ਗੁਜਰਾਤ ਪੁਲ ਹਾਦਸਾ: ਅਦਾਲਤ ਨੇ ਓਰੇਵਾ ਗਰੁੱਪ ਦੇ ਐਮਡੀ ਜੈਸੁਖ ਪਟੇਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਕੀਤੀ ਖਾਰਜ

Global Team
2 Min Read

ਮੋਰਬੀ (ਗੁਜਰਾਤ) : ਗੁਜਰਾਤ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਜੇਲ ‘ਚ ਬੰਦ ਓਰੇਵਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਜੈਸੁਖ ਪਟੇਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਪਟੀਸ਼ਨ ‘ਚ ਪਟੇਲ ਨੇ ਗੁਜਰਾਤ ਦੇ ਮੋਰਬੀ ਕਸਬੇ ‘ਚ ਮੱਛੂ ਨਦੀ ‘ਤੇ ਪੁਲ ਦੇ ਡਿੱਗਣ ਨਾਲ ਹੋਏ ਹਾਦਸੇ ‘ਚ ਮ੍ਰਿਤਕਾਂ ਅਤੇ 56 ਜ਼ਖਮੀਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਲਈ ਜ਼ਰੂਰੀ ਰਸਮਾਂ ਪੂਰੀਆਂ ਕਰਨ ਲਈ ਜ਼ਮਾਨਤ ‘ਤੇ ਰਿਹਾਅ ਕਰਨ ਦੀ ਬੇਨਤੀ ਕੀਤੀ ਸੀ। ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੀਸੀ ਜੋਸ਼ੀ ਦੀ ਅਦਾਲਤ ਨੇ ਪਟੇਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਇਸ ਪਟੀਸ਼ਨ ਦਾ ਸੂਬਾ ਸਰਕਾਰ ਅਤੇ ਪੀੜਤ ਪਰਿਵਾਰਾਂ ਵੱਲੋਂ ਵਿਰੋਧ ਕੀਤਾ ਗਿਆ ਸੀ।
ਮਹੱਤਵਪੂਰਨ ਗੱਲ ਇਹ ਹੈ ਕਿ ਓਰੇਵਾ ਗਰੁੱਪ ਨੇ ਮੱਛੂ ਨਦੀ ‘ਤੇ ਬ੍ਰਿਟਿਸ਼ ਯੁੱਗ ਦੇ ਪੁਲ ਦੇ ਸੰਚਾਲਨ ਅਤੇ ਰੱਖ-ਰਖਾਅ ਲਈ ਜ਼ਿੰਮੇਵਾਰ ਸੀ, ਜੋ ਪਿਛਲੇ ਸਾਲ 30 ਅਕਤੂਬਰ ਨੂੰ ਢਹਿ ਗਿਆ ਸੀ। ਇਸ ਹਾਦਸੇ ‘ਚ 135 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 56 ਲੋਕ ਜ਼ਖਮੀ ਹੋ ਗਏ ਸਨ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 10 ਮੁਲਜ਼ਮਾਂ ਵਿੱਚੋਂ ਇੱਕ ਜੈਸੁਖ ਪਟੇਲ ਨੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਲੋੜੀਂਦੀਆਂ ਰਸਮਾਂ ਪੂਰੀਆਂ ਕਰਨ ਲਈ 15 ਤੋਂ 20 ਦਿਨਾਂ ਲਈ ਜੇਲ੍ਹ ਵਿੱਚੋਂ ਆਰਜ਼ੀ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਦਾਇਰ ਕੀਤੀ ਸੀ। ਗੁਜਰਾਤ ਹਾਈ ਕੋਰਟ ਨੇ 22 ਫਰਵਰੀ ਨੂੰ ਘੜੀ ਬਣਾਉਣ ਵਾਲੀ ਕੰਪਨੀ ਓਰੇਵਾ ਨੂੰ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਹਰੇਕ ਵਿਅਕਤੀ ਨੂੰ 10 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ ਚਾਰ ਹਫ਼ਤਿਆਂ ਦੇ ਅੰਦਰ ਦੋ-ਦੋ ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਸੀ।

ਸ਼ਨਿਚਰਵਾਰ ਨੂੰ ਹੋਈ ਸੁਣਵਾਈ ਦੌਰਾਨ ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੀਸੀ ਜੋਸ਼ੀ ਦੀ ਅਦਾਲਤ ਨੇ ਰਾਜ ਸਰਕਾਰ ਅਤੇ ਪੀੜਤ ਪਰਿਵਾਰਾਂ ਦੇ ਵਿਰੋਧ ਤੋਂ ਬਾਅਦ ਪਟੇਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ‘ਤੇ ਆਪਣਾ ਫ਼ੈਸਲਾ 7 ਮਾਰਚ ਲਈ ਸੁਰੱਖਿਅਤ ਰੱਖ ਲਿਆ ਸੀ। ਪੀੜਤ ਪਰਿਵਾਰਾਂ ਦੀ ਤਰਫੋਂ ਦਲੀਪ ਅਗੇਚਾਨੀਆ ਨੇ ਅਦਾਲਤ ਨੂੰ ਕਿਹਾ ਕਿ ਪਟੇਲ ਨੂੰ ਇਸ ਸਮੇਂ ਰਿਹਾਅ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਉਹ ਸਬੂਤਾਂ ਨਾਲ ਛੇੜਛਾੜ ਕਰ ਸਕਦਾ ਹੈ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪੁਲਸ ਨੇ ਇਸ ਹਾਦਸੇ ਦੇ ਸਬੰਧ ‘ਚ ਪਟੇਲ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸਾਰੇ ਦੋਸ਼ੀ ਫਿਲਹਾਲ ਮੋਰਬੀ ਸਬ-ਜੇਲ ‘ਚ ਬੰਦ ਹਨ।

Share this Article
Leave a comment