ਨਿਊਜ਼ ਡੈਸਕ : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਪ੍ਰਚਾਰ ਅੱਜ ਸ਼ਾਮ ਨੂੰ ਖਤਮ ਹੋ ਗਿਆ ਹੈ । ਅੱਜ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਲੁਭਾਉਣ ਲਈ ਆਖਰੀ ਕੋਸ਼ਿਸ਼ ਕੀਤੀ ਗਈ। ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਸੂਬੇ ਦੀਆਂ ਕੁੱਲ 182 ਸੀਟਾਂ ‘ਚੋਂ 93 ਸੀਟਾਂ ‘ਤੇ ਵੋਟਾਂ ਪੈਣਗੀਆਂ। ਸੌਰਾਸ਼ਟਰ, ਕੱਛ ਅਤੇ ਦੱਖਣੀ ਗੁਜਰਾਤ ਦੀਆਂ 89 ਸੀਟਾਂ ਲਈ ਪਹਿਲੇ ਪੜਾਅ ਦੀ ਵੋਟਿੰਗ 1 ਦਸੰਬਰ ਨੂੰ ਹੋਈ ਸੀ, ਜਦਕਿ ਦੂਜੇ ਪੜਾਅ ਦੀ ਵੋਟਿੰਗ 5 ਦਸੰਬਰ ਨੂੰ ਹੋਵੇਗੀ। ਪਹਿਲੇ ਪੜਾਅ ‘ਚ ਔਸਤਨ 63.31 ਫੀਸਦੀ ਵੋਟਿੰਗ ਹੋਈ।
ਦੂਜੇ ਪੜਾਅ ਵਿੱਚ ਬਾਕੀ 93 ਸੀਟਾਂ ਲਈ ਵੋਟਾਂ ਪੈਣਗੀਆਂ, ਜਿਸ ਲਈ ਸੂਬੇ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ), ਵਿਰੋਧੀ ਧਿਰ ਕਾਂਗਰਸ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਮੇਤ ਲਗਭਗ 60 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਮੈਦਾਨ ਵਿੱਚ ਹਨ। ਆਜ਼ਾਦ ਉਮੀਦਵਾਰ ਵੀ ਵਡੀ ਗਿਣਤੀ ਚ ਚੋਣ ਮੈਦਾਨ ਵਿੱਚ ਹਨ। ਦੂਜੇ ਪੜਾਅ ਤਹਿਤ 93 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ, ਜੋ ਅਹਿਮਦਾਬਾਦ, ਵਡੋਦਰਾ ਅਤੇ ਗਾਂਧੀਨਗਰ ਸਮੇਤ ਉੱਤਰੀ ਅਤੇ ਮੱਧ ਗੁਜਰਾਤ ਦੇ 14 ਜ਼ਿਲ੍ਹਿਆਂ ਵਿੱਚ ਫੈਲੀਆਂ ਹੋਈਆਂ ਹਨ।
ਦੂਜੇ ਪੜਾਅ ‘ਚ ਮੁੱਖ ਮੰਤਰੀ ਭੂਪੇਂਦਰ ਪਟੇਲ ਦੀ ਘਾਟਲੋਡੀਆ ਸੀਟ ਦੇ ਨਾਲ-ਨਾਲ ਵੀਰਮਗਾਮ ਸੀਟ, ਜਿੱਥੋਂ ਪਾਟੀਦਾਰ ਨੇਤਾ ਹਾਰਦਿਕ ਪਟੇਲ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ, ਅਤੇ ਗਾਂਧੀਨਗਰ ਦੱਖਣੀ ਸੀਟ, ਜਿੱਥੋਂ ਅਲਪੇਸ਼ ਠਾਕੋਰ ਬੀ.ਜੇ.ਪੀ. ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਅਤੇ 2 ਦਸੰਬਰ ਨੂੰ ਅਹਿਮਦਾਬਾਦ ਵਿੱਚ ਦੋ ਰੋਡ ਸ਼ੋਅ ਸਮੇਤ ਭਾਜਪਾ ਦੇ ਕੁਝ ਉਮੀਦਵਾਰਾਂ ਲਈ ਵਿਆਪਕ ਪ੍ਰਚਾਰ ਕੀਤਾ।