾਨੀ, ਦਾਨ ਕਰਨ ਵਾਲੇ। ਵੀਰ ਕਰਾਰੇ = ਤਕੜੇ ਸੂਰਮੇ।

ਅਰਥਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਲਾਹ ਰਹੇ ਹਨ। ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।

ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥

ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥

ਪਦ ਅਰਥਪੜਨਿ = ਪੜ੍ਹਦੇ ਹਨ। ਰਖੀਸਰ = (ਰਿਖੀ ਈਸਰ) , ਵੱਡੇ ਵੱਡੇ ਰਿਖੀ, ਮਹਾਂ ਰਿਖੀ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ। ਵੇਦਾ ਨਾਲੇ = ਵੇਦਾਂ ਸਣੇ। ਮੋਹਣੀਆ = ਸੁੰਦਰ ਇਸਤ੍ਰੀਆਂ। ਮਛ = ਮਾਤ ਲੋਕ ਵਿਚ। ਪਇਆਲੇ = ਪਤਾਲ ਵਿਚ।

ਅਰਥ: (ਹੇ ਅਕਾਲ ਪੁਰਖ!) ਪੰਡਿਤ ਤੇ ਮਹਾਂਰਿਖੀ ਜੋ (ਵੇਦਾਂ ਨੂੰ) ਪੜ੍ਹਦੇ ਹਨ। ਵੇਦਾਂ ਸਣੇ ਤੈਨੂੰ ਗਾ ਰਹੇ ਹਨ। ਸੁੰਦਰ ਇਸਤ੍ਰੀਆਂ, ਜੋ ਸੁਰਗ, ਮਾਤ-ਲੋਕ ਤੇ ਪਾਤਾਲ ਵਿਚ (ਭਾਵ, ਹਰ ਥਾਂ) ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾ ਰਹੀਆਂ ਹਨ।

ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥

ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥

ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥

ਪਦ ਅਰਥਉਪਾਏ ਤੇਰੇ = ਤੇਰੇ ਪੈਦਾ ਕੀਤੇ ਹੋਏ। ਅਠ ਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ। ਜੋਧ = ਜੋਧੇ। ਮਹਾ ਬਲ = ਵੱਡੇ ਬਲ ਵਾਲੇ। ਸੂਰਾ = ਸੂਰਮੇ। ਖਾਣੀ ਚਾਰੇ = ਚਾਰੇ ਖਾਣੀਆਂ, ਅੰਡਜ, ਜੇਰਜ, ਸ੍ਵੇਤਜ, ਉਤਭੁਜ। ਖਾਣੀ = ਖਾਣ, ਜਿਸ ਨੂੰ ਪੁਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ। ਇਹ ਸੰਸਕ੍ਰਿਤ ਦਾ ਸ਼ਬਦ ਹੈ। ਧਾਤੂ ‘ਖਨ’ ਹੈ, ਜਿਸ ਦਾ ਅਰਥ ਹੈ ‘ਪੁਟਣਾ’। ਖਾਣੀ ਚਾਰੇ ਪੁਰਾਤਨ ਸਮੇਂ ਤੋਂ ਇਹ ਖ਼ਿਆਲ ਹਿੰਦੂ ਧਰਮ ਪੁਸਤਕਾਂ ਵਿਚ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੜ੍ਹ-ਚੇਤਨ ਪਦਾਰਥ ਦੇ ਬਣਨ ਦੀਆਂ ਚਾਰ ਖਾਣਾਂ ਹਨ। ਅੰਡਾ, ਜਿਓਰ, ਮੁੜਕਾ ਅਤੇ ਆਪਣੇ ਆਪ ਉੱਗ ਪੈਣਾ। ‘ਚਾਰੇ ਖਾਣੀ’ ਦਾ ਇੱਥੇ ਭਾਵ ਹੈ ਚੌਹਾਂ ਹੀ ਖਾਣਾਂ ਦੇ ਜੀਵ ਜੰਤ, ਸਾਰੀ ਰਚਨਾ। ਖੰਡ = ਟੋਟਾ, ਬ੍ਰਹਿਮੰਡ ਦਾ ਟੋਟਾ, (ਭਾਵ) ਹਰੇਕ ਧਰਤੀ। ਮੰਡਲ = ਚੱਕਰ, ਬ੍ਰਹਿਮੰਡ ਦਾ ਇਕ ਚੱਕਰ, ਜਿਸ ਵਿਚ ਇਕ ਸੂਰਜ ਇਕ ਚੰਦ੍ਰਮਾ ਤੇ ਧਰਤੀ ਆਦਿਕ ਗਿਣੇ ਜਾਂਦੇ ਹਨ। ਵਰਭੰਡਾ = ਸਾਰੀ ਸ੍ਰਿਸ਼ਟੀ। ਕਰਿ ਕਰਿ = ਬਣਾ ਕੇ, ਰਚ ਕੇ। ਧਾਰੇ = ਟਿਕਾਏ ਹੋਏ।

