ਪੰਜਾਬ ‘ਚ ਗੰਨ ਕਲਚਰ ‘ਤੇ ਸਰਕਾਰ ਦੀ ਵੱਡੀ ਕਾਰਵਾਈ, 9 ਦਿਨਾਂ ‘ਚ 900 ਲਾਇਸੈਂਸ ਕੀਤੇ ਰੱਦ, ਕਾਰਨ ਦੱਸੋ ਨੋਟਿਸ ਜਾਰੀ

Rajneet Kaur
3 Min Read

ਚੰਡੀਗੜ੍ਹ: ਪੰਜਾਬ ‘ਚ ਗਨ ਕਲਚਰ ਨੂੰ ਰੋਕਣ ਲਈ ਸਰਕਾਰ ਵਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ।  ਮਾਨ ਸਰਕਾਰ ਵੱਲੋਂ ਹਥਿਆਰਾਂ ਦੀ ਸਮੀਖਿਆ ਕੀਤੇ ਜਾਣ ਦੇ ਆਦੇਸ਼ਾਂ ਦੇ 9 ਦਿਨਾਂ ਬਾਅਦ ਸੂਬੇ ਵਿੱਚ ਹੁਣ ਤੱਕ 897 ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ, ਜਦਕਿ 324 ਦੇ ਕਰੀਬ ਲਾਇਸੈਂਸ ਸਸਪੈਂਡ ਕੀਤੇ ਗਏ ਹਨ । 300 ਤੋਂ ਵੱਧ ਲੋਕਾਂ ਦੇ ਅਸਲਾ ਲਾਇਸੈਂਸ ਮੁਅੱਤਲ ਕਰਦੇ ਹੋਏ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਸ ਤੋਂ ਪੁੱਛਿਆ ਗਿਆ ਹੈ ਕਿ ਹਥਿਆਰਾਂ ਦੀ ਲੋੜ ਕਿਉਂ ਹੈ।

ਚੈਕਿੰਗ ਦੌਰਾਨ  ਇਹ ਵੀ ਸਾਹਮਣੇ ਆਇਆ ਹੈ ਕਿ ਕਈ ਹਥਿਆਰਾਂ ਦੇ ਲਾਇਸੈਂਸਾਂ ਦੇ ਪਤੇ ਜਾਅਲੀ ਹਨ। ਪੁਰਾਣੇ ਨਿਯਮ ਅਨੁਸਾਰ ਕੁਝ ਲੋਕਾਂ ਕੋਲ ਇਕ ਲਾਇਸੈਂਸ ‘ਤੇ ਤਿੰਨ ਹਥਿਆਰ ਰੱਖਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਵਿੱਚ ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੇ ਨਿਯਮਾਂ ਵਿੱਚ ਹੋਏ ਸੋਧ ਤੋਂ ਬਾਅਦ ਆਪਣੇ ਹਥਿਆਰ ਸਰੈਂਡਰ ਨਹੀਂ ਕੀਤੇ ਸਨ । ਅਜਿਹੇ ਲੋਕਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ।

ਜਦੋਂ ਕਿ ਕੇਂਦਰ ਸਰਕਾਰ ਦੇ ਸੋਧੇ ਹੋਏ ਨਿਯਮ ਅਨੁਸਾਰ ਹੁਣ ਕੋਈ ਵਿਅਕਤੀ ਇੱਕ ਲਾਇਸੈਂਸ ‘ਤੇ ਸਿਰਫ਼ ਇੱਕ ਹੀ ਹਥਿਆਰ ਰੱਖ ਸਕਦਾ ਹੈ। ਨਿਯਮਾਂ ‘ਚ ਬਦਲਾਅ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਆਪਣੇ ਹਥਿਆਰ ਜਮਾਂ ਕਰਵਾਉਣੇ ਸਨ। ਜਾਂਚ ਤੋਂ ਬਾਅਦ ਜਲੰਧਰ ਵਿੱਚ ਸਭ ਤੋਂ ਵੱਧ 391 ਲਾਇਸੈਂਸ ਰੱਦ ਕੀਤੇ ਗਏ ਹਨ। ਦੂਜੇ ਪਾਸੇ ਰੋਪੜ ਵਿੱਚ 146, ਨਵਾਂਸ਼ਹਿਰ ਵਿੱਚ 266, ਮੁਹਾਲੀ ਵਿੱਚ 32, ਤਰਨਤਾਰਨ ਵਿੱਚ 19, ਕਪੂਰਥਲਾ ਵਿੱਚ 17, ਫਿਰੋਜ਼ਪੁਰ ਵਿੱਚ 25, ਪਠਾਨਕੋਟ ਵਿੱਚ 01 ਲਾਇਸੈਂਸ ਰੱਦ ਕੀਤੇ ਗਏ ਹਨ।ਇਸ ਤੋਂ ਇਲਾਵਾ ਪਟਿਆਲਾ ਵਿੱਚ 274 ਅਤੇ ਨਵਾਂਸ਼ਹਿਰ ਵਿੱਚ 50 ਲਾਇਸੈਂਸ ਮੁਅੱਤਲ ਕੀਤੇ ਗਏ ਹਨ। ਦੱਸ ਦਈਏ ਕਿ ਪੰਜਾਬ ਵਿੱਚ ਹਰ ਭਾਈਚਾਰੇ ਦੇ ਲੋਕਾਂ ਕੋਲ 4 ਲੱਖ ਦੇ ਕਰੀਬ ਲਾਇਸੈਂਸੀ ਹਥਿਆਰ ਹਨ, ਜੋ ਕਿ ਸੂਬਾ ਪੁਲਿਸ ਦੇ ਅਸਲਾ ਭੰਡਾਰ ਤੋਂ 3 ਗੁਣਾ ਵੱਧ ਹਨ। ਇਕ ਰਿਪੋਰਟ ਮੁਤਾਬਕ ਪੰਜਾਬ ਪੁਲਿਸ ਕੋਲ 1.25 ਲੱਖ ਤੋਂ ਕੁਝ ਜ਼ਿਆਦਾ ਹਥਿਆਰ ਹਨ।

ਸਮੀਖਿਆ ਮੁਹਿੰਮ ਦੀ ਅਗਵਾਈ ਸਾਰੇ ਰੇਂਜ ਦੇ ਆਈ. ਜੀ. ਅਤੇ ਜ਼ਿਲ੍ਹਿਆਂ ਦੇ ਐੱਸ. ਐੱਸ. ਪੀ. ਖ਼ੁਦ ਸੰਭਾਲ ਰਹੇ ਹਨ । ਇਸ ਦੇ ਨਾਲ ਹੀ ਇਸ ਸਬੰਧੀ ਰੋਜ਼ਾਨਾ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ । ਲੋਕਾਂ ਨੂੰ ਵੀ ਜਾਂਚ ਵਿੱਚ ਸਹਿਯੋਗ ਦੀ ਅਪੀਲ ਕੀਤੀ ਗਈ ਹੈ ।  DGP ਗੌਰਵ ਯਾਦਵ ਦਾ ਕਹਿਣਾ ਹੈ ਕਿ ਸਰਕਾਰ ਗੰਨ ਕਲਚਰ ‘ਤੇ ਲਗਾਮ ਲਗਾਉਣ ਲਈ ਸਖ਼ਤ ਹੈ । ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ‘ਤੇ ਕਿਸੇ ਨੂੰ ਵੀ ਨਿਯਮ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment