ਚੰਡੀਗੜ੍ਹ : ਵਿਦੇਸ਼ ਦੀ ਧਰਤੀ ਤੋਂ ਇਕ ਵਾਰ ਫਿਰ ਮੰਦਭਾਗੀ ਖਬਰ ਆਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕੀ ਪਿੰਡ ਸਮਰਾਏ ਦੇ 32 ਸਾਲਾ ਬਲਵਿੰਦਰ ਸਿੰਘ ਦੀ ਦੁਬਈ ਵਿੱਚ ਰਹੱਸਮਈ ਹਾਲਤਾਂ ਵਿੱਚ ਮੌਤ ਹੋ ਗਈ ਹੈ। ਬਲਵਿੰਦਰ ਲਗਭਗ ਛੇ ਮਹੀਨੇ ਪਹਿਲਾਂ ਆਰਥਿਕ ਤੰਗੀ ਤੋਂ ਉਭਰਨ ਦੀ ਉਮੀਦ ਵਿੱਚ ਦੁਬਈ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪਰਿਵਾਰ ਕੋਲ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ ਵੀ ਪੈਸੇ ਨਹੀਂ ਹਨ, ਕਿਉਕਿ ਬਲਵਿੰਦਰ ਸਿੰਘ ਹੀ ਪਰਿਵਾਰ ਦਾ ਇਕਲੌਤਾ ਸਹਾਰਾ ਸੀ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੁੱਖ ਪ੍ਰਗਟ ਕਰਦਿਆਂ ਦੱਸਿਆ ਕਿ ਬਲਵਿੰਦਰ ਸਿੰਘ ਦੀ ਮੌਤ 4 ਫਰਵਰੀ ਨੂੰ ਹੋਈ ਸੀ। ਪਰ ਪਰਿਵਾਰ ਨੂੰ ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲੀ ਕਿ ਉਸ ਦੀ ਮੌਤ ਕਿਸ ਕਾਰਨ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ। ਬਲਵਿੰਦਰ ਸਿੰਘ ਹੀ ਪਰਿਵਾਰ ਦੀ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ ਸੀ। ਉਸਦੀ ਮੌਤ ਤੋਂ ਬਾਅਦ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਕਿਉਂਕਿ ਉਨ੍ਹਾਂ ਕੋਲ ਦੇਹ ਨੂੰ ਵਾਪਸ ਲਿਆਉਣ ਲਈ ਵੀ ਕੋਈ ਸਾਧਨ ਨਹੀਂ ਹੈ।
ਮ੍ਰਿਤਕ ਦੀ ਮਾਂ ਪੰਮੋ ਨੇ ਦੱਸਿਆ ਕਿ ਉਸਦੇ ਪਤੀ ਅਤੇ ਵੱਡੇ ਪੁੱਤਰ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ, ਅਤੇ ਹੁਣ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਮਰਦ ਮੈਂਬਰ ਨਹੀਂ ਬਚਿਆ। ਪਰਿਵਾਰ ਵਿੱਚ ਹੁਣ 5 ਛੋਟੇ ਬੱਚਿਆਂ ਸਮੇਤ 3 ਵਿਧਵਾ ਔਰਤਾਂ ਹੀ ਰਹਿ ਗਈਆਂ ਹਨ। ਉਨ੍ਹਾਂ ਦੇ ਕੱਚੇ ਘਰ ਦੀ ਹਾਲਤ ਵੀ ਬਹੁਤ ਮਾੜੀ ਹੈ ਅਤੇ ਦੋ ਵਕਤ ਦੀ ਰੋਟੀ ਜੁਟਾਉਣੀ ਵੀ ਮੁਸ਼ਕਲ ਹੋ ਗਈ ਹੈ। ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ਅਤੇ ਪੰਜਾਬ ਸਰਕਾਰ ਨੂੰ ਬਲਵਿੰਦਰ ਸਿੰਘ ਦੀ ਦੇਹ ਭਾਰਤ ਵਾਪਸ ਲਿਆਉਣ ਅਤੇ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

