ਗੁਰਦੁਆਰਾ ਕਿਆਰਾ ਸਾਹਿਬ, ਸ੍ਰੀ ਨਨਕਾਣਾ ਸਾਹਿਬ -ਡਾ. ਗੁਰਦੇਵ ਸਿੰਘ

TeamGlobalPunjab
6 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -4

ਗੁਰਦੁਆਰਾ ਕਿਆਰਾ ਸਾਹਿਬ, ਸ੍ਰੀ ਨਨਕਾਣਾ ਸਾਹਿਬ

-ਡਾ. ਗੁਰਦੇਵ ਸਿੰਘ*

ਗੁਰਦੁਆਰਾ ਸਾਹਿਬਾਨ ਤੋਂ ਬਿਨਾਂ ਸਿੱਖੀ ਜੀਵਨ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਅਜੋਕੇ ਸਮੇਂ ਚੱਲ ਰਹੇ ਕੋਰੋਨਾ ਕਾਲ ਦੇ ਡਰਾਵਣੇ ਦੌਰ ਵਿੱਚ ਗੁਰਦੁਆਰਿਆਂ ਦੀ ਭੂਮਿਕਾ ਸੰਸਾਰ ਨੇ ਦੇਖੀ ਹੈ। ਗੁਰਦੁਆਰਿਆਂ ਵਿੱਚ ਝੂਲ ਰਹੇ ਉਚੇ-ਉਚੇ ਕੇਸਰੀ ਨਿਸ਼ਾਨ ਸਾਹਿਬ ਜਿੱਥੇ ਹਰ ਲੋੜਵੰਦ, ਦੀਨ ਦੁਖੀਆਂ ਤੇ ਭੁਖੇ ਭਾਣਿਆ ਨੂੰ ਮਦਦ ਦਾ ਹੌਂਸਲਾ ਦਿੰਦੇ ਹਨ ਉਥੇ ਉਸ ਕਰਤਾ ਪੁਰਖ ਦਾ ਚੇਤਾ ਵੀ ਨਿਰੰਤਰ ਕਰਵਾਉਂਦੇ ਰਹਿੰਦੇ ਹਨ ਜੋ ਇਸ ਜਗਤ ਪਾਲਣਹਾਰ ਹੈ। ਗੁਰਦੁਆਰਾ ਸਾਹਿਬਾਨ ਜਿੱਥੇ ਬੰਦਗੀ ਕਰਨ ਦੇ ਅਸਥਾਨ ਹਨ ਉਥੇ ਇਨ੍ਹਾਂ ਦਾ ਮੌਲਿਕ ਇਤਿਹਾਸ ਸਾਨੂੰ ਸਾਡੇ ਅਮੀਰ ਵਿਰਸੇ ਨਾਲ ਵੀ ਜੋੜਦਾ ਹੈ। ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਪਾਵਨ ਅਸਥਾਨਾਂ ਦਾ ਸਿੱਖਾਂ ਜਾਂ ਸਮਾਜ ਵਿੱਚ ਬਹੁਤ ਵੱਡਾ ਸਥਾਨ ਹੈ। ਇਹ ਗੁਰੂਘਰ ਜਿੱਥੇ ਇੱਕ ਚੰਗੇ ਸਮਾਜ ਦੇ ਉਸਰੀਏ ਹਨ ਉਥੇ ਭਗਤੀ ਮਾਰਗ ਨੂੰ ਰੋਸ਼ਨ ਕਰਨ ਦੇ ਵੀ ਪਾਵਨ ਸਾਧਨ ਹਨ। ਸੰਸਾਰ ਪੱਧਰ ‘ਤੇ ਲੱਖਾਂ ਦੀ ਤਦਾਦ ਵਿੱਚ ਗੁਰੂ ਘਰ ਹਨ ਜੋ ਸਿੱਖਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹਨ।

ਗੁਰਦੁਆਰਿਆਂ ਦੇ ਲੜੀਵਾਰ ਇਤਿਹਾਸ ਦੇ ਪਿਛਲੇ ਭਾਗ ਵਿੱਚ ਅਸੀਂ ਪਹਿਲੀ ਪਾਤਸ਼ਾਹੀ ਨਾਲ ਸਬੰਧਤ ਗੁਰਦੁਆਰਾ ਪੱਟੀ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਈ ਸੀ ਜੋ ਕਿ ਪਹਿਲੀ ਪਾਤਸ਼ਾਹ ਦੀ ਸੰਸਾਰਿਕ ਪੜ੍ਹਾਈ ਦੀ ਗਵਾਹੀ ਭਰਦਾ ਹੈ। ਅੱਜ ਅਸੀਂ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਗੁਰਦੁਆਰਾ ਕਿਆਰਾ ਸਾਹਿਬ ਦੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਜੋ ਕਿ ਨਨਕਾਣਾ ਸਾਹਿਬ ਦੇ ਪਾਵਨ ਧਰਤ ‘ਤੇ ਹੀ ਸੁਸ਼ੋਭਿਤ ਹੈ।

- Advertisement -

ਗੁਰਦੁਆਰਾ ਕਿਆਰਾ ਸਾਹਿਬ

ਨਨਕਾਣਾ ਸਾਹਿਬ ਦੀ ਪਾਵਨ ਧਰਤੀ ‘ਤੇ ਸੁਸ਼ੋਭਿਤ ਗੁਰਦੁਆਰਾ ਕਿਆਰਾ ਸਾਹਿਬ ਦਾ ਇਤਿਹਾਸ ਗੁਰੂ ਨਾਨਕ ਸਾਹਿਬ ਦੁਆਰਾ ਬਚਪਨ ਵਿੱਚ ਕੀਤੇ ਪਰਿਵਾਰਕ ਡੰਗਰ ਮਾਲ ਦੀ ਸਾਂਭ-ਸੰਭਾਲ  ਦੇ ਕੰਮਾਂ ਨਾਲ ਸਬੰਧਤ ਹੈ। ਇਹ ਪਾਵਨ ਅਸਥਾਨ ਉਸ ਜਗ੍ਹਾ ‘ਤੇ ਉਸਾਰਿਆ ਗਿਆ ਹੈ ਜਿੱਥੇ ਗੁਰੂ ਜੀ ਆਪਣੇ ਡੰਗਰ ਚਾਰਨ ਅਕਸਰ ਜਾਂਦੇ ਸਨ। ਘਰ ਵਿੱਚ ਜਦੋਂ ਬੱਚਾ ਥੋੜੀ ਹੋਸ ਸੰਭਾਲ ਲੈਂਦਾ ਹੈ ਤਾਂ ਮਾਪੇ ਉਸ ਤੋਂ ਕਈ ਛੋਟੇ -ਛੋਟੇ ਕੰਮ ਕਰਵਾਉਂਦੇ ਹਨ ਫਿਰ ਹੋਲੀ ਹੋਲੀ ਵੱਡੀ ਜ਼ਿੰਮੇਵਾਰੀ ਦਿੰਦੇ ਹਨ। ਗੁਰੂ ਨਾਨਕ ਸਾਹਿਬ ਵੀ ਜਦੋਂ ਕੁਝ ਵੱਡੇ ਹੋਏ ਤਾਂ ਪਿਤਾ ਮਹਿਤਾ ਕਾਲੂ ਨੇ ਡੰਗਰਾਂ ਦੀ ਦੇਖ ਰੇਖ ਅਤੇ ਉਨ੍ਹਾਂ ਨੂੰ ਚਾਰਨ ਦੀ ਜਿੰਮੇਵਾਰੀ ਗੁਰੂ ਸਾਹਿਬ ਸੋਂਪ ਦਿੱਤੀ। ਪੰਜਾਬ ਵਿੱਚ ਤਕਰੀਬਨ ਹਰ ਘਰ ਵਿੱਚ ਡੰਗਰ ਰੱਖਣ ਦੀ ਪਰੰਪਰਾ ਸੀ। ਘਰ ਦੇ ਵੱਡੇ ਬੱਚਿਆਂ ਤੋਂ ਆਮ ਹੀ ਡੰਗਰਾਂ ਨੂੰ ਖੁਲ੍ਹੇ ਮੈਦਾਨਾਂ ਵਿੱਚ ਚਾਰਨ ਤੇ ਨਦੀਆਂ ‘ਤੇ ਪਾਣੀ ਪਿਲਾਉਂਣ ਤੇ ਨਹਿਲਾਉਣ ਦੇ ਕੰਮ ਕਰਵਾਏ ਜਾਂਦੇ ਸਨ। ਕਈ ਪਿੰਡਾਂ ਵਿੱਚ ਅੱਜ ਵੀ ਇਹ ਦੇਖਣ ਨੂੰ ਮਿਲਦਾ ਹੈ। ਤੀਹ ਕੁ ਸਾਲ ਪੁਰਾਣੇ ਪੰਜਾਬ ਨੂੰ ਦੇਖੀਏ ਤਾਂ ਅਜਿਹੀਆਂ ਝਲਕੀਆਂ ਪਿੰਡਾਂ ਵਿੱਚ ਆਮ ਸਨ। ਗੁਰੂ ਨਾਨਕ ਸਾਹਿਬ ਪਿਤਾ ਦੀ ਆਗਿਆ ਨਾਲ ਹਰ ਰੋਜ ਡੰਗਰ ਚਾਰਨ ਜਾਂਦੇ । ਇਕ ਦਿਨ ਗੁਰੂ ਜੀ ਦੇ ਡੰਗਰਾਂ ਨੇ ਕਿਸੇ ਜਿੰਮੀਦਾਰ ਦੀ ਫਸਲ ਉਜਾੜ ਦਿੱਤੀ ਜਿਸ ਦੀ ਉਸ ਜਿੰਮੀਦਾਰ ਨੇ ਮੌਕੇ ਦੇ ਹਾਕਮ ਕੋਲ ਜਾ ਸਕਾਇਤ ਕੀਤੀ। ਉਸ ਹਾਕਮ ਨੇ ਗੁਰੂ ਜੀ ਤੇ ਮਹਿਤਾ ਕਾਲੂ ਨੂੰ ਸੱਦਿਆ ਲਿਆ। ਇਸ ਬਾਰੇ ਨਾਨਕ ਜੀ ਤੋਂ ਪੁਛਿਆ ਗਿਆ ਤਾਂ ਨਾਨਕ ਜੀ ਨੇ ਖੇਤ ਦੇਖਣ ਲਈ ਕਿਹਾ। ਜਦੋਂ ਹਾਕਮ ਵਲੋਂ ਮੌਕਾ ਦੇਖਿਆ ਗਿਆ ਤਾਂ ਖੇਤ ਹਰਿਆ ਭਰਿਆ ਸੀ, ਜਿਸ ਨੂੰ ਦੇਖ ਸਭ ਹੈਰਾਨ ਸਨ। ਵਲਾਇਤ ਵਾਲੀ ਜਨਮ ਸਾਖੀ ਵਿੱਚ ਇਸ ਨੂੰ ਖੇਤ ਹਰਿਆ ਦੇ ਸਾਖੀ ਸਿਰਲੇਖ ਹੇਠ ਇਸ ਤਰ੍ਹਾਂ ਦਰਜ ਕੀਤਾ ਗਿਆ ਹੈ:

