ਨਵੀਂ ਦਿੱਲੀ: ਜੀਐਸਟੀ ਕੌਂਸਲ ਨੇ ਡੇਅਰੀ ਉਤਪਾਦਾਂ, ਖਾਦਾਂ, ਜੈਵਿਕ ਕੀਟਨਾਸ਼ਕਾਂ ਅਤੇ ਖੇਤੀਬਾੜੀ ਉਪਕਰਨਾਂ ‘ਤੇ ਟੈਕਸ ਦੀਆਂ ਦਰਾਂ ਘਟਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਤਿਉਹਾਰਾਂ ਤੋਂ ਪਹਿਲਾਂ ਕਿਸਾਨਾਂ ਅਤੇ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ। ਸਲਫਿਊਰਿਕ ਐਸਿਡ, ਨਾਈਟ੍ਰਿਕ ਐਸਿਡ ਅਤੇ ਅਮੋਨੀਆ ਵਰਗੇ ਮੁੱਖ ਖਾਦ ਸਮੱਗਰੀ ‘ਤੇ ਜੀਐਸਟੀ 18 ਫੀਸਦ ਤੋਂ ਘਟਾ ਕੇ 5 ਫੀਸਦ ਕਰ ਦਿੱਤਾ ਗਿਆ ਹੈ।
ਜੈਵਿਕ ਕੀਟਨਾਸ਼ਕਾਂ ਅਤੇ ਖੇਤੀ ਉਪਕਰਨਾਂ ‘ਤੇ ਟੈਕਸ ਘਟਿਆ
ਕੌਂਸਲ ਨੇ ਨੀਮ-ਅਧਾਰਤ ਕੀਟਨਾਸ਼ਕਾਂ ਸਮੇਤ ਵੱਖ-ਵੱਖ ਜੈਵਿਕ ਕੀਟਨਾਸ਼ਕਾਂ ‘ਤੇ ਜੀਐਸਟੀ 12 ਫੀਸਦ ਤੋਂ ਘਟਾ ਕੇ 5 ਫੀਸਦ ਕਰ ਦਿੱਤਾ ਹੈ। ਅਧਿਕਾਰਤ ਬਿਆਨ ਅਨੁਸਾਰ, ‘ਅਲਟਰਾ ਹਾਈ ਟੈਂਪਰੇਚਰ’ (ਯੂਐਚਟੀ) ਦੁੱਧ ਅਤੇ ਪਨੀਰ ‘ਤੇ ਜੀਐਸਟੀ 5 ਫੀਸਦ ਤੋਂ ਘਟਾ ਕੇ ਸਿਫਰ ਕਰ ਦਿੱਤਾ ਗਿਆ ਹੈ। ਹਾਲਾਂਕਿ, ਲਗਜ਼ਰੀ ਕਾਰਾਂ ਦੀ ਖਰੀਦ ਹੁਣ ਮਹਿੰਗੀ ਹੋਵੇਗੀ।
ਦੁੱਧ, ਮੱਖਣ ਅਤੇ ਪਨੀਰ ‘ਤੇ ਜੀਐਸਟੀ 5 ਫੀਸਦ
ਕੰਡੈਂਸਡ ਦੁੱਧ, ਮੱਖਣ ਅਤੇ ਪਨੀਰ ‘ਤੇ ਜੀਐਸਟੀ 12 ਫੀਸਦ ਤੋਂ ਘਟਾ ਕੇ 5 ਫੀਸਦ ਕਰ ਦਿੱਤਾ ਗਿਆ ਹੈ। ਵੱਖ-ਵੱਖ ਖੇਤੀਬਾੜੀ ਉਪਕਰਨਾਂ ‘ਤੇ ਜੀਐਸਟੀ 12 ਫੀਸਦ ਤੋਂ ਘਟਾ ਕੇ 5 ਫੀਸਦ ਕੀਤਾ ਗਿਆ ਹੈ। ਅਲਟਰਾ ਹਾਈ ਟੈਂਪਰੇਚਰ ਵਾਲੇ ਦੁੱਧ, ਛੇਨੇ, ਪਨੀਰ, ਪੀਜ਼ਾ ਬਰੈੱਡ, ਸਾਦੀ ਚਪਾਤੀ ਜਾਂ ਰੋਟੀ ‘ਤੇ ਟੈਕਸ ਦਰ 5 ਫੀਸਦ ਤੋਂ ਘਟਾ ਕੇ ਸਿਫਰ ਕਰ ਦਿੱਤੀ ਗਈ ਹੈ।
