ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੰਗਲਵਾਰ ਨੂੰ ਰਾਜ ਸਰਕਾਰ ਦੇ ਕਰਮਚਾਰੀਆਂ ਦੀ ਲੰਚ ਬਰੇਕ ਅੱਧੇ ਘੰਟੇ ਤੱਕ ਘਟਾ ਦਿੱਤੀ। ਲਗਾਤਾਰ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਯੋਗੀ ਆਦਿਤਿਆਨਾਥ ਇਕ ਤੋਂ ਬਾਅਦ ਇਕ ਸਖ਼ਤ ਫੈਸਲੇ ਲੈ ਰਹੇ ਹਨ।
ਆਪਣੇ ਨਿਵਾਸ ਸਥਾਨ ‘ਤੇ ਟੀਮ 9 ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲੰਚ ਬਰੇਕ ਲੈਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਜਿਸ ਕਾਰਨ ਦਫ਼ਤਰਾਂ ਵਿੱਚ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਦੁਪਹਿਰ ਦੇ ਖਾਣੇ ਦੀ ਬਰੇਕ 30 ਮਿੰਟ ਤੋਂ ਵੱਧ ਨਾ ਹੋਵੇ। ਸਰਕਾਰੀ ਕਰਮਚਾਰੀਆਂ ਦਾ ਦੁਪਹਿਰ 1.30 ਵਜੇ ਲੰਚ ਬਰੇਕ ਲੈਣਾ ਅਤੇ 3.30 ਜਾਂ 4 ਵਜੇ ਦੇ ਕਰੀਬ ਕੰਮ ‘ਤੇ ਪਰਤਣਾ ਆਮ ਹੋ ਗਿਆ ਹੈ। ਦੁਪਹਿਰ ਦੇ ਖਾਣੇ ਲਈ ਘਰ ਜਾਣ ਵਾਲੇ ਸੀਨੀਅਰ ਅਧਿਕਾਰੀ ਵੀ ਤਿੰਨ ਘੰਟੇ ਦਾ ਬ੍ਰੇਕ ਲੈਂਦੇ ਹਨ।
ਯੋਗੀ ਆਦਿਤਿਆਨਾਥ ਵੱਲੋਂ ਮੁੱਖ ਮੰਤਰੀ ਵਜੋਂ ਆਪਣੀ ਪਹਿਲੀ ਜ਼ਿੰਮੇਵਾਰੀ ਵਿੱਚ ਹੀ ਮਾਫੀਆ ਖ਼ਿਲਾਫ਼ ਕੀਤੀ ਗਈ ਸਖ਼ਤ ਕਾਰਵਾਈ ਇੱਕ ਮਿਸਾਲ ਬਣ ਗਈ ਸੀ ਅਤੇ ਇਹੀ ਕਾਰਨ ਸੀ ਕਿ ਇਸ ਵਾਰ ਦੀਆਂ ਯੂਪੀ ਚੋਣਾਂ ਵਿੱਚ ਬੁਲਡੋਜ਼ਰ ਇੱਕ ਵੱਡਾ ਮੁੱਦਾ ਬਣ ਗਿਆ ਸੀ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ‘ਚ ਭ੍ਰਿਸ਼ਟ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਰਕਾਰ ਜ਼ੀਰੋ ਟੋਲਰੈਂਸ ਨੀਤੀ ਤਹਿਤ ਭ੍ਰਿਸ਼ਟਾਚਾਰ ਵਿਰੁੱਧ ਕੰਮ ਕਰ ਰਹੀ ਹੈ।