 … ਇੱਕ ਦਿਨ ਕਾਲੂ ਕਹਿਆ: ‘ ਨਾਨਕ ਏਹ ਘਰ ਦੀਆਂ ਮਹੀਂ ਹਨ, ਤੂ ਚਾਰ ਲੈ ਆਉ’। ਤਬ ਗੁਰੂ ਨਾਨਕ ਮਹੀਂ ਲੈ ਕਰ ਬਾਹਰ ਗਿਆ ਤਾਂ ਚਰਾਇ ਲੈ ਆਇਆ। ਫਿਰ ਅਗਲੇ ਦਿਨ ਗਇਆ ਤਾਂ ਮਹੀਂ ਛੱਡਕੇ ਕਣਕ ਦੇ ਬੰਨੇ ਪੈ ਸੁੱਤਾ, ਤਬ ਮਹੀਂ ਜਾਇ ਕਣਕ ਨੂੰ ਪਈਆਂ, ਤਬ ਕਣਕ ਉਜਾੜ ਦੂਰ ਕੀਤੀ। ਤਬ ਇਕ ਭੱਟੀ ਥਾ ਕਣਕ ਦਾ ਖਾਂਵਦ। ਉਹ ਆਇ ਗਇਆ; (…) ਗੁਰੂ ਨਾਨਕ ਨਾਲ ਲੱਗਾ ਲੜਨ। ਤਬ ਗੁਰੂ ਨਾਨਕ ਅਤੇ ਭੱਟੀ ਝਗੜਦੇ ਝਗੜਦੇ ਰਾਇ ਬੁਲਾਰ ਪਾਸ ਆਇ ਖੜੇ ਹੋਏ।। ਤਬ ਰਇ ਬੁਲਾਰ ਕਹਿਆ : ਏਹ ਦਿਵਾਨਾ ਹੈ, ਤੁਸੀਂ ਕਾਲੂ ਨੂੰ ਸਦਾਵਹੁ’। (…)ਤਬ ਰਾਇ ਬੁਲਾਰ ਆਖਿਆ, ਮੈਂ ਤੇਰੇ ਤਾਂਈਂ ਗੁਨਾਹ ਬਖਸਿਆ, ਪਰ ਤੂੰ ਇਸ ਦਾ ਉਜਾੜਾ ਭਰ ਦੇਹ’। ਤਬ ਗੁਰੂ ਨਾਨਕ ਆਖਿਆ, ਜਾਇ ਦੇਖਹੁ ਓੁਥੇ ਕਿਛ ਨਾਂਹੀ ਉਜੜਿਆ।’ (…) ਤਬ ਰਾਇ ਬੁਲਾਰ ਆਪਣੇ ਪਿਆਦੇ ਭੇਜੇ, ਜੋ ਉਹਾਂ ਆਦਮੀ ਜਾਵਨਿ ਤਾਂ ਖੇਤੀ ਸਬੂਤ ਖੜੀ ਹੈ, ਇਕ ਪਠਾ ਖੇਤੀ ਦਾ ਉਜੜਿਆ ਨਾਹੀਂ। (…) ਤਬਿ ਰਾਇ ਬੁਲਾਰ ਉਸ ਭੱਟੀ ਕਉ ਝੂਠਾ ਕੀਤਾ, ਗੁਰੂ ਨਾਨਕ ਅਤੇ ਕਾਲੂ ਦੋਵੇਂ ਘਰਿ ਆਏ।

ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਹੋਰ ਵੀ ਕਈ ਸਾਖੀਆਂ ਪ੍ਰਚਲਿਤ ਹਨ ਜਿਵੇਂ ਸੁਤੇ ਹੋਏ ਗੁਰੂ ਸਾਹਿਬ ਦੇ ਮੁਖੜੇ ਨੂੰ ਧੁੱਪ ਤੋਂ ਬਚਾਉਣ ਖਾਤਰ ਕਾਲੇ ਫਨੀਅਰ ਸੱਪ ਵਲੋਂ ਛਾਂ ਕਰਨੀ ਅਤੇ ਦਰੱਖਤ ਦੀ ਛਾਂ ਇਕੋ ਜਗ੍ਹਾ ਖੜੀ ਰਹਿਣੀ ਆਦਿ ਜੋ ਗੁਰੂ ਸਾਹਿਬ ਦੇ ਉਨ੍ਹਾਂ ਦਿਨਾਂ ਨਾਲ ਸੰਬੰਧਤ ਹਨ ਜਦੋਂ ਗੁਰੂ ਜੀ ਡੰਗਰ ਚਾਰਦੇ ਸਨ ਜਾਂ ਫਿਰ ਖੇਤੀ ਦੇ ਕੰਮਾਂ ਵਿੱਚ ਆਪਣੇ ਪਿਤਾ ਦਾ ਹੱਥ ਵਟਾਉਂਦੇ ਸਨ। ਗੁਰਦੁਆਰਾ ਕਿਆਰਾ ਸਾਹਿਬ ਉਨ੍ਹਾਂ ਦਿਨਾਂ ਦੀ ਹੀ ਗਵਾਹੀ ਭਰਦਾ ਹੈ।

ਗੁਰਦੁਆਰਾ ਕਿਆਰਾ ਸਾਹਿਬ ਵਰਤਮਾਨ ਸਮੇਂ ਪਾਕਿਸਤਾਨ ਵਿੱਚ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ ਮਹਾਰਾਜਾ ਰਣਜੀਤ ਸਿੰਘ ਸਮੇਂ ਉਸਾਰੀ ਗਈ। ਗੁਰਦੁਆਰਾ ਸਾਹਿਬ ਦੇ ਨਾਂ 45 ਮੁਰੱਬੇ ਜਮੀਨ ਹੈ। ਗੁਰਦੁਆਰਾ ਸਾਹਿਬ ਦੇ ਸਰੋਵਰ ਦੀ ਸੇਵਾ 1946 ਵਿੱਚ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲਿਆਂ ਨੇ ਕਰਵਾਈ ਸੀ।

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ ਪੰਜਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਪਣੇ ਕੀਮਤੀ ਵਿਚਾਰਾਂ ਨਾਲ ਸਾਡਾ ਮਾਰਗ ਦਰਸ਼ਨ ਜ਼ਰੂਰ ਕਰੋ ਜੀ। ਰਹਿ ਗਈਆਂ ਕਮੀਆਂ ਲਈ ਖਿਮਾ।

- Advertisement -

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

* gurdevsinghdr@gmail.com

Share this Article
Leave a comment