ਇਨ੍ਹਾਂ ਵਿੱਚ 15 ਹਾਰਸ ਪਾਵਰ ਤੱਕ ਦੀ ਸਮਰੱਥਾ ਵਾਲੇ ਡੀਜ਼ਲ ਇੰਜਣ, ਹੈਂਡ ਪੰਪ, ਡਰਿੱਪ ਸਿੰਚਾਈ ਉਪਕਰਣ, ਸਪਿਰਿੰਕਲਰ ਲਈ ਨੋਜ਼ਲ, ਮਿੱਟੀ ਤਿਆਰ ਕਰਨ ਵਾਲੀਆਂ ਖੇਤੀਬਾੜੀ ਅਤੇ ਬਾਗਬਾਨੀ ਮਸ਼ੀਨਾਂ, ਕਟਾਈ ਅਤੇ ਥ੍ਰੈਸ਼ਿੰਗ ਮਸ਼ੀਨਰੀ, ਕੰਪੋਸਟਿੰਗ ਮਸ਼ੀਨ ਅਤੇ ਟਰੈਕਟਰ (1800 ਸੀਸੀ ਤੋਂ ਵੱਧ ਸਮਰੱਥਾ ਵਾਲੇ ਸੈਮੀ-ਟਰੇਲਰ ਵਾਲੇ ਟਰੈਕਟਰਾਂ ਨੂੰ ਛੱਡ ਕੇ) ਸ਼ਾਮਲ ਹਨ।
ਟਰੈਕਟਰ ਦੇ ਪੁਰਜ਼ਿਆਂ ‘ਤੇ ਜੀਐਸਟੀ 18 ਤੋਂ 5 ਫੀਸਦ
ਘਟੀਆਂ ਦਰਾਂ ਸੈਲਫ-ਲੋਡਿੰਗ ਖੇਤੀਬਾੜੀ ਟਰੇਲਰਾਂ ਅਤੇ ਹੱਥ ਨਾਲ ਚੱਲਣ ਵਾਲੀਆਂ ਗੱਡੀਆਂ ‘ਤੇ ਵੀ ਲਾਗੂ ਹੋਣਗੀਆਂ। ਕੌਂਸਲ ਨੇ ਟਰੈਕਟਰ ਦੇ ਪਿਛਲੇ ਟਾਇਰ ਅਤੇ ਟਿਊਬ, 250 ਸੀਸੀ ਤੋਂ ਵੱਧ ਸਮਰੱਥਾ ਵਾਲੇ ਖੇਤੀਬਾੜੀ ਡੀਜ਼ਲ ਇੰਜਣ, ਟਰੈਕਟਰ ਲਈ ਹਾਈਡ੍ਰੌਲਿਕ ਪੰਪ ਅਤੇ ਵੱਖ-ਵੱਖ ਟਰੈਕਟਰ ਪੁਰਜ਼ਿਆਂ ‘ਤે ਜੀਐਸਟੀ 18 ਫੀਸਦ ਤੋਂ ਘਟਾ ਕੇ 5 ਫੀਸਦ ਕਰ ਦਿੱਤਾ ਹੈ। ਇਨ੍ਹਾਂ ਫੈਸਲਿਆਂ ਨਾਲ ਕਿਸਾਨਾਂ ਦੀ ਲਾਗਤ ਘਟੇਗੀ ਅਤੇ ਜ਼ਰੂਰੀ ਡੇਅਰੀ ਉਤਪਾਦ ਖਪਤਕਾਰਾਂ ਲਈ ਕਿਫਾਇਤੀ ਹੋਣਗੇ।
ਕੋਲਡ ਡਰਿੰਕ ਹੋਣਗੇ ਮਹਿੰਗੇ
ਕੋਕਾ-ਕੋਲਾ ਅਤੇ ਪੈਪਸੀ ਵਰਗੇ ਡਰਿੰਕ ਅਤੇ ਹੋਰ ਗੈਰ-ਅਲਕੋਹਲ ਡਰਿੰਕ ਹੁਣ ਮਹਿੰਗੇ ਹੋ ਜਾਣਗੇ। ਜੀਐਸਟੀ ਕੌਂਸਲ ਨੇ ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ ‘ਤੇ ਟੈਕਸ ਦਰ ਨੂੰ ਮੌਜੂਦਾ 28 ਫੀਸਦ ਤੋਂ ਵਧਾ ਕੇ 40 ਫੀਸਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਕੌਂਸਲ ਨੇ ਫਲਾਂ ਤੋਂ ਬਣੇ ਪੀਣ ਵਾਲੇ ਪਦਾਰਥਾਂ ਜਾਂ ਫਲਾਂ ਦੇ ਰਸ ਵਾਲੇ ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ ‘ਤੇ ਵੀ ਟੈਕਸ ਦਰ 28 ਫੀਸਦ ਤੋਂ ਵਧਾ ਕੇ 40 ਫੀਸਦ ਕਰ ਦਿੱਤੀ ਹੈ। ਇਸ ਦੇ ਨਾਲ ਹੀ, ਕੈਫੀਨ-ਯੁਕਤ ਪੀਣ ਵਾਲੇ ਪਦਾਰਥਾਂ ‘ਤੇ ਜੀਐਸਟੀ ਦਰ ਵੀ 40 ਫੀਸਦ ਕਰ ਦਿੱਤੀ ਗਈ ਹੈ। ਹੋਰ ਗੈਰ-ਅਲਕੋਹਲ ਪੀਣ ਵਾਲੇ ਪਦਾਰਥਾਂ ‘ਤੇ ਵੀ ਜੀਐਸਟੀ 18 ਫੀਸਦ ਤੋਂ ਵਧਾ ਕੇ 40 ਫੀਸਦ ਕੀਤੀ ਗਈ ਹੈ।
ਵਾਧੂ ਸ਼ੂਗਰ ਵਾਲੇ ਪੀਣ ਵਾਲੇ ਪਦਾਰਥ ਵੀ ਮਹਿੰਗੇ
ਜੀਐਸਟੀ ਕੌਂਸਲ ਨੇ ਵਾਧੂ ਸ਼ੂਗਰ, ਹੋਰ ਮਿੱਠੇ ਪਦਾਰਥ ਜਾਂ ਸੁਆਦ ਵਾਲੇ ਸਾਰੇ ਉਤਪਾਦਾਂ ‘ਤੇ ਟੈਕਸ ਦਰ 28 ਫੀਸਦ ਤੋਂ ਵਧਾ ਕੇ 40 ਫੀਸਦ ਕਰ ਦਿੱਤਾ ਹੈ। ਹਾਲਾਂਕਿ, ਫਲਾਂ ਦੇ ਗੁੱਦੇ ਜਾਂ ਫਲਾਂ ਦੇ ਰਸ ਅਧਾਰਤ ਪੀਣ ਵਾਲੇ ਪਦਾਰਥਾਂ ‘ਤੇ ਟੈਕਸ ਦਰ 12 ਫੀਸਦ ਤੋਂ ਘਟਾ ਕੇ 5 ਫੀਸਦ ਕਰ ਦਿੱਤਾ ਗਈ ਹੈ।
ਅਰਥਵਿਵਸਥਾ ਦੀ ਗਤੀ ਵਿੱਚ ਤੇਜ਼ੀ
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਦਲਾਅ ਘਰੇਲੂ ਖਪਤ ਵਿੱਚ ਜ਼ਬਰਦਸਤ ਤੇਜ਼ੀ ਲਿਆ ਸਕਦੇ ਹਨ। ਖਾਸ ਕਰਕੇ ਮੱਧ ਵਰਗ ਵਸਤੂਆਂ ‘ਤੇ ਪੈਸਾ ਖਰਚ ਕਰੇਗਾ। ਮੰਗ ਵਧਣ ਨਾਲ ਨਿੱਜੀ ਨਿਵੇਸ਼ ਨੂੰ ਵੀ ਹੁਲਾਰਾ ਮਿਲੇਗਾ। ਸਰਕਾਰ ਨੂੰ ਉਮੀਦ ਹੈ ਕਿ ਰਾਜਸਵ ਨੁਕਸਾਨ ਦੇ ਬਾਵਜੂਦ ਬਜ਼ਾਰ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਆਵੇਗੀ ਅਤੇ ਅਰਥਵਿਵਸਥਾ ਦੀ ਰਫਤਾਰ ਵਧੇਗੀ। ਇਸ ਨਾਲ ਸਰਕਾਰੀ ਰਾਜਸਵ ਨੂੰ ਹੋਣ ਵਾਲੇ ਤੁਰੰਤ ਨੁਕਸਾਨ ਦੀ ਭਰਪਾਈ ਹੋ ਜਾਵੇਗੀ।