ਪਾਕਿਸਤਾਨ ‘ਚ ਗ੍ਰੰਥੀ ਸਿੰਘ ਦੀ ਲੜਕੀ ਦੀ ਘਰ ਵਾਪਸੀ ਦਾ ਆਹ ਹੈ ਅਸਲ ਸੱਚ! ਕੌਣ ਕਹਿੰਦੈ ਜਗਜੀਤ ਕੌਰ ਦੇ ਪਰਿਵਾਰ ਨੂੰ ਮਿਲ ਗਿਐ ਇਨਸਾਫ, ਆਹ ਪੜ੍ਹੋ ਤੇ ਆਪ ਕਰੋ ਫੈਸਲਾ!

TeamGlobalPunjab
7 Min Read

ਕੁਲਵੰਤ ਸਿੰਘ

ਇਸਲਾਮਾਬਾਦ : ਗੁਆਂਢੀ ਮੁਲਕ ਪਾਕਿਸਤਾਨ ਅੰਦਰ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਸਿੰਘ ਭਗਵਾਨ ਸਿੰਘ ਦੀ ਜਿਸ ਲੜਕੀ ਜਗਜੀਤ ਕੌਰ ਨੂੰ ਜ਼ਬਰਦਸਤੀ ਅਗਵਾਹ ਕਰਕੇ ਧਰਮ ਪਰਿਵਰਤਨ ਕਰਵਾਉਣ ਤੋਂ ਬਾਅਦ ਉਸ ਨਾਲ ਉੱਥੋਂ ਦੇ ਇੱਕ ਲੜਕੇ ਨੇ ਨਿਕਾਹ ਕਰਵਾ ਲਿਆ ਸੀ ਸਿੱਖਾਂ ਦੇ ਭਾਰੀ ਰੋਸ ਪ੍ਰਦਰਸ਼ਨ ਤੇਂ ਬਾਅਦ ਆਖਰਕਾਰ ਪਾਕਿਸਤਾਨ ਸਰਕਾਰ ਹਰਕਤ ਵਿੱਚ ਆਈ ਤੇ ਲਹਿੰਦੇ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਨੇ ਲਾਹੌਰ ਅੰਦਰ ਗ੍ਰੰਥੀ ਸਿੰਘ ਦੇ ਪਰਿਵਾਰ ਨੂੰ ਬੁਲਾ ਕੇ ਨਾ ਸਿਰਫ ਜਗਜੀਤ ਕੌਰ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਬਲਕਿ ਜਿਸ ਲੜਕੇ ਵੱਲੋਂ ਜਗਜੀਤ ਕੌਰ ਨੂੰ ਅਗਵਾਹ ਕੀਤਾ ਗਿਆ ਸੀ ਉਸ ਕੋਲੋਂ ਵੀ ਲਿਖਤੀ ਗਾਰੰਟੀ ਲਈ ਕਿ ਉਸ ਦਾ ਹੁਣ ਜਗਜੀਤ ਕੌਰ ਨਾਲ ਭਵਿੱਖ ਵਿੱਚ ਕੋਈ ਵਾਹ ਵਾਸਤਾ ਨਹੀਂ ਹੋਵੇਗਾ ਤੇ ਜਗਜੀਤ ਕੌਰ ਆਪਣੇ ਮਾਂ-ਬਾਪ ਕੋਲ ਰਹੇਗੀ। ਪਹਿਲੀ ਨਜ਼ਰੇ ਤਾਂ ਇਸ ਘਟਨਾ ਨੂੰ ਵੇਖਣ, ਸੁਣਨ ਤੇ ਪੜ੍ਹਨ ਵਾਲੇ ਲੋਕਾਂ ਨੂੰ ਇੰਝ ਜਾਪੇਗਾ ਕਿ ਚਲੋ ਸਿੱਖਾਂ ਦਾ ਸੰਘਰਸ਼ ਰੰਗ ਲਿਆਇਆ ਤੇ ਪਾਕਿਸਤਾਨ ਸਰਕਾਰ ਨੂੰ ਝੁਕਣਾ ਪਿਆ ਪਰ ਅਜਿਹੇ ਮਾਮਲਿਆਂ ਦੀ ਡੂੰਘੀ ਪੜਚੋਲ ਕਰਨ ਵਾਲੇ ਲੋਕ ਦਸਦੇ ਹਨ ਕਿ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਿਆ ਮਸਲਾ ਸਿਰਫ ਕਰਤਾਰਪੁਰ ਸਾਹਿਬ ਲਾਂਘੇ ਤੋਂ ਪਾਕਿਸਤਾਨ ਸਰਕਾਰ ਨੂੰ ਮਿਲ ਰਹੀ ਵਾਹ ਵਾਈ ਨੂੰ ਲੱਗੀ ਢਾਹ ਕਾਰਨ ਹੱਲ ਹੋਇਆ ਦਿਖਾਇਆ ਜਾ ਰਿਹਾ ਹੈ, ਜਦਕਿ ਇਸ ਤੋਂ ਪਹਿਲਾਂ ਕੁਝ ਦਿਨਾਂ ਅੰਦਰ ਹੀ ਘੱਟ ਗਿਣਤੀਆਂ ਦੀਆਂ 31 ਲੜਕੀਆਂ ਇਸੇ ਤਰ੍ਹਾਂ ਅਗਵਾਹ ਕਰਕੇ ਧਰਮ ਪਰਿਵਰਤਨ ਕਰਵਾਉਣ ਤੋਂ ਬਾਅਦ ਉਨ੍ਹਾਂ ਨਾਲ ਨਿਕਾਹ ਕਰਵਾ ਲਿਆ ਗਿਆ ਸੀ ਪਰ ਅੱਜ ਤੱਕ ਨਾ ਤਾਂ ਉਨ੍ਹਾਂ ਲਈ ਪਾਕਿਸਤਾਨ ਅੰਦਰ ਕਿਸੇ ਨੇ ਹਾਅ ਦਾ ਨਾਅਰਾ ਮਾਰਿਆ ਤੇ ਨਾ ਹੀ ਭਾਰਤ ਵਾਲੇ ਪਾਸੇ ਹੀ ਕੋਈ ਕੁਸਕਿਆ ਸੀ।

ਤੇਜੀ ਨਾਲ ਬਦਲੇ ਇਸ ਘਟਨਾਕ੍ਰਮ ਤਹਿਤ ਬੀਤੀ ਰਾਤ ਲਹਿੰਦੇ ਪੰਜਾਬ ਦੇ ਰਾਜਪਾਲ ਨੇ ਲਾਹੌਰ ਅੰਦਰ ਲੜਕਾ ਅਤੇ ਲੜਕੀ ਦੋਵਾਂ ਦੇ ਪਰਿਵਾਰਾਂ ਨੂੰ ਆਪਣੇ ਕੋਲ ਸੱਦ ਕੇ ਇੱਕ ਮੀਟਿੰਗ ਕੀਤੀ ਤੇ ਮੀਟਿੰਗ ਵਿੱਚ ਆਪਸੀ ਸਹਿਮਤੀ ਬਣਨ ਤੋਂ ਬਾਅਦ ਹੀ ਲੜਕੀ ਦੀ ਘਰ ਵਾਪਸੀ ਸੰਭਵ ਹੋ ਸਕੀ। ਇਸ ਮੀਟਿੰਗ ਵਿੱਚ ਜਗਜੀਤ ਕੌਰ ਨਾਲ ਨਿਕਾਹ ਕਰਵਾਉਣ ਵਾਲੇ ਲੜਕੇ ਦੇ ਪਿਤਾ ਦਾ ਕਹਿਣਾ ਸੀ ਕਿ ਜੇਕਰ ਜਗਜੀਤ ਨੂੰ ਉਸ ਦੇ ਪਿਤਾ ਆਪਣੇ ਨਾਲ ਲਿਜਾਣਾ ਚਾਹੁੰਦੇ ਹਨ ਤਾਂ ਉਹ ਲਿਜਾ ਸਕਦੇ ਹਨ। ਜਦਕਿ ਦੂਜੇ ਪਾਸੇ ਗ੍ਰੰਥੀ ਭਗਵਾਨ ਸਿੰਘ ਦਾ ਕਹਿਣਾ ਸੀ ਕਿ ਜੇਕਰ ਜਗਜੀਤ ਉਨ੍ਹਾਂ ਨਾਲ ਨਹੀਂ ਜਾਣਾ ਚਾਹੁੰਦੀ ਤਾਂ ਇਹ ਉਸ ਦੀ ਮਰਜ਼ੀ ਹੈ ਤੇ ਉਹ ਜਿੱਥੇ ਰਹਿਣਾ ਚਾਹੁੰਦੀ ਹੈ ਉੱਥੇ ਰਹਿ ਸਕਦੀ ਹੈ। ਇਸ ਉਪਰੰਤ ਦੋਵਾਂ ਧਿਰਾਂ ਦਰਮਿਆਨ ਲਿਖਤੀ ਸਮਝੌਤਾ ਕਰਵਾਇਆ ਗਿਆ ਤੇ ਲੜਕੀ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।

ਇਸ ਉਪਰੰਤ ਪਾਕਿਸਤਾਨੀ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਨੇ ਇੱਕ ਟਵੀਟ ਅਤੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸੁਨੇਹਾ ਪਾ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਸਲੇ ਨੂੰ ਸ਼ਾਂਤੀਪੂਰਵਕ ਢੰਗ ਨਾਲ ਹੱਲ ਕਰ ਲਿਆ ਗਿਆ ਹੈ ਤੇ ਲੜਕੀ ਜਗਜੀਤ ਕੌਰ ਨੂੰ ਉਸ ਦੇ ਮਾਂ ਬਾਪ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹੈਰਾਨੀਜਨਕ ਢੰਗ ਨਾਲ ਇਸ ਮੌਕੇ ਸਰਵਰ ਨੇ ਜਦੋਂ ਜਗਜੀਤ ਕੌਰ ਨਾਲ ਨਿਕਾਹ ਕਰਵਾਉਣ ਵਾਲੇ ਲੜਕੇ ਦੇ ਪਰਿਵਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਲੜਕੇ ਦੇ ਪਰਿਵਾਰ ਨੇ ਇਸ ਮਸਲੇ ਨੂੰ ਸ਼ਾਂਤੀਪੂਰਵਕ ਹੱਲ ਕਰਨ ਚ ਮਦਦ ਕੀਤੀ ਹੈ ਤਾਂ ਤੁਰੰਤ ਉਨ੍ਹਾਂ ਲੋਕਾਂ ਦੇ ਭਰਵਿੱਟੇ ਉੱਤੇ ਚੜ ਗਏ ਜਿਹੜੇ ਅਜਿਹੇ ਮਸਲਿਆਂ ਦੀ ਡੂੰਘਾਈ ਨਾਲ ਪੜਚੋਲ ਕਰਦੇ ਹਨ ਤੇ ਉਨ੍ਹਾਂ ਨੇ ਸਵਾਲ ਕਰ ਦਿੱਤਾ ਕਿ ਜੇਕਰ ਲੜਕੀ ਨੂੰ ਅਗਵਾਹ ਕਰਕੇ ਧਰਮ ਪਰਿਵਰਤਨ ਕਰਵਾਉਣ ਤੋਂ ਬਾਅਦ ਉਸ ਨਾਲ ਲੜਕੇ ਵੱਲੋਂ ਜ਼ਬਰਦਸਤੀ ਨਿਕਾਹ ਕਰਵਾਇਆ ਗਿਆ ਸੀ ਤਾਂ ਲੜਕਾ ਅਤੇ ਉਨ੍ਹਾਂ ਦੇ ਸਾਥੀਆਂ ਤੇ ਕਨੂੰਨ ਅਨੁਸਾਰ ਪਰਚਾ ਦਰਜ ਹੋਣਾ ਚਾਹੀਦਾ ਸੀ ਤੇ ਜੇਕਰ ਇਹ ਵਿਆਹ ਲੜਕੀ ਨੇ ਆਪਣੀ ਮਰਜ਼ੀ ਨਾਲ ਕਰਵਾਇਆ ਸੀ ਤਾਂ ਫਿਰ ਕਿਹੜਾ ਕਨੂੰਨ ਇਹ ਇਜਾਜ਼ਤ ਦਿੰਦਾ ਹੈ ਕਿ ਲੜਕੀ ਨੂੰ ਉਸ ਦੇ ਪਤੀ ਤੋਂ ਖੋਹ ਲਿਆ ਜਾਵੇ। ਲਿਹਾਜਾ ਕੁਝ ਵੀ ਹੋਵੇ ਦੋਵਾਂ ਵਿੱਚੋਂ ਇੱਕ ਧਿਰ ਨਾਲ ਧੱਕਾ ਜਰੂਰ ਹੋਇਆ ਹੈ ਜਾਂ ਲੜਕੇ ਨਾਲ ਤੇ ਜਾਂ ਲੜਕੀ ਨਾਲ। ਧੱਕਾ ਕਿਸ ਨਾਲ ਹੋਇਆ ਹੈ ਇਹ ਤਾਂ ਆਉਣ ਵਾਲੇ ਸਮੇਂ ਦੌਰਾਨ ਹੀ ਪਤਾ ਲੱਗ ਸਕੇਗਾ, ਪਰ ਇੰਨਾ ਜਰੂਰ ਹੈ ਕਿ ਜੇਕਰ ਇਹ ਲੜਕੀ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਸਿੰਘ ਦੀ ਨਾ ਹੁੰਦੀ ਤਾਂ ਗੱਲ ਇੱਥੇ ਤੱਕ ਨਹੀਂ ਪਹੁੰਚਣੀ ਸੀ ਕਿਉਂਕਿ ਜੇਕਰ ਮਨਜਿੰਦਰ ਸਿੰਘ ਸਿਰਸਾ ਦੀ ਹੀ ਗੱਲ ਮੰਨ ਲਈ ਜਾਵੇ ਤਾਂ ਪਿਛਲੇ ਕੁਝ ਸਮੇਂ ਦੌਰਾਨ ਹੀ ਕੁੱਲ 31 ਲੜਕੀਆਂ ਇਸੇ ਤਰ੍ਹਾਂ ਅਗਵਾਹ ਹੋਈਆਂ ਤੇ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਉੱਥੋਂ ਦੇ ਮੁੰਡਿਆਂ ਨੇ ਨਿਕਾਹ ਕਰਵਾ ਲਿਆ, ਜਿਨ੍ਹਾਂ ਪਰਿਵਾਰਾਂ ਨੂੰ ਇਨਸਾਫ ਦਵਾਉਣ ਲਈ ਨਾ ਉੱਧਰ (ਪਾਕਿਸਤਾਨ) ਤੇ ਨਾ ਇੱਧਰ (ਭਾਰਤ) ਕਿਸੇ ਨੇ ਕੋਈ ਅਵਾਜ਼ ਚੁੱਕੀ ਹੈ।

ਕੁੱਲ ਮਿਲਾ ਕੇ ਮਸਲਾ ਇਸ ਲਈ ਜੋਰ  ਫੜ ਗਿਆ ਕਿਉਂਕਿ ਇੱਕ ਪਾਸੇ ਤਾਂ ਪਾਕਿਸਤਾਨ ਸਰਕਾਰ ਸਿੱਖਾਂ ਦੀ ਹਮਦਰਦ ਅਖਵਾਉਂਦੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਜਾ ਰਹੀ ਹੈ ਤੇ ਉੱਥੇ ਦੂਜੇ ਪਾਸੇ ਉੱਥੋਂ ਦੇ ਹੀ ਇੱਕ ਗੁਰਧਾਮ ਦੇ ਗ੍ਰੰਥੀ ਸਿੰਘ ਦੀ ਲੜਕੀ ਨਾਲ ਕੁਝ ਮੁਸਲਮਾਨਾਂ ਵੱਲੋਂ ਅਜਿਹੇ ਜੁਲਮ ਦੀਆਂ ਖ਼ਬਰਾਂ ਪ੍ਰਕਾਸ਼ ਵਿੱਚ ਆਉਣ ਨਾਲ ਪਾਕਿਸਤਾਨ ਸਰਕਾਰ ਦੀ ਉਸ ਦਿੱਖ ਨੂੰ ਢਾਹ ਲੱਗਦੀ ਸੀ ਜਿਹੜੀ ਅੰਤਰ ਰਾਸ਼ਟਰੀ ਪੱਧਰ ਤੇ ਇਹ ਪ੍ਰਸਿੱਧੀ ਹਾਸਲ ਕਰ ਰਹੀ ਹੈ ਕਿ ਭਾਰਤ ਸਰਕਾਰ ਆਪਣੇ ਹੀ ਦੇਸ਼ ਵਿੱਚ ਕਸ਼ਮੀਰ ਅੰਦਰ ਘੱਟ ਗਿਣਤੀਆਂ ਤੇ ਜ਼ੁਲਮ ਕਰ ਰਹੀ ਹੈ ਤੇ ਪਾਕਿਸਤਾਨ ਸਰਕਾਰ ਆਪਣੇ ਗੁਆਂਢੀ ਮੁਲਕ ਦੇ ਘੱਟ ਗਿਣਤੀਆਂ ਦੇ ਧਰਮ ਦਾ ਵੀ ਉੰਨਾਂ ਹੀ ਸਤਿਕਾਰ ਕਰਦੀ ਹੈ ਜਿੰਨਾਂ ਕਿ ਉਹ ਇਸਲਾਮ ਧਰਮ ਦਾ ਕਰਦੇ ਹਨ ਤੇ ਇਸ ਗੱਲ ਦੀ ਪੁਸ਼ਟੀ ਗੁਆਂਢੀ ਮੁਲਕ ਦੀ ਸੱਤਾਧਾਰੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਧਾਰਮਿਕ ਮਾਮਲਿਆਂ ਸਬੰਧੀ ਬਣੀ ਕਮੇਟੀ ਦੇ ਮੈਂਬਰ ਫਾਰੂਕ ਅਰਸ਼ਦ ਦੇ ਉਸ ਬਿਆਨ ਤੋਂ ਹੁੰਦੀ ਹੈ ਜਿਸ ਵਿੱਚ ਉਹ ਕਹਿੰਦੇ ਹਨ ਕਿ ਪਾਕਿਸਤਾਨ ਅੰਦਰ ਹਮੇਸ਼ਾ ਘੱਟ ਗਿਣਤੀਆਂ ਅਤੇ ਸਿੱਖਾਂ ਦੇ ਹੱਕ ਵਿੱਚ ਫੈਸਲੇ ਆਉਂਦੇ ਆਏ ਹਨ ਤੇ ਆਉਂਦੇ ਰਹਿਣਗੇ। ਅਰਸ਼ਦ ਇੱਥੇ ਦਾਅਵਾ ਕਰਦੇ ਹਨ ਕਿ ਕਰਤਾਰਪੁਰ ਸਾਹਿਬ ਲਾਂਘੇ ਤੇ ਕਦੇ ਕੋਈ ਅਸਰ ਨਹੀਂ ਪਵੇਗਾ ਨਾ ਹੁਣ ਤੇ ਨਾ ਉਦੋਂ ਜਦੋਂ ਰੱਬ ਨਾ ਕਰੇ ਭਵਿੱਖ ਵਿੱਚ ਜੇਕਰ ਦੋਵਾਂ ਦੇਸ਼ਾਂ ਵਿਚਕਾਰ ਜੰਗ ਵੀ ਲਗਦੀ ਹੈ।  

- Advertisement -

Share this Article
Leave a comment