ਅਰਥ(ਹੇ ਨਿਰੰਕਾਰ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ। ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ। ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ, ਜੋ ਤੂੰ ਪੈਦਾ ਕਰ ਕੇ ਟਿਕਾ ਰਖੇ ਹਨ, ਤੈਨੂੰ ਗਾਉਂਦੇ ਹਨ।

ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥

ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥

ਪਦ ਅਰਥਸੇਈ = ਉਹੀ ਜੀਵ। ਤੁਧੁ ਭਾਵਨਿ = ਤੈਨੂੰ ਚੰਗੇ ਲੱਗਦੇ ਹਨ। ਰਤੇ = ਰੰਗੇ ਹੋਏ, ਪ੍ਰੇਮ ਵਿਚ ਮੱਤੇ ਹੋਏ। ਰਸਾਲੇ = (ਰਸ ਆਲਯ) ਰਸ ਦੇ ਘਰ, ਰਸੀਏ। ਹੋਰਿ ਕੇਤੇ = ਅਨੇਕਾਂ ਹੋਰ ਜੀਵ। ਮੈ ਚਿਤਿ = ਮੇਰੇ ਚਿੱਤ ਵਿਚ। ਮੈ ਚਿਤਿ ਨ ਆਵਨਿ = ਮੇਰੇ ਚਿੱਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ। ਕਿਆ ਵੀਚਾਰੇ = ਕੀਹ ਵਿਚਾਰ ਕਰੇ?

ਅਰਥ(ਹੇ ਅਕਾਲ ਪੁਰਖ!) (ਅਸਲ ਵਿਚ ਤਾਂ) ਉਹੋ ਤੇਰੇ ਪ੍ਰੇਮ ਵਿਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ (ਭਾਵ, ਉਹਨਾਂ ਦਾ ਹੀ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲੱਗਦੇ ਹਨ। ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜਿਹੜੇ ਮੈਥੋਂ ਗਿਣੇ ਭੀ ਨਹੀਂ ਜਾ ਸਕਦੇ। (ਭਲਾ) ਨਾਨਕ (ਵਿਚਾਰਾ) ਕੀਹ ਵਿਚਾਰ ਕਰ ਸਕਦਾ ਹੈ?

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥

ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥

ਪਦ ਅਰਥਸਚੁ = ਥਿਰ ਰਹਿਣ ਵਾਲਾ, ਅਟੱਲ। ਨਾਈ = ਵਡਿਆਈ। ਹੋਸੀ = ਹੋਵੇਗਾ, ਥਿਰ ਰਹੇਗਾ। ਜਾਇ ਨ = ਜੰਮਦਾ ਨਹੀਂ। ਨ ਜਾਸੀ = ਨਾਹ ਹੀ ਮਰੇਗਾ। ਜਿਨਿ = ਜਿਸ ਅਕਾਲ ਪੁਰਖ ਨੇ। ਰਚਾਈ = ਪੈਦਾ ਕੀਤੀ ਹੈ।

ਅਰਥਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ, ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਮਰੇਗਾ। ਉਹ ਅਕਾਲ ਪੁਰਖ ਸਦਾ-ਥਿਰ ਹੈ, ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ।

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥

ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥

ਪਦ ਅਰਥਰੰਗੀ ਰੰਗੀ = ਰੰਗਾਂ ਰੰਗਾਂ ਦੀ, ਕਈ ਰੰਗਾਂ ਦੀ। ਭਾਤੀ = ਕਈ ਕਿਸਮਾਂ ਦੀ। ਕਰਿ ਕਰਿ = ਪੈਦਾ ਕਰ ਕੇ। ਜਿਨਸੀ = ਕਈ ਜਿਨਸਾਂ ਦੀ। ਜਿਨਿ = ਜਿਸ ਅਕਾਲ ਪੁਰਖ ਨੇ। ਵੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਹੋਇਆ ਜਗਤ। ਜਿਵ = ਜਿਵੇਂ। ਵਡਿਆਈ = ਰਜ਼ਾ।

ਅਰਥਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ, ਉਹ ਜਿਵੇਂ ਉਸ ਦੀ ਰਜ਼ਾ ਹੈ, (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।

ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥

ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥੨੭॥

ਪਦ ਅਰਥਕਰਸੀ = ਕਰੇਗਾ। ਨ ਕਰਣਾ ਜਾਇ = ਨਹੀਂ ਕੀਤਾ ਜਾ ਸਕਦਾ। ਸਾਹਾ ਪਾਤਿ ਸਾਹਿਬੁ = ਸ਼ਾਹਾਂ ਦਾ ਪਾਤਿਸ਼ਾਹ। ਰਹਣੁ = ਰਹਿਣਾ (ਹੋ ਸਕਦਾ ਹੈ) , ਰਹਿਣਾ ਫਬਦਾ ਹੈ। ਰਜਾਈ = ਅਕਾਲ ਪੁਰਖ ਦੀ ਰਜ਼ਾ ਵਿਚ।

ਅਰਥਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ (ਉਸ ਨੂੰ ਇਹ ਨਹੀਂ ਆਖ ਸਕਦੇ-‘ਇਉਂ ਨ ਕਰੀਂ, ਇਉਂ ਕਰ’) । ਅਕਾਲ ਪੁਰਖ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ (ਹੀ ਫਬਦਾ ਹੈ) । 27।

ਜਪੁ ਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਮਨੁੱਖ ਸਮਝਾਂ ਰਹੇ ਹਨ ਕਿ ਕਈ ਰੰਗਾਂ ਦੀ, ਕਈ ਕਿਸਮਾਂ ਦੀ, ਕਈ ਜਿਨਸਾਂ ਦੀ, ਬੇਅੰਤ ਰਚਨਾ ਕਰਤਾਰ ਨੇ ਰਚੀ ਹੈ। ਇਸ ਬੇਅੰਤ ਸ੍ਰਿਸ਼ਟੀ ਦੀ ਸੰਭਾਲ ਭੀ ਉਹ ਆਪ ਹੀ ਕਰ ਰਿਹਾ ਹੈ, ਕਿਉਂਕਿ ਉਹ ਆਪ ਹੀ ਇਕ ਐਸਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ। ਜਗਤ ਵਿਚ ਐਸਾ ਕੌਣ ਹੈ ਜੋ ਇਹ ਦਮ ਮਾਰ ਸਕੇ ਕਿ ਕਿਹੋ ਜਿਹੇ ਅਸਥਾਨ ‘ਤੇ ਬੈਠ ਕੇ ਉਹ ਸਿਰਜਨਹਾਰ ਇਸ ਬੇਅੰਤ ਰਚਨਾ ਦੀ ਸੰਭਾਲ ਕਰਦਾ ਹੈ? ਕਿਸੇ ਮਨੁੱਖ ਦੀ ਐਸੀ ਪਾਂਇਆਂ ਹੀ ਨਹੀਂ। ਮਨੁੱਖ ਨੂੰ, ਬੱਸ! ਇਕੋ ਗੱਲ ਫਬਦੀ ਹੈ ਕਿ ਪ੍ਰਭੂ ਦੀ ਰਜ਼ਾ ਵਿਚ ਰਹੇ। ਇਹੀ ਹੈ ਵਸੀਲਾ ਪ੍ਰਭੂ ਨਾਲੋਂ ਵਿੱਥ ਮਿਟਾਣ ਦਾ, ਤੇ ਇਹੀ ਹੈ ਇਸ ਦੇ ਜੀਵਨ ਦਾ ਮਨੋਰਥ। ਵੇਖੋ! ਹਵਾ, ਪਾਣੀ ਆਦਿਕ ਤੱਤਾਂ ਤੋਂ ਲੈ ਕੇ ਉੱਚੇ ਜੀਵਨ ਵਾਲੇ ਮਹਾਂ ਪੁਰਖਾਂ ਤਕ ਸਭ ਆਪੋ ਆਪਣੀ ਹੋਂਦ ਦੇ ਮਨੋਰਥ ਨੂੰ ਸਫਲ ਕਰ ਰਹੇ ਹਨ, ਭਾਵ, ਉਸ ਦੇ ਹੁਕਮ ਵਿਚ ਮਿਲੀ ਕਾਰ ਕਰੀ ਜਾ ਰਹੇ ਹਨ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 26ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

*gurdevsinghdr@gmail.com

Share this Article
Leave a comment