-ਤੇਜਿੰਦਰ ਸਿੰਘ ਰਿਆੜ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਨਿਵੇਕਲੇ ਪਸਾਰ ਦੇ ਉਪਰਾਲੇ ਵਿੱਢੇ ਹਨ। ਉਨ੍ਹਾਂ ਵਿੱਚੋਂ ਇੱਕ ਹੈ-ਯੂਨੀਵਰਸਿਟੀ ਦਾ ਯੂ.ਟਿਊਬ ਚੈਨਲ। ਇਸ ਚੈਨਲ ਦੇ ਮਾਰਫ਼ਤ ਅਨੇਕਾਂ ਤਕਨੀਕੀ ਡਾਕੂਮੈਂਟਰੀਆਂ ਪੋਸਟ ਕੀਤੀਆਂ ਗਈਆਂ ਹਨ। ਇਨ੍ਹਾਂ ਡਾਕੂਮੈਂਟਰੀਆਂ ਨੂੰ ਦੇਖ ਕੇ ਕਿਸਾਨ ਆਪਣੀ ਕਿਰਸਾਨੀ ਨੂੰ ਵਿਗਿਆਨਕ ਲੀਹਾਂ ਤੇ ਸੁਖਾਲੇ ਹੀ ਤੋਰ ਰਹੇ ਹਨ। ਇਨ੍ਹਾਂ ਵਿੱਚ ਸੰਗੀਤ ਦੇ ਨਾਲ-ਨਾਲ ਐਕਟਿੰਗ ਦੀ ਕਲਾ ਦਾ ਤੜਕਾ ਵੀ ਲਗਾਇਆ ਹੁੰਦਾ ਹੈ। ਇਸ ਚੈਨਲ ਨੂੰ 10,000 ਦੇ ਕਰੀਬ ਸਰਗਰਮ ਪਾਠਕ ਸਬਸਕਰਾਈਬ ਕਰ ਚੁੱਕੇ ਹਨ ਅਤੇ ਦੋ ਲੱਖ ਪੈਂਤੀ ਹਜ਼ਾਰ ਦੇ ਕਰੀਬ ਲਾਈਕ ਮਿਲ ਚੁੱਕੇ ਹਨ।
ਯੂਨੀਵਰਸਿਟੀ ਵੱਲੋਂ ਪਿਛਲੇ ਪੰਜ ਦਹਾਕਿਆਂ ਤੋਂ ਕਿਸਾਨ ਮੇਲੇ ਲਗਾਏ ਜਾ ਰਹੇ ਸਨ। ਇਹਨਾਂ ਕਿਸਾਨ ਮੇਲਿਆਂ ਵਿੱਚ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਕਿਸਾਨ ਵੱਡੀ ਗਿਣਤੀ ਵਿੱਚ ਭਾਗ ਲੈਂਦੇ ਹਨ। ਇਸ ਵਾਰ ਕਰੋਨਾ ਦੀ ਮਹਾਂਮਾਰੀ ਕਾਰਨ ਇਹ ਯੂਨੀਵਰਸਿਟੀ ਦੇ ਵਿਗਿਆਨੀਆਂ ਲਈ ਚੁਣੌਤੀ ਦਾ ਸਮਾਂ ਸੀ, ਇਸ ਵਾਰ ਇਹ ਕਿਸਾਨ ਮੇਲੇ ਲਾਉਣਾ। ਇਸ ਚੁਣੌਤੀ ਨੂੰ ਚੰਗੇ ਮੌਕੇ ਵਜੋਂ ਬਦਲ ਕੇ ਦਿਖਾਇਆ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ। ਸ਼ੋਸ਼ਲ ਮੀਡੀਆ ਦੀ ਮਦਦ ਨਾਲ ਇਸ ਵਾਰ ਵਰਚੂਅਲ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਦੇ ਵਿੱਚ 2 ਲੱਖ 65 ਹਜ਼ਾਰ 700 ਤੋਂ ਵੱਧ ਕਿਸਾਨ ਸਾਡੇ ਨਾਲ ਜੁੜੇ। ਇਹ ਮੇਲਾ ਦੋ ਦਿਨ ਨਿਰਵਿਘਨ ਯੂਨੀਵਰਸਿਟੀ ਦੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਤੇ ਚਲਾਇਆ ਗਿਆ। ਇਸ ਮੇਲੇ ਦੀ ਰਿਕਾਰਡਿੰਗ ਹੁਣ ਵੀ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਤੇ ਉਪਲੱਬਧ ਹੈ। ਸੋ ਯੂਨੀਵਰਸਿਟੀ ਨੇ ਕਿਸਾਨਾਂ ਦੇ ਪਿਛਲੇ ਪੰਜਾਹ ਸਾਲ ਦੇ ਪ੍ਰਪੱਕ ਵਿਸ਼ਵਾਸ਼ ਨੂੰ ਇਸ ਕਰੋਨਾ ਮਹਾਂਮਾਰੀ ਦੌਰਾਨ ਡੋਲਣ ਨਹੀਂ ਦਿੱਤਾ ਅਤੇ ਇਸਦਾ ਭਰਪੂਰ ਸਾਥ ਦਿੱਤਾ ਸ਼ੋਸ਼ਲ ਮੀਡੀਆ ਨੇ।
ਇਸ ਤੋਂ ਇਲਾਵਾ ਯੂਨੀਵਰਸਿਟੀ ਦਾ ਫੇਸਬੁੱਕ ਪੇਜ ਕਿਸਾਨਾਂ ਵਿੱਚ ਕਾਫ਼ੀ ਜ਼ਿਆਦਾ ਹਰਮਨ ਪਿਆਰਾ ਪੇਜ ਬਣ ਚੁੱਕਾ ਹੈ। ਇਸ ਸਮੇਂ ਇਸ ਪੇਜ ਨੂੰ 50,000 ਤੋਂ ਵੀ ਵੱਧ ਕਿਸਾਨ, ਵਿਗਿਆਨੀ ਅਤੇ ਨੌਜਵਾਨ ਫਾਲੋ ਕਰ ਰਹੇ ਹਨ। ਇਸ ਪੇਜ ਤੇ ਖੇਤੀ ਸੰਬੰਧੀ ਵੀਡੀਓ ਤੋਂ ਇਲਾਵਾ ਖਬਰਾਂ ਨੂੰ ਵੀ ਪੋਸਟ ਕੀਤਾ ਜਾਂਦਾ ਹੈ। ਵਿਸ਼ੇਸ਼ਕਰ ਇਸ ਪੇਜ ਮਾਰਫ਼ਤ ਬੁੱਧਵਾਰ ਨੂੰ ਵਿਗਿਆਨੀਆਂ ਦੀ ਇੱਕ ਉਚ ਪੱਧਰੀ ਟੀਮ ਨੂੰ ਲਾਈਵ ਸ਼ੋਅ ਰਾਹੀਂ ਕਿਸਾਨਾਂ ਦੇ ਸਨਮੁੱਖ ਪੇਸ਼ ਕੀਤਾ ਜਾਂਦਾ ਹੈ, ਜਿੱਥੇ ਕਿਸਾਨ ਆਪਣੇ ਸਵਾਲ ਪੁੱਛਦੇ ਹਨ ਅਤੇ ਵਿਗਿਆਨੀ ਲਾਈਵ ਹੋ ਕੇ ਉਨ੍ਹਾਂ ਸਵਾਲਾਂ ਦਾ ਨਿਪਟਾਰਾ ਕਰਦੇ ਹਨ। ਇਸ ਲਾਈਵ ਸ਼ੋਅ ਵਿੱਚ 60 ਤੋਂ 70 ਹਜ਼ਾਰ ਕਿਸਾਨਾਂ ਤੱਕ ਔਸਤਨ ਫੇਸਬੁੱਕ ਰਾਹੀਂ ਪਹੁੰਚ ਕੀਤੀ ਜਾਂਦੀ ਹੈ । ਇਸੇ ਤਰ੍ਹਾਂ ਇਹ ਪ੍ਰੋਗਰਾਮ ਯੂਟਿਊਬ ਤੇ ਲਾਈਵ ਵੀ ਕੀਤਾ ਜਾਂਦਾ ਹੈ।
ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਸੰਚਾਰ ਕੇਂਦਰ ਵੱਲੋਂ ਵੱਖ-ਵੱਖ ਵਟਸਐਪ ਗਰੁੱਪ ਬਣਾਏ ਹਨ ਜਿਨ੍ਹਾਂ ਦੇ ਮਾਰਫ਼ਤ ਲੱਖਾਂ ਹੀ ਕਿਸਾਨਾਂ ਨੂੰ ਯੂਨੀਵਰਸਿਟੀ ਖੇਤੀ ਸੰਬੰਧੀ ਜਾਣਕਾਰੀ ਪਹੁੰਚਦੀ ਕਰਦੀ ਹੈ। ਸੰਚਾਰ ਕੇਂਦਰ ਵੱਲੋਂ ਤਕਰੀਬਨ 700 ਵਟਸਐਪ ਗਰੁੱਪ ਤਿਆਰ ਕੀਤੇ ਗਏ ਹਨ। ਇਹਨਾਂ ਵਟਸਐਪ ਗਰੁੱਪਾਂ ਰਾਹੀਂ ਖੇਤੀ ਸੰਦੇਸ਼ ਅਤੇ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਖੇਤੀ ਸੰਦੇਸ਼ ਇੱਕ ਡਿਜ਼ੀਟਲ ਅਖਬਾਰ ਹੈ ਜੋ ਕਿ ਹਰ ਹਫ਼ਤੇ ਪਾਠਕਾਂ ਨੂੰ ਭੇਜਿਆ ਜਾਂਦਾ ਹੈ।
ਯੂਨੀਵਰਸਿਟੀ ਵੱਲੋਂ ਵੱਖ-ਵੱਖ ਖੇਤੀ ਸੰਬੰਧੀ ਐਪ ਵੀ ਵਿਕਸਿਤ ਕੀਤੇ ਹਨ ਜਿਨ੍ਹਾਂ ਨੂੰ ‘ਗੂਗਲ ਪਲੇਅ ਸਟੋਰ ਤੋਂ ਬੜੇ ਸੁਖਾਲੇ ਤਰੀਕੇ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ ਪਉਕਸਿੳਨੳਪਪ ਦੇ ਵਿੱਚ ਸਾਰੀਆਂ ਪ੍ਰਮੁੱਖ ਫ਼ਸਲਾਂ ਦੀ ਕਾਸ਼ਤ, ਕੀੜੇ-ਮਕੌੜੇ, ਬਿਮਾਰੀਆਂ ਆਦਿ ਦੀ ਬੜੇ ਵਿਸਥਾਰ ਦੇ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਹੈ । ਨਦੀਨਾਂ, ਕੀੜਿਆਂ ਅਤੇ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਰੰਗਦਾਰ ਚਿੱਤਰਾਂ ਵਿੱਚ ਦਿਖਾਈਆਂ ਗਈਆਂ ਹਨ । ਇਸ ਤੋਂ ਇਲਾਵਾ ਪੀ.ਏ.ਯੂ. ਨੇ ਕਿਰਸਾਨੀ ਸੰਬੰਧੀ ਪੋਰਟਲ ਵੀ ਵਿਕਸਿਤ ਕੀਤੇ ਹਨ ਜਿੱਥੋਂ ਤੁਸੀਂ ਪੰਜਾਬ ਦੇ ਵੱਖ-ਵੱਖ ਕੇਂਦਰਾਂ ਵਿੱਚ ਬੀਜਾਂ ਦੀ ਉਪਲੱਬਧਤਾ ਬਾਰੇ ਬੜੀ ਆਸਾਨੀ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ । ਜੇਕਰ ਤੁਸੀਂ ਆਪਣਾ ਬੀਜ ਕਿਸੇ ਦੂਜੇ ਕੇਂਦਰ ਤੋਂ ਰਾਖਵਾਂ ਕਰਨਾ ਹੈ ਉਸਦਾ ਵੀ ਪ੍ਰਬੰਧ ਕੀਤਾ ਗਿਆ ਹੈ । ਇਹ ਸਾਰੇ ਪੋਰਟਲ, ਐਪ, ਯੂਟਿਊਬ ਅਤੇ ਫੇਸਬੁੱਕ ਦੇ ਲਿੰਕ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾ ਕੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਸੋਸ਼ਲ ਮੀਡੀਆ ਪਸਾਰ ਸਿੱਖਿਆ ਦਾ ਇੱਕ ਨਵਾਂ ਰੂਪ ਸਿੱਧ ਹੋ ਰਿਹਾ ਹੈ। ਕਿਸਾਨਾਂ ਅਤੇ ਵਿਗਿਆਨ ਦੀ ਦੂਰੀ ਨੂੰ ਘੱਟ ਕਰਨ ਵਿੱਚ ਯੂਨੀਵਰਸਿਟੀ ਲਈ ਇੱਕ ਪੁਲ ਦਾ ਕੰਮ ਕਰ ਰਿਹਾ ਹੈ-ਸੋਸ਼ਲ ਮੀਡੀਆ ਨੈਟਵਰਕ। ਆਓ ਆਪਾਂ ਵੱਧ ਤੋਂ ਵੱਧ ਸ਼ੋਸ਼ਲ ਮੀਡੀਆ ਰਾਹੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਪਸਾਰ ਸੇਵਾਵਾਂ ਦਾ ਲਾਹਾ ਲਈਏ। ਯੂਨੀਵਰਸਿਟੀ ਦੇ ਵੈਬਸਾਈਟ ਦੇ ਯੂਟਿਊਬ ਅਤੇ ਫੇਸਬੁੱਕ ਦਾ ਆਈਕਨ ਬਣੇ ਹੋਏ ਹਨ। ਯੂਟਿਊਬ ਚੈਨਲ ਦਾ ਨਾਮ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਆਫੀਸ਼ੀਅਲ ਹੈ ਜਦਕਿ ਫੇਸਬੁੱਕ ਦਾ ਲਿੰਕ ਰੱਖਿਆ ਗਿਆ ਹੈ। ਬਦਲਦੇ ਸਮੇਂ ਅਨੁਸਾਰ ਸੂਚਨਾ ਪ੍ਰਸਾਰ ਦਾ ਨਵਾਂ ਰੂਪ ਹੈ ਸ਼ੋਸ਼ਲ ਮੀਡੀਆ।
ਸੰਪਰਕ: 98142-10269