ਅਜੋਕੇ ਮਨੁੱਖ ਅੰਦਰੋਂ ਤਣਾਅ ਘਟਾਉਣ ਲਈ ਲੋੜੀਂਦਾ ਹੈ ਪਰਿਵਾਰ

TeamGlobalPunjab
3 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਅਜੋਕੇ ਸਮੇਂ ਵਿੱਚ ਮਨੁੱਖ ਤੇ ਖ਼ਾਸ ਕਰਕੇ ਨੋਕਰੀ ਪੇਸ਼ਾ ਮਨੁੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਰਹਿੰਦਿਆਂ ਹੋਇਆਂ ਇਕਲਾਪੇ ਦਾ ਸ਼ਿਕਾਰ ਹੋ ਕੇ ਭਾਰੀ ਮਾਨਸਿਕ ਪ੍ਰੇਸ਼ਾਨੀ ਜਾਂ ਤਣਾਅ ਹੰਢਾਅ ਰਿਹਾ ਹੈ। ਪਰਿਵਾਰਕ ਝਗੜਿਆਂ ਨੂੰ ਸੁਲਝਾਉਣ ਲਈ ਘਰ ਵਿੱਚ ਕੋਈ ਸਿਆਣੇ ਜਾਂ ਬਜ਼ੁਰਗ ਵਿਅਕਤੀ ਦੀ ਅਣਹੋਂਦ ਵੀ ਇਸ ਤਣਾਅ ਨੂੰ ਹੋਰ ਵਧਾ ਰਹੀ ਹੈ।

ਦਾਦਾ-ਦਾਦੀ ਦੀ ਗ਼ੈਰਹਾਜ਼ਰੀ ਵਾਲੇ ਪਰਿਵਾਰਾਂ ਵਿੱਚ ਸਿਰ ‘ਤੇ ਕੁੰਡਾ ਨਾ ਹੋਣ ਕਰਕੇ ਨਿੱਕੇ ਬੱਚਿਆਂ ਵਿੱਚ ਨਿਰਾਸ਼ਤਾ ਤੇ ਅਨੈਤਿਕਤਾ ਵਿੱਚ ਵਾਧਾ,ਪਤੀ-ਪਤਨੀ ਦਰਮਿਆਨ ਝਗੜਿਆਂ,ਖ਼ੁਦਕੁਸ਼ੀਆਂ ਅਤੇ ਜੁਰਮਾਂ ਦੀ ਦਰ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਅਜੋਕੇ ਸਮੇਂ ਦੀਆਂ ਮੁਟਿਆਰਾਂ ਵਿਆਹ ਤੋਂ ਬਾਅਦ ਆਪਣੇ ਸੱਸ ਸਹੁਰੇ ਨੂੰ ਨਾਲ ਰੱਖਣ ਦੀ ਥਾਂ ਪਤੀ ਨਾਲ ਇਕੱਲੀਆਂ ਰਹਿਣ ਦੇ ਸੁਫ਼ਨੇ ਵੇਖ਼ਦੀਆਂ ਹਨ ਪਰ ਇਹ ਨਹੀਂ ਜਾਣਦੀਆਂ ਕਿ ਘਰ ਦੇ ਬਜੁਰਗ ਤਾਂ ਅਸਲ ਵਿੱਚ ਘਰ ਦੇ ਜੰਦਰੇ ਹੁੰਦੇ ਹਨ ਤੇ ਬਿਨਾ ਜੰਦਰਿਆਂ ਵਾਲੇ ਘਰਾਂ ਦਾ ਸੁੱਖ ਤੇ ਚੈਨ ਕਦੇ ਵੀ ਚੋਰੀ ਹੋ ਸਕਦਾ ਹੈ।

ਅੱਜ ਦੁਨੀਆਂ ਭਰ ਵਿੱਚ ਵਿਸ਼ਵ ਪਰਿਵਾਰ ਦਿਵਸ ਮਨਾਇਆ ਜਾ ਰਿਹਾ ਹੈ ਤੇ ਪਰਿਵਾਰ ਨੂੰ ਸਾਲ ਦਾ ਇੱਕ ਦਿਨ ਸਮਰਪਿਤ ਕਰਨ ਦਾ ਵਿਚਾਰ ਸੰਯੁਕਤ ਰਾਸ਼ਟਰ ਸੰਘ ਦੀ ਆਮ ਸਭਾ ਦੇ ਸੰਨ 1993 ਵਿੱਚ ਹੋਏ ਇਜਲਾਸ ਵਿੱਚ ਰੱਖਿਆ ਗਿਆ ਸੀ ਤੇ ਉਦੋਂ ਤੋਂ ਹੀ ਇਹ ਦਿਵਸ ਮਨਾਉਣ ਦੀ ਪ੍ਰੰਪਰਾ ਚੱਲਦੀ ਆ ਰਹੀ ਹੈ।

- Advertisement -

ਇਹ ਦਿਵਸ ਦਰਸਾਉਂਦਾ ਹੈ ਕਿ ਕੌਮਾਂਤਰੀ ਸਮਾਜ ਵਿੱਚ ਪਰਿਵਾਰ ਦਾ ਕਿੰਨਾ ਮਹੱਤਵ ਹੈ। ਸੰਯੁਕਤ ਰਾਸ਼ਟਰ ਸੰਘ ਅਨੁਸਾਰ ਇਹ ਦਿਵਸ ਪਰਿਵਾਰ ਦੇ ਮਹੱਤਵ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਪਰਿਵਾਰ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ,ਆਰਥਿਕ ਅਤੇ ਭੂਗੋਲਿਕ ਤੱਤਾਂ ਪ੍ਰਤੀ ਚੇਤਨਤਾ ਪੈਦਾ ਕਰਨ ਦਾ ਦਿਵਸ ਹੈ।

ਅੱਜ ਦੇ ਦਿਨ ਸੰਯੁਕਤ ਰਾਸ਼ਟਰ ਦੇ ਨਿਊਯਾਰਕ ਸਥਿਤ ਹੈੱਡਕੁਆਰਟਰ ਵਿਖੇ ਅਤੇ ਵੱਖ ਵੱਖ ਮੁਲਕਾਂ ਵਿੱਚ ਪਰਿਵਾਰ ਦੇ ਮਹੱਤਵ ਨੂੰ ਸਮਰਪਿਤ ਸਮਾਗਮ ਕਰਵਾਏ ਜਾਂਦੇ ਹਨ। ਸੰਯੁਕਤ ਰਾਸਟਰ ਦਾ ਇਹ ਯਤਨ ਕਾਫੀ ਸਫ਼ਲ ਰਿਹਾ ਹੈ ਤੇ ਸ਼ਾਇਦ ਇਸੇ ਕਰਕੇ ਵੱਖ ਵੱਖ ਦੇਸ਼ਾਂ ਨੇ ਵੱਖਰੇ ਤੌਰ ‘ਤੇ ਵੀ ‘ਪਰਿਵਾਰ ਦਿਵਸ’ ਮਨਾਉਣ ਲਈ ਦਿਨ ਨਿਰਧਾਰਿਤ ਕਰ ਦਿੱਤੇ ਹਨ।

ਕੌਮਾਂਤਰੀ ਪਰਿਵਾਰ ਦਿਵਸ ਮੌਕੇ ਹਰ ਸਾਲ ਦਾ ਇੱਕ ਥੀਮ ਨਿਸ਼ਚਿਤ ਕੀਤਾ ਜਾਂਦਾ ਹੈ ਤੇ ਸਾਲ 2019 ਲਈ ਜੋ ਥੀਮ ਨਿਸ਼ਚਿਤ ਕੀਤਾ ਗਿਆ ਸੀ ਉਹ ਸੀ-‘ਪਰਿਵਾਰ ਅਤੇ ਵਾਤਾਵਰਣ ਸਬੰਧੀ ਕਾਰਵਾਈਆਂ’। ਇਸ ਦਿਵਸ ‘ਤੇ ਸੰਯੁਕਤ ਰਾਸ਼ਟਰ ਇਹ ਸਵੀਕਾਰ ਕਰਦਾ ਹੈ ਕਿ ਬੇਸ਼ੱਕ ਬੀਤੇ ਕਈ ਦਹਾਕਿਆਂ ਤੋਂ ਵਿਸ਼ਵ ਪੱਧਰ ‘ਤੇ ਪਰਿਵਾਰਾਂ ਦਾ ਸਰੂਪ ਤੇ ਕਾਰਜਸ਼ੈਲੀ ਬਦਲ ਚੁੱਕੇ ਹਨ ਤੇ ਵਿਸ਼ਵਵਿਆਪੀ ਪ੍ਰਵਿਰਤੀਆਂ ਅਤੇ ਭੂਗੌਲਿਕ ਪਰਿਵਰਤਨਾਂ ਦੇ ਬਾਵਜੂਦ ਅਜੇ ਵੀ ਪਰਿਵਾਰ ਸਮਾਜ ਦੀ ਮੂਲ ਇਕਾਈ ਹੈ ਤੇ ਕੇਂਦਰ ਬਿੰਦੂ ਹੈ।

ਸੋ ਅੱਜ ਬੜੀ ਭਾਰੀ ਲੋੜ ਹੈ ਕਿ ਪਰਿਵਾਰ ਦੇ ਅਤੇ ਪਰਿਵਾਰ ਵਿੱਚ ਕਿਸੇ ਵੱਡ-ਵਡੇਰੇ ਦੇ ਮੌਜੂਦ ਹੋਣ ਦੇ ਮਹੱਤਵ ਨੂੰ ਸਮਝਿਆ ਜਾਵੇ ਤਾਂ ਜੋ ਪਰਿਵਾਰ ਦੇ ਬੱਚਿਆਂ ਤੇ ਜਵਾਨਾਂ ਵਿੱਚ ਕੁਝ ਚੰਗੀਆਂ ਕਦਰਾਂ-ਕੀਮਤਾਂ ਦਾ ਪ੍ਰਸਾਰ ਹੋ ਸਕੇ। ਜੇਕਰ ਪਰਿਵਾਰ ਚੰਗੇ ਅਤੇ ਉੱਚ-ਨੈਤਿਕ ਕਦਰਾਂ ਕੀਮਤਾਂ ਵਾਲੇ ਬਣ ਜਾਣਗੇ ਤਾਂ ਕੋਈ ਸ਼ੱਕ ਨਹੀਂ ਕਿ ਸਾਡਾ ਸਮਾਜ ਤੇ ਦੇਸ਼ ਵੀ ਚੰਗੀਆਂ ਨੈਤਿਕ ਕਦਰਾਂ ਕੀਮਤਾਂ ਅਤੇ ਘੱਟ ਤਣਾਅਗ੍ਰਸ਼ਤ ਜੀਵਨ ਵਾਲਾ ਦੇਸ਼ ਬਣ ਜਾਵੇਗਾ।

ਸੰਪਰਕ: 97816-46008

- Advertisement -
Share this Article
Leave a comment