ਗੁਰੂ ਰੰਧਾਵਾ ਦੇ ਜਿੰਮ ’ਤੇ ਗੋਲੀਬਾਰੀ, ਗੈਂਗ ਨੇ ਜ਼ਿੰਮੇਵਾਰੀ ਲੈਂਦਿਆ ਦਿੱਤੀ ਚਿਤਾਵਨੀ

Global Team
3 Min Read

ਨਵੀਂ ਦਿੱਲੀ: ਦਿੱਲੀ ਦੇ ਪੱਛਮੀ ਵਿਹਾਰ ਇਲਾਕੇ ਵਿੱਚ ਵੀਰਵਾਰ ਤੜਕੇ ਇੱਕ ਜਿਮ ਦੇ ਬਾਹਰ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾਈਆਂ। ਪੁਲਿਸ ਸੂਤਰਾਂ ਅਨੁਸਾਰ ਇਹ ਜਿਮ ਰਾਜੌਰੀ ਗਾਰਡਨ ਦੇ ਰਹਿਣ ਵਾਲੇ ਦੋ ਕਾਰੋਬਾਰੀਆਂ ਦੀ ਮਲਕੀਅਤ ਹੈ। ਇਸ ਜਿਮ ਬ੍ਰਾਂਡ ਦੇ ਬ੍ਰਾਂਡ ਐਂਬੈਸਡਰ ਮਸ਼ਹੂਰ ਪੰਜਾਬੀ ਗਾਇਕ Guru Randhawa ਹਨ।

ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕੀਤੀ ਗਈ, ਜਿਸ ਵਿੱਚ ਲਾਰੈਂਸ ਗੈਂਗ ਵੱਲੋਂ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ। ਪੋਸਟ ਵਿੱਚ ਗੁਰੂ ਰੰਧਾਵਾ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਇੱਕ ਵਿਅਕਤੀ ਤੋਂ ਦੂਰ ਰਹਿਣ ਲਈ ਕਿਹਾ ਗਿਆ ਸੀ, ਪਰ ਉਹ ਉਸ ਦੇ ਨੇੜੇ ਹੋ ਰਹੇ ਸਨ। ਪੋਸਟ ਵਿੱਚ ਹੋਰ ਵੀ ਕਈ ਧਮਕੀ ਭਰੇ ਬਿਆਨ ਲਿਖੇ ਗਏ ਸਨ।

ਸਵੇਰੇ ਕੇਅਰਟੇਕਰ ਨੇ ਕੀਤਾ ਖੁਲਾਸਾ

ਹਮਲਾਵਰਾਂ ਨੇ ਜਿਮ ’ਤੇ ਘੱਟੋ-ਘੱਟ ਸੱਤ ਰਾਊਂਡ ਗੋਲੀਆਂ ਚਲਾਈਆਂ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਜਾਂ ਮਾਰੇ ਜਾਣ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸਵੇਰੇ ਲਗਭਗ 5:15 ਵਜੇ ਜਦੋਂ ਜਿਮ ਦਾ ਕੇਅਰਟੇਕਰ ਉੱਥੇ ਪਹੁੰਚਿਆ ਤਾਂ ਉਸ ਨੇ ਟੁੱਟੇ ਹੋਏ ਸ਼ੀਸ਼ੇ ਅਤੇ ਗੋਲੀਆਂ ਦੇ ਨਿਸ਼ਾਨ ਵੇਖੇ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਸੂਚਨਾ ਮਿਲਣ ਮਗਰੋਂ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਸਥਾਨਕ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ, ਜਿਸ ਨੇ ਘਟਨਾ ਸਥਾਨ ਤੋਂ ਖਾਲੀ ਕਾਰਤੂਸ ਅਤੇ ਹੋਰ ਸਬੂਤ ਇਕੱਠੇ ਕੀਤੇ। ਹਮਲਾਵਰਾਂ ਦੀ ਪਛਾਣ ਲਈ ਆਲੇ-ਦੁਆਲੇ ਅਤੇ ਭੱਜਣ ਵਾਲੇ ਰਸਤਿਆਂ ’ਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਰੰਗਦਾਰੀ, ਗੈਂਗਵਾਰ ਅਤੇ ਨਿੱਜੀ ਰੰਜਿਸ਼ ਦੇ ਐਂਗਲ ਤੋਂ ਜਾਂਚ

ਜਾਂਚ ਦੌਰਾਨ ਸਾਹਮਣੇ ਆਇਆ ਕਿ ਜਿਸ ਫਿਟਨੈੱਸ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਦੇ ਮਾਲਕ ਰਾਜੌਰੀ ਗਾਰਡਨ ਦੇ ਦੋ ਕਾਰੋਬਾਰੀ ਹਨ ਅਤੇ ਗੁਰੂ ਰੰਧਾਵਾ ਇਸ ਜਿਮ ਦੇ ਬ੍ਰਾਂਡ ਐਂਬੈਸਡਰ ਹਨ। ਇਸ ਕਾਰਨ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਦਿੱਲੀ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਇਸ ਘਟਨਾ ਨੂੰ ਰੰਗਦਾਰੀ, ਗੈਂਗਸਟਰਾਂ ਦੀ ਆਪਸੀ ਰੰਜਿਸ਼ ਅਤੇ ਮਾਲਕਾਂ ਨਾਲ ਜੁੜੀ ਕਿਸੇ ਨਿੱਜੀ ਦੁਸ਼ਮਣੀ ਦੇ ਐਂਗਲ ਤੋਂ ਵੀ ਦੇਖ ਰਹੀ ਹੈ। ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਘਟਨਾ ਤੋਂ ਬਾਅਦ ਵਾਇਰਲ ਹੋਈ ਪੋਸਟ ਵਿੱਚ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਅਤੇ ਕਈ ਵਿਅਕਤੀਆਂ ਦੇ ਨਾਮਾਂ ਦਾ ਵੀ ਜ਼ਿਕਰ ਕੀਤਾ ਗਿਆ। ਪੁਲਿਸ ਪੋਸਟ ਦੀ ਸੱਚਾਈ ਅਤੇ ਇਸ ਨਾਲ ਜੁੜੇ ਸਾਰੇ ਪੱਖਾਂ ਦੀ ਜਾਂਚ ਕਰ ਰਹੀ ਹੈ।

Share This Article
Leave a Comment