ਪੰਜਾਬ ਦੀ ਜਨਤਾ ਤੇ ਪਾਏ ਗਏ ਵਾਧੂ ਵਿੱਤੀ ਬੋਝ ਨੂੰ ਤੁਰੰਤ ਵਾਪਿਸ ਲਏ ਸਰਕਾਰ – ਛੋਟੇਪੁਰ

Global Team
2 Min Read

ਚੰਡੀਗੜ੍ਹ: ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਜਨਤਾ ਦੇ ਸਿਰ ਪਾਏ ਵਾਧੂ ਵਿੱਤੀ ਬੋਝ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋ ਤੀਜੇ ਦਿਨ ਵੀ ਡਿਪਟੀ ਕਮਿਸ਼ਨਰਾਂ ਜ਼ਰੀਏ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤੇ ਗਏ।

ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਬਠਿੰਡਾ, ਮੋਗਾ, ਬਰਨਾਲਾ, ਰੋਪੜ ਅਤੇ ਗੁਰਦਾਸਪੁਰ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਰਾਜਪਾਲ ਪੰਜਾਬ ਦੇ ਨਾਮ ਹੇਠ ਮੈਮੋਰੰਡਮ ਸੌਂਪਿਆ ਗਿਆ। ਇਸ ਵਕਤ ਪ੍ਰਜੀਡੀਅਮ ਦੇ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਪੰਜਾਬ ਸਰਕਾਰ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ, ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮਹਿਗਾਈ ਦੇ ਮੁੱਦੇ ਤੇ ਲੋਕਾਂ ਵਿੱਚ ਪ੍ਰਚਾਰ ਕਰਦੀ ਹੋਈ ਨਜਰ ਆਉਂਦੀ ਸੀ ਪਰ ਜਦੋਂ ਹੁਣ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਜਿਮੇਵਾਰੀ ਸੀ ਤਾਂ ਭਗਵੰਤ ਮਾਨ ਸਰਕਾਰ ਨੇ ਪੂਰੀ ਤਰ੍ਹਾਂ ਪੱਲਾ ਝਾੜ ਲਿਆ।

ਇਸ ਮੌਕੇ ਓਹਨਾ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਸੂਬੇ ਦੀ ਜਨਤਾ ਨਾਲ ਭਗਵੰਤ ਮਾਨ ਸਰਕਾਰ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਪਹਿਲਾਂ ਰਜਿਸਟਰੀ ਰੇਟਾਂ ਵਿੱਚ ਵਾਧਾ ਕੀਤਾ ਤੇ ਪੈਟਰੋਲ ਡੀਜਲ ਤੇ ਵਧਾਏ ਗਏ ਵੈਟ ਨੇ ਸੂਬੇ ਦੀ ਜਨਤਾ ਦੀ ਵਿੱਤੀ ਹਾਲਤ ਨੂੰ ਹੋਰ ਪਤਲਾ ਕੀਤਾ ਹੈ।

ਇਸ ਦੇ ਨਾਲ ਹੀ ਸਰਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪਿਛਲੇ ਦਿਨੀਂ ਬਿਜਲੀ ਯੂਨਿਟ ਦੇ ਰੇਟ ਵਿੱਚ ਅਚਾਨਕ ਵਾਧੇ ਨੇ ਸੂਬੇ ਦੀ ਜਨਤਾ ਦੀ ਜੇਬ ਤੇ ਵੱਡਾ ਡਾਕਾ ਮਾਰਿਆ ਹੈ। ਇਸ ਦੇ ਨਾਲ ਹੀ ਬੱਸ ਕਿਰਾਏ ਵਿਚ ਵਾਧੇ ਨੇ ਵੀ ਸਰਕਾਰ ਦੀ ਆਮ ਜਨਤਾ ਪ੍ਰਤੀ ਜ਼ਿੰਮੇਵਾਰੀ ਤੋਂ ਭਗੌੜੇ ਹੋਣ ਦਾ ਸਬੂਤ ਪੇਸ਼ ਕੀਤਾ ਹੈ।

ਪਿਛਲੇ ਕੁਝ ਮਹੀਨਿਆਂ ਵਿੱਚ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਦੀ ਗਲਤ ਵਰਤੋ ਕੀਤੇ ਜਾਣ ਤੇ ਸਰਦਾਰ ਛੋਟੇਪੁਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦਾ ਜਵਾਬ ਲੋਕਾਂ ਦੀ ਕਚਹਿਰੀ ਵਿੱਚ ਦੇਣਾ ਪਵੇਗਾ। ਇਸ ਦੇ ਨਾਲ ਓਹਨਾ ਨੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਮੁੜ ਚੁੱਕਦਿਆਂ ਕਿਹਾ ਕਿ ਕੇਂਦਰ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਨਾਲ ਕੀਤਾ ਗਿਆ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਅੱਜ ਸਾਰੇ ਜ਼ਿਲ੍ਹਿਆਂ ਵਿੱਚ ਸੁਧਾਰ ਲਹਿਰ ਵਰਕਰਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

Share This Article
Leave a